ਮੁੰਡੇ-ਕੁੜੀ ਦੇ ਵਿਆਹ ਦੀ ਬਰਾਬਰ ਉਮਰ ਸਬੰਧੀ ਪਿਆ ਭੰਬਲਭੂਸਾ, ਕੋਰਟ ਵੀ ਪਰੇਸ਼ਾਨ

10/30/2019 5:22:58 PM

ਨਵੀਂ ਦਿੱਲੀ (ਭਾਸ਼ਾ)— ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਦਿੱਲੀ ਹਾਈ ਕੋਰਟ ਨੂੰ ਕਿਹਾ ਕਿ ਮੁੰਡੇ ਅਤੇ ਕੁੜੀ ਦੇ ਵਿਆਹ ਲਈ ਇਕ ਬਰਾਬਰ ਉਮਰ ਹੱਦ ਤੈਅ ਕਰਨ ਦੇ ਮੁੱਦੇ 'ਤੇ ਕਾਨੂੰਨ ਮੰਤਰਾਲੇ ਦੀ ਵੀ ਰਾਏ ਲਈ ਜਾਵੇ। ਮੰਤਰਾਲੇ ਨੇ ਮੁੰਡੇ ਅਤੇ ਕੁੜੀ ਦੇ ਵਿਆਹ ਲਈ ਬਰਾਬਰ ਉਮਰ ਹੱਦ ਤੈਅ ਕਰਨ ਦੀ ਮੰਗ ਕਰਨ ਵਾਲੀ ਇਕ ਜਨਹਿੱਤ ਪਟੀਸ਼ਨ 'ਤੇ ਕੋਰਟ 'ਚ ਇਹ ਦਲੀਲ ਦਿੱਤੀ। ਇੱਥੇ ਦੱਸਣਯੋਗ ਹੈ ਕਿ ਭਾਰਤ ਵਿਚ ਮੁੰਡੇ ਦੇ ਵਿਆਹ ਲਈ ਘੱਟੋ-ਘੱਟ ਉਮਰ ਹੱਦ 21 ਸਾਲ, ਜਦਕਿ ਕੁੜੀ ਦੇ ਵਿਆਹ ਲਈ ਉਮਰ 18 ਸਾਲ ਹੈ। 

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਮੁੱਖ ਜੱਜ ਡੀ. ਐੱਨ. ਪਟੇਲ ਅਤੇ ਜੱਜ ਸੀ. ਹਰਿ ਸ਼ੰਕਰ ਦੀ ਬੈਂਚ ਨੂੰ ਕਿਹਾ ਕਿ ਪਟੀਸ਼ਨ ਵੱਖ-ਵੱਖ ਕਾਨੂੰਨਾਂ ਨਾਲ ਸੰਬੰਧਤ ਹੈ, ਇਸ ਲਈ ਕਾਨੂੰਨ ਮੰਤਰਾਲੇ ਦੀ ਰਾਏ ਲੈਣਾ ਲਾਜ਼ਮੀ ਹੈ। ਮੰਤਰਾਲੇ ਵਲੋਂ ਕੇਂਦਰ ਸਰਕਾਰ ਦੀ ਵਕੀਲ ਮੋਨਿਕ ਅਰੋੜਾ ਨੇ ਕਾਨੂੰਨ ਮੰਤਰਾਲੇ ਦੀ ਰਾਏ ਲੈਣ ਲਈ ਕੋਰਟ ਤੋਂ ਸਮਾਂ ਮੰਗਿਆ। ਬੈਂਚ ਨੇ ਵਕੀਲ ਦੀਆਂ ਦਲੀਲਾਂ ਨੂੰ ਧਿਆਨ 'ਚ ਲੈਂਦੇ ਹੋਏ ਇਸ ਮੁੱਦੇ ਦੀ ਅਗਲੀ ਸੁਣਵਾਈ 19 ਫਰਵਰੀ ਲਈ ਸੂਚੀਬੱਧ ਕਰ ਦਿੱਤੀ। ਇਹ ਜਨਹਿੱਤ ਪਟੀਸ਼ਨ ਭਾਜਪਾ ਨੇਤਾ ਅਸ਼ਵਨੀ ਕੁਮਾਰ ਉਪਾਧਿਆਏ ਨੇ ਇਸੇ ਸਾਲ ਅਗਸਤ ਮਹੀਨੇ 'ਚ ਦਾਇਰ ਕੀਤੀ ਸੀ। ਪਟੀਸ਼ਨ ਜ਼ਰੀਏ ਵਿਆਹ ਦੀ ਉਮਰ ਹੱਦ ਦੇ ਮਾਮਲੇ 'ਚ ਕੁੜੀਆਂ ਨਾਲ ਹੋ ਰਹੇ ਭੇਦਭਾਵ ਨੂੰ ਚੁਣੌਤੀ ਦਿੱਤੀ ਗਈ ਹੈ।


Tanu

Content Editor

Related News