50° ਗਰਮੀ ''ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ ''ਗੋਰਿਆਂ'' ਦੀ 35°-40° ''ਤੇ ਹੀ ਕਿਉਂ ਨਿਕਲ ਜਾਂਦੀ ਹੈ ''ਫ਼ੂਕ'' ?

Monday, Jun 29, 2026 - 02:55 PM (IST)

50° ਗਰਮੀ ''ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ ''ਗੋਰਿਆਂ'' ਦੀ 35°-40° ''ਤੇ ਹੀ ਕਿਉਂ ਨਿਕਲ ਜਾਂਦੀ ਹੈ ''ਫ਼ੂਕ'' ?

ਇੰਟਰਨੈਸ਼ਨਲ ਡੈਸਕ- ਇਸ ਸਮੇਂ ਦੁਨੀਆ ਦੇ ਜ਼ਿਆਦਾਤਰ ਦੇਸ਼ ਸਾੜ ਦੇਣ ਵਾਲੀ ਗਰਮੀ ਝੱਲ ਰਹੇ ਹਨ। ਭਾਰਤ-ਪਾਕਿਸਤਾਨ ਤੋਂ ਇਲਾਵਾ ਇਸ ਵਾਰ ਯੂਰਪ 'ਚ ਵੀ ਗਰਮੀ ਨੇ ਭਿਆਨਕ ਰੂਪ ਧਾਰਿਆ ਹੋਇਆ ਹੈ। ਇਕੱਲੇ ਫਰਾਂਸ 'ਚ ਹੀ ਗਰਮੀ ਕਾਰਨ ਹੁਣ ਤੱਕ 1000 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ, ਜਿਸ ਕਾਰਨ ਲੋਕਾਂ 'ਚ ਹਾਹਾਕਾਰ ਮਚੀ ਹੋਈ ਹੈ। ਇੰਗਲੈਂਡ 'ਚ ਤਾਂ ਆਲਮ ਇਹ ਹੈ ਕਿ ਉੱਥੇ ਸੜਕਾਂ ਤੱਕ ਪਿਘਲ ਗਈਆਂ ਹਨ।

ਇਸੇ ਦੌਰਾਨ ਇਕ ਹੋਰ ਗੱਲ ਜਿਸ ਬਾਰੇ ਹਰ ਕੋਈ ਅਕਸਰ ਸੋਚਦਾ ਹੈ ਕਿ ਭਾਰਤ 'ਚ 45-48 ਡਿਗਰੀ ਤੱਕ ਵੀ ਤਾਪਮਾਨ ਚਲਾ ਜਾਵੇ ਤਾਂ ਇੰਨਾ ਬੁਰਾ ਹਾਲ ਨਹੀਂ ਹੁੰਦਾ, ਪਰ ਯੂਰਪੀ ਦੇਸ਼ਾਂ 'ਚ 35-40 ਡਿਗਰੀ 'ਤੇ ਹੀ ਲੋਕ ਹਾਲੋ-ਬੇਹਾਲ ਕਿਉਂ ਹੋ ਜਾਂਦੇ ਹਨ ? ਮਾਹਿਰਾਂ ਮੁਤਾਬਕ, ਭਾਰਤੀਆਂ ਦੇ ਮੁਕਾਬਲੇ ਯੂਰਪੀ ਲੋਕਾਂ ਲਈ 40 ਡਿਗਰੀ ਤਾਪਮਾਨ ਜਾਨਲੇਵਾ ਸਾਬਤ ਹੋਣ ਦੇ ਪਿੱਛੇ ਕੁਝ ਅਹਿਮ ਕਾਰਨ ਹਨ, ਜਿਸ ਕਾਰਨ ਉੱਥੇ 40 ਡਿਗਰੀ 'ਤੇ ਵੀ ਲੋਕਾਂ ਦਾ ਬੁਰਾ ਹਾਲ ਹੋ ਜਾਂਦਾ ਹੈ। ਆਓ ਅੱਜ ਜਾਣਦੇ ਹਾਂ ਕਿ ਆਖ਼ਿਰ ਇਸ ਪਿੱਛੇ ਅਸਲ ਕਾਰਨ ਕੀ ਹੈ..?

PunjabKesari

ਘਰਾਂ ਦਾ ਡਿਜ਼ਾਈਨ
ਯੂਰਪ 'ਚ ਸਾਲ ਦੇ ਜ਼ਿਆਦਾਤਰ ਮਹੀਨੇ ਬਹੁਤ ਜ਼ਿਆਦਾ ਠੰਢ ਪੈਂਦੀ ਹੈ। ਇਸ ਲਈ ਉੱਥੋਂ ਦੀਆਂ ਇਮਾਰਤਾਂ ਅਤੇ ਘਰ ਇਸ ਤਰ੍ਹਾਂ ਡਿਜ਼ਾਈਨ ਕੀਤੇ ਜਾਂਦੇ ਹਨ ਕਿ ਘਰ ਦੇ ਅੰਦਰ ਦੀ ਗਰਮੀ ਬਾਹਰ ਨਾ ਜਾ ਸਕੇ ਅਤੇ ਠੰਢ ਅੰਦਰ ਨਾ ਆਵੇ। ਇੱਥੇ ਜ਼ਿਆਦਾਤਰ ਮਕਾਨ ਪੱਥਰਾਂ ਅਤੇ ਕੰਕਰੀਟ ਨਾਲ ਬਣਾਏ ਜਾਂਦੇ ਹਨ। ਗਰਮੀਆਂ 'ਚ ਇਹ ਪੱਥਰ ਦਿਨ ਵੇਲੇ ਤਪ ਜਾਂਦੇ ਹਨ ਅਤੇ ਰਾਤ ਨੂੰ ਵੀ ਛੇਤੀ ਠੰਢੇ ਨਹੀਂ ਹੁੰਦੇ, ਜਿਸ ਕਾਰਨ ਇਹ ਘਰ 'ਭੱਠੀ' ਦਾ ਕੰਮ ਕਰਨ ਲੱਗਦੇ ਹਨ ਤੇ ਘਰ ਦੇ ਅੰਦਰ ਦਾ ਤਾਪਮਾਨ ਬਾਹਰ ਨਾਲੋਂ ਵੀ ਜ਼ਿਆਦਾ ਮਹਿਸੂਸ ਹੋਣ ਲੱਗਦਾ ਹੈ। ਕਈ ਵਾਰ ਤਾਂ ਘਰ ਦੇ ਅੰਦਰ ਦਾ ਤਾਪਮਾਨ 50 ਡਿਗਰੀ ਤੱਕ ਵੀ ਪਹੁੰਚ ਜਾਂਦਾ ਹੈ।

PunjabKesari

ਇਹ ਵੀ ਪੜ੍ਹੋ- ਆ ਗਿਆ 'ਮੈਕਸੀਕਨ ਬੈਟਮੈਨ' ! ਰਾਤ ਨੂੰ ਫੜ ਕੇ ਖੰਭਿਆਂ ਨਾਲ ਬੰਨ੍ਹ ਦਿੰਦੈ ਚੋਰ, ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ

AC-ਪੱਖਿਆਂ ਦੀ ਕਮੀ
ਭਾਰਤ ਦੇ ਉਲਟ, ਯੂਰਪੀ ਦੇਸ਼ਾਂ ਵਿੱਚ ਗਰਮੀ ਤੋਂ ਬਚਣ ਦੇ ਪੁਖ਼ਤਾ ਇੰਤਜ਼ਾਮ ਨਹੀਂ ਹਨ। ਯੂਰਪ 'ਚ ਬਹੁਤ ਹੀ ਘੱਟ ਘਰਾਂ 'ਚ ਏ.ਸੀ. ਲੱਗੇ ਹੋਏ ਹਨ। ਸਾਲ ਦੇ ਜ਼ਿਆਦਾਤਰ ਸਮੇਂ ਠੰਡਾ ਮੌਸਮ ਹੋਣ ਕਾਰਨ ਆਮ ਤੌਰ 'ਤੇ ਲੋਕ ਆਪਣੇ ਘਰਾਂ 'ਚ ਛੱਤ ਵਾਲੇ ਪੱਖੇ ਜਾਂ ਕੂਲਰ ਵੀ ਨਹੀਂ ਰੱਖਦੇ। ਇਸ ਸਾਲ ਜਦੋਂ ਅਚਾਨਕ ਭਿਆਨਕ ਗਰਮੀ ਪੈਣ ਲੱਗੀ ਹੈ ਤਾਂ ਲੋਕ ਹੁਣ ਏ.ਸੀ.-ਪੱਖੇ ਖਰੀਦਣ ਦੀ ਦੌੜ 'ਚ ਲੱਗ ਗਏ ਹਨ, ਜਿਸ ਕਾਰਨ ਮਾਰਕੀਟ 'ਚ ਏ.ਸੀ.-ਪੱਖਿਆਂ ਦੀ ਵੀ ਭਾਰੀ ਕਿੱਲਤ ਆ ਗਈ ਹੈ।

PunjabKesari

ਸਰੀਰਕ ਅਨੁਕੂਲਤਾ ਦੀ ਘਾਟ
ਭਾਰਤ ਦੇ ਲੋਕ ਬਚਪਨ ਤੋਂ ਹੀ ਤੇਜ਼ ਗਰਮੀ ਅਤੇ ਧੁੱਪ ਵਿੱਚ ਰਹਿਣ ਦੇ ਆਦੀ ਹੁੰਦੇ ਹਨ, ਜਿਸ ਕਾਰਨ ਸਾਡਾ ਸਰੀਰ ਪਸੀਨੇ ਰਾਹੀਂ ਤਾਪਮਾਨ ਨੂੰ ਕੰਟਰੋਲ ਕਰ ਲੈਂਦਾ ਹੈ। ਇਸ ਦੇ ਉਲਟ, ਯੂਰਪੀ ਲੋਕਾਂ ਦਾ ਸਰੀਰ ਠੰਢੇ ਮੌਸਮ ਦਾ ਆਦੀ ਹੁੰਦਾ ਹੈ। ਅਚਾਨਕ ਤਾਪਮਾਨ 40 ਡਿਗਰੀ ਤੱਕ ਪਹੁੰਚਣ ਕਾਰਨ ਉਨ੍ਹਾਂ ਦੇ ਸਰੀਰ ਦੇ ਤਾਪਮਾਨ ਦਾ ਸੰਤੁਲਨ ਵਿਗੜ ਜਾਂਦਾ ਹੈ, ਜਿਸ ਨਾਲ 'ਹੀਟ ਸਟ੍ਰੋਕ' ਅਤੇ ਦਿਲ ਦੇ ਦੌਰੇ ਵਰਗੀਆਂ ਜਾਨਲੇਵਾ ਸਥਿਤੀਆਂ ਪੈਦਾ ਹੋ ਰਹੀਆਂ ਹਨ।

PunjabKesari

ਹਵਾ ਵਿੱਚ ਨਮੀ ਦੀ ਵੱਧ ਮਾਤਰਾ ਅਤੇ ਲੰਬੇ ਦਿਨ
ਯੂਰਪ ਦੀ ਹਵਾ 'ਚ ਨਮੀ ਦੀ ਮਾਤਰਾ ਬਹੁਤ ਜ਼ਿਆਦਾ ਹੈ। ਨਮੀ ਕਾਰਨ ਸਰੀਰ ਦਾ ਪਸੀਨਾ ਸੁੱਕਦਾ ਨਹੀਂ, ਜਿਸ ਕਾਰਨ ਸਰੀਰ ਆਪਣੇ ਆਪ ਨੂੰ ਠੰਡਾ ਨਹੀਂ ਕਰ ਪਾਉਂਦਾ। ਇਸ ਤੋਂ ਇਲਾਵਾ, ਉੱਥੇ ਗਰਮੀਆਂ 'ਚ ਦਿਨ ਵੀ ਬਹੁਤ ਲੰਬੇ ਹੁੰਦੇ ਹਨ। ਉੱਥੇ ਸਵੇਰੇ 5 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਧੁੱਪ ਨਿਕਲੀ ਰਹਿੰਦੀ ਹੈ, ਜਿਸ ਕਾਰਨ ਵਾਤਾਵਰਨ ਅਤੇ ਲੋਕਾਂ ਦੇ ਸਰੀਰ ਨੂੰ ਠੰਢਾ ਹੋਣ ਲਈ ਰਾਤ ਦਾ ਸਮਾਂ ਬਹੁਤ ਘੱਟ ਮਿਲਦਾ ਹੈ, ਜਿਸ ਕਾਰਨ ਦਿਨ-ਰਾਤ ਦੇ ਤਾਪਮਾਨ 'ਚ ਜ਼ਿਆਦਾ ਅੰਤਰ ਨਹੀਂ ਆਉਂਦਾ ਤੇ ਲੋਕਾਂ ਨੂੰ ਜ਼ਿਆਦਾ ਗਰਮੀ ਦਾ ਅਹਿਸਾਸ ਹੁੰਦਾ ਹੈ।

PunjabKesari

 

ਇਹ ਵੀ ਪੜ੍ਹੋ- 18 ਦਿਨਾਂ ਦੇ ਜਵਾਕ ਨੂੰ ਛਾਤੀ ਨਾਲ ਲਾਈ ਮਲਬੇ 'ਚ ਦੱਬੀ ਰਹੀ ਮਾਂ ! ਇੰਝ ਦਿੱਤੀ ਮੌਤ ਨੂੰ ਮਾਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News