ਕੋਰੋਨਾ ਟੀਕਾਕਰਨ: ਏਮਜ਼ ’ਚ ਸਭ ਤੋਂ ਪਹਿਲਾ ਇਸ ਸ਼ਖਸ ਨੂੰ ਲੱਗਾ ‘ਟੀਕਾ’

Saturday, Jan 16, 2021 - 12:57 PM (IST)

ਨਵੀਂ ਦਿੱਲੀ— ਭਾਰਤ ’ਚ ਕੋਰੋਨਾ ਵੈਕਸੀਨ ਦੇ ਟੀਕਾਕਰਨ ਦੀ ਸ਼ੁਰੂਆਤ ਹੋ ਗਈ ਹੈ। ਦੁਨੀਆ ਦਾ ਸਭ ਤੋਂ ਵੱਡਾ ਵੈਕਸੀਨੇਸ਼ਨ ਪ੍ਰੋਗਰਾਮ ਦੇਸ਼ ’ਚ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ। ਦਿੱਲੀ ਦੇ ਏਮਜ਼ ’ਚ ਇਕ ਸਫਾਈ ਕਾਮੇ ਨੂੰ ਸਭ ਤੋਂ ਪਹਿਲਾ ਕੋਰੋਨਾ ਦਾ ਟੀਕਾ ਲਾਇਆ ਗਿਆ ਹੈ। ਇਸ ਸਫਾਈ ਕਾਮੇ ਦਾ ਨਾਂ ਮਨੀਸ਼ ਕੁਮਾਰ ਹੈ। ਇਸ ਦੇ ਨਾਲ ਹੀ ਉਹ ਦਿੱਲੀ ਦੇ ਏਮਜ਼ ’ਚ ਕੋਰੋਨਾ ਟੀਕਾ ਲਗਵਾਉਣ ਵਾਲੇ ਪਹਿਲੇ ਸ਼ਖਸ ਬਣ ਗਏ ਹਨ। 

 

ਇਸ ਮੌਕੇ ’ਤੇ ਉੱਥੇ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਅਤੇ ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਵੀ ਮੌਜੂਦ ਸਨ। ਦੂਜੇ ਨੰਬਰ ’ਤੇ ਡਾ. ਗੁਲੇਰੀਆ ਨੇ ਟੀਕਾ ਲਗਵਾਇਆ। ਕੋਰੋਨਾ ਟੀਕਾਕਰਨ ਦੌਰਾਨ ਡਾ. ਹਰਸ਼ਵਰਧਨ ਨੇ ਕਿਹਾ ਕਿ ਇਹ ਵੈਕਸੀਨ ਨਹੀਂ ਸਗੋਂ ਦੇਸ਼ ਲਈ ਸੰਜੀਵਨੀ ਹੈ। ਲੋਕਾਂ ਨੂੰ ਅਫ਼ਵਾਹਾਂ ਤੋਂ ਬੱਚਣਾ ਹੋਵੇਗਾ। ਇਸ ਤੋਂ ਇਲਾਵਾ ਨੀਤੀ ਕਮਿਸ਼ਨ ਦੇ ਮੈਂਬਰ ਡਾ. ਵੀ. ਕੇ. ਪਾਲ ਨੂੰ ਵੀ ਕੋਰੋਨਾ ਟੀਕਾ ਲਾਇਆ ਗਿਆ ਹੈ। ਸਰਕਾਰ ਮੁਤਾਬਕ ਸਭ ਤੋਂ ਪਹਿਲਾਂ ਇਕ ਕਰੋੜ ਸਿਹਤ ਕਾਮਿਆਂ, ਫਰੰਟ ਲਾਈਨ ’ਤੇ ਕੰਮ ਕਰਨ ਵਾਲੇ ਕਰੀਬ 2 ਕਰੋੜ ਕਾਮਿਆਂ ਅਤੇ ਫਿਰ 50 ਸਾਲ ਤੋਂ ਵਧੇਰੀ ਉਮਰ ਦੇ ਲੋਕਾਂ ਨੂੰ ਟੀਕੇ ਦੀ ਖ਼ੁਰਾਕ ਦਿੱਤੀ ਜਾਵੇਗੀ। ਸਿਹਤ ਕਾਮਿਆਂ ਅਤੇ ਫਰੰਟ ਲਾਈਨ ’ਤੇ ਤਾਇਨਾਤ ਵਰਕਰਾਂ ਲਈ ਟੀਕਾਕਰਨ ਦਾ ਖ਼ਰਚ ਸਰਕਾਰ ਕਰੇਗੀ।

ਦੱਸਣਯੋਗ ਹੈ ਕਿ ਪਹਿਲੇ ਪੜਾਅ ਲਈ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਕੁੱਲ 3006 ਟੀਕਾਕਰਨ ਕੇਂਦਰ ਬਣਾਏ ਗਏ ਹਨ। ਪਹਿਲੇ ਦਿਨ 3 ਲੱਖ ਤੋਂ ਵਧੇਰੇ ਸਿਹਤ ਕਾਮਿਆਂ ਨੂੰ ਕੋਵਿਡ-19 ਟੀਕੇ ਦੀ ਖ਼ੁਰਾਰ ਦਿੱਤੀ ਜਾਵੇਗੀ। ਕੋਰੋਨਾ ਲਾਗ, ਵੈਕਸੀਨ ਰੋਲਆਊਟ ਅਤੇ ਕੋ-ਵਿਨ ਸਾਫ਼ਟਵੇਅਰ ਨਾਲ ਸਬੰਧਤ ਜਾਣਕਾਰੀ ਪ੍ਰਦਾਨ ਕਰਨ ਲਈ ਹਫ਼ਤੇ ਦੇ 24 ਘੰਟੇ ਸਮਰਪਿਤ ਕਾਲ ਸੈਂਟਰ 1075 ਵੀ ਸਥਾਪਤ ਕੀਤਾ ਗਿਆ ਹੈ। 


Tanu

Content Editor

Related News