ਸਪਾ ਦੇ ਕਿਲੇ ’ਚ ਸੰਨ੍ਹ ਕਿਉਂ ਨਹੀਂ ਲੱਗ ਰਹੀ ?

Tuesday, Jul 07, 2026 - 11:14 AM (IST)

ਸਪਾ ਦੇ ਕਿਲੇ ’ਚ ਸੰਨ੍ਹ ਕਿਉਂ ਨਹੀਂ ਲੱਗ ਰਹੀ ?

ਪਿਛਲੇ ਕਈ ਮਹੀਨਿਆਂ ਤੋਂ ਉੱਤਰ ਪ੍ਰਦੇਸ਼ ’ਚ ਭਾਜਪਾ ਆਗੂ ਸਮਾਜਵਾਦੀ ਪਾਰਟੀ (ਸਪਾ) ’ਚ ਜਲਦੀ ਫੁੱਟ ਪੈਣ ਦੀ ਭਵਿੱਖਬਾਣੀ ਕਰ ਰਹੇ ਹਨ। ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦਾਅਵਾ ਕਰਦੇ ਹਨ ਕਿ ਸਪਾ ਦੇ 25-26 ਸੰਸਦ ਮੈਂਬਰ ਪਾਰਟੀ ਛੱਡਣ ਲਈ ਤਿਆਰ ਹਨ।

ਭਾਜਪਾ ਦੇ ਸਹਿਯੋਗੀ ਓਮ ਪ੍ਰਕਾਸ਼ ਰਾਜਭਰ ਨੇ ਅਖਿਲੇਸ਼ ਯਾਦਵ ਨੂੰ ‘ਆਪਣੇ ਸੰਸਦ ਮੈਂਬਰਾਂ ਨੂੰ ਬਚਾਉਣ’ ਦੀ ਚੁਣੌਤੀ ਦਿੱਤੀ ਹੈ। ਜਿਸ ਬਗਾਵਤ ਦੀ ਬਹੁਤ ਚਰਚਾ ਹੋ ਰਹੀ ਸੀ , ਉਹ ਅਜੇ ਤੱਕ ਸਾਕਾਰ ਨਹੀਂ ਹੋਈ ਹੈ। ਕਾਗਜ਼ਾਂ ’ਤੇ, ਸਪਾ ਕਮਜ਼ੋਰ ਜਾਪਦੀ ਹੈ। ਇਸ ਦੇ ਲੋਕ ਸਭਾ ’ਚ 37 ਮੈਂਬਰ ਹਨ ਜਦੋਂ ਕਿ ਰਾਜ ਸਭਾ ’ਚ ਸਿਰਫ 4 ਮੈਂਬਰ ਹਨ। ਇਸ ਦੇ ਬਹੁਤ ਸਾਰੇ ਸੰਸਦ ਮੈਂਬਰ ਗੰਭੀਰ ਅਪਰਾਧਿਕ ਮਾਮਲਿਆਂ ’ਚ ਸ਼ਾਮਲ ਹਨ। ਦੋ ਸਾਲ ਤੋਂ ਵੱਧ ਦੀ ਸਜ਼ਾ ਦੇ ਨਤੀਜੇ ਵਜੋਂ ਉਨ੍ਹਾਂ ਦੀ ਸੰਸਦ ਦੀ ਮੈਂਬਰੀ ਖਤਮ ਹੋ ਸਕਦੀ ਹੈ। ਕਈ ਹੋਰ ਪਾਰਟੀਆਂ ’ਚ ਅਜਿਹੇ ਦਬਾਅ ਕਾਰਨ ਪਹਿਲਾਂ ਹੀ ਦਲ-ਬਦਲੀ ਸ਼ੁਰੂ ਹੋ ਚੁਕੀ ਹੈ।

ਤਾਂ ਫਿਰ ਭਾਜਪਾ ਨੂੰ ਸਪਾ ’ਚ ਫੁੱਟ ਪਾਉਣ ’ਚ ਇੰਨੀ ਮੁਸ਼ਕਲ ਕਿਉਂ ਆ ਰਹੀ ਹੈ ? ਇਸ ਦਾ ਜਵਾਬ ਕਾਨੂੰਨੀ ਕਮਜ਼ੋਰੀ ਦੀ ਬਜਾਏ ਸਿਆਸੀ ਗਣਿਤ ’ਚ ਹੈ। ਬਹੁਤ ਸਾਰੀਆਂ ਖੇਤਰੀ ਪਾਰਟੀਆਂ ਨੂੰ ਝਟਕਾ ਲੱਗਾ ਹੈ ਪਰ ਸਪਾ ਉੱਤਰ ਪ੍ਰਦੇਸ਼ ’ਚ ਮੁੱਖ ਵਿਰੋਧੀ ਪਾਰਟੀ ਬਣੀ ਹੋਈ ਹੈ।

ਇਸ ਦੇ ਸੰਸਦ ਮੈਂਬਰ ਭਾਜਪਾ ਵਿਰੱਧ ਮਜ਼ਬੂਤ ​​ਵੋਟਾਂ ਕਾਰਨ ਚੁਣੇ ਗਏ ਸਨ। ਉਹ ਸਮਝਦੇ ਹਨ ਕਿ ਉਨ੍ਹਾਂ ਦਾ ਸਿਆਸੀ ਭਵਿੱਖ ਅਖਿਲੇਸ਼ ਯਾਦਵ ਦੀ ਕਿਸਮਤ ਨਾਲ ਜੁੜਿਆ ਹੋਇਆ ਹੈ। ਦਲ-ਬਦਲੀ ਆਰਜ਼ੀ ਸੁਰੱਖਿਆ ਪ੍ਰਦਾਨ ਕਰ ਸਕਦੀ ਹੈ ਪਰ ਉਨ੍ਹਾਂ ਇਲਾਕਿਆਂ ’ਚ ਉਨ੍ਹਾਂ ਦਾ ਸਿਆਸੀ ਭਵਿੱਖ ਖਤਰੇ ’ਚ ਪੈ ਸਕਦਾ ਹੈ ਜਿੱਥੇ ਵੋਟਰ ਸਪਾ ਨੂੰ ਭਾਜਪਾ ਦਾ ਮੁੱਖ ਵਿਰੋਧੀ ਸਮਝਦੇ ਹਨ।

ਇਕ ਹੋਰ ਗੱਲ ਇਹ ਹੈ ਕਿ ਸਪਾ ਦਾ ਸੰਸਦੀ ਗਰੁੱਪ ਭਾਵੇਂ ਵਿਚਾਰਕ ਪੱਖੋਂ ਇਕਜੁੱਟ ਨਾ ਹੋਵੇ ਪਰ ਉਹ ਇਕ ਸਾਂਝੇ ਡਰ ਨਾਲ ਇਕਮੁੱਠ ਹੈ। ਭਾਜਪਾ ’ਚ ਸ਼ਾਮਲ ਹੋਣ ਨਾਲ ਸਪਾ ਦਾ ਮੁੱਖ ਯਾਦਵ-ਮੁਸਲਿਮ ਹਮਾਇਤੀ ਆਧਾਰ ਦੂਰ ਹੋ ਸਕਦਾ ਹੈ ਤੇ ਸਥਾਨਕ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਦੂਜੀਆਂ ਪਾਰਟੀਆਂ ਨੂੰ ਤੋੜਨ ’ਚ ਭਾਜਪਾ ਨੂੰ ਸਫਲਤਾ ਆਮ ਤੌਰ ’ਤੇ ਚੋਣ ਹਾਰਾਂ ਤੋਂ ਬਾਅਦ ਮਿਲੀ ਹੈ। ਤ੍ਰਿਣਮੂਲ ਕਾਂਗਰਸ ਤੇ ਸ਼ਿਵ ਸੈਨਾ (ਊਧਵ) ਨੂੰ ਸਿਆਸੀ ਝਟਕਿਆਂ ਤੋਂ ਬਾਅਦ ਉਥਲ-ਪੁਥਲ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ, ਸਪਾ ਨੂੰ ਇਸ ਦਾ ਕੇਡਰ ਅਜੇ ਵੀ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕ ਉੱਭਰਦੀ ਪਾਰਟੀ ਵਜੋਂ ਵੇਖਦਾ ਹੈ। ਇਸ ਲਈ ਰੋਜ਼ਾਨਾ ਦੀਆਂ ਅਫਵਾਹਾਂ ਤੇ ਜਨਤਕ ਅਟਕਲਾਂ ਦੇ ਬਾਵਜੂਦ ‘ਵੰਡ’ ਇਕ ਸਿਆਸੀ ਹਕੀਕਤ ਨਾਲੋਂ ਵੱਧ ਇਕ ਸਿਆਸੀ ਕਹਾਣੀ ਬਣੀ ਹੋਈ ਹੈ।


author

Harpreet SIngh

Content Editor

Related News