ਪੁਰਸ਼ੋਤਮ ਐਕਸਪ੍ਰੈੱਸ ਤੇ ਮਾਲਗੱਡੀ ’ਚ ਬੰਬ ਦੀ ਅਫਵਾਹ

Friday, Oct 11, 2024 - 03:26 AM (IST)

ਪੁਰਸ਼ੋਤਮ ਐਕਸਪ੍ਰੈੱਸ ਤੇ ਮਾਲਗੱਡੀ ’ਚ ਬੰਬ ਦੀ ਅਫਵਾਹ

ਨਵੀਂ ਦਿੱਲੀ/ਝਾਂਸੀ - ਰੇਲਵੇ ਅਧਿਕਾਰੀਆਂ ਨੂੰ ਪੁਰੀ-ਨਵੀਂ ਦਿੱਲੀ ਪੁਰਸ਼ੋਤਮ ਐਕਸਪ੍ਰੈੱਸ ਵਿਚ ਕੁਝ ਸ਼ੱਕੀ ਅੱਤਵਾਦੀਆਂ ਦੇ ਧਮਾਕਾਖੇਜ ਸਮੱਗਰੀ (ਬੰਬ) ਨਾਲ ਯਾਤਰਾ ਕਰਨ ਦੀ ਸੂਚਨਾ ਮਿਲਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਟੂੰਡਲਾ ਰੇਲਵੇ ਸਟੇਸ਼ਨ ’ਤੇ ਟਰੇਨ ਨੂੰ 3 ਘੰਟੇ ਤੋਂ ਵੱਧ ਸਮੇਂ ਤੱਕ ਰੋਕੀ ਰੱਖਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ‘ਐਕਸ’ ਦੀ ਵਰਤੋਂ ਕਰਨ ਵਾਲਿਆਂ ਤੋਂ ਮਿਲੀ ਜਾਣਕਾਰੀ ਗਲਤ ਨਿਕਲੀ, ਕਿਉਂਕਿ ਰਾਤ 2:30 ਵਜੇ ਤੋਂ ਸਵੇਰੇ 6 ਵਜੇ ਤੱਕ ਕੀਤੀ ਗਈ ਪੂਰੀ ਜਾਂਚ ਤੋਂ ਬਾਅਦ ਕੁਝ ਵੀ ‘ਸ਼ੱਕੀ’ ਨਹੀਂ ਮਿਲਿਆ।

ਪ੍ਰਯਾਗਰਾਜ ਰੇਲਵੇ ਡਵੀਜ਼ਨ ਦੇ ਇਕ ਰੇਲਵੇ ਅਧਿਕਾਰੀ ਨੇ ਦੱਸਿਆ ਕਿ ਦੇਰ ਰਾਤ ਕਰੀਬ 2.30 ਵਜੇ ਹਰੇਕ ਬੋਗੀ ਦੇ ਯਾਤਰੀਆਂ ਨੂੰ ਜਗਾਇਆ ਗਿਆ ਅਤੇ ‘ਮੈਟਲ ਡਿਟੈਕਟਰ’ ਅਤੇ ਡੌਗ ਸਕੁਐਡ ਦੀ ਮਦਦ ਨਾਲ ਉਨ੍ਹਾਂ ਦੇ ਸਾਮਾਨ ਅਤੇ ਬੋਗੀ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ, ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ।  

ਉਨ੍ਹਾਂ ਕਿਹਾ ਕਿ ਸਾਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਦੇ ਇਕ ਹੈਂਡਲ ਤੋਂ ਸੂਚਨਾ ਮਿਲੀ ਸੀ ਕਿ ਕੁਝ ਸ਼ੱਕੀ ਅੱਤਵਾਦੀ ਧਮਾਕਾਖੇਜ ਸਮੱਗਰੀ ਨਾਲ ਰੇਲਗੱਡੀ ਵਿਚ ਸਫ਼ਰ ਕਰ ਰਹੇ ਹਨ, ਜਿਸ ਨੂੰ ਉਹ ਏਅਰ ਇੰਡੀਆ ਦੀ ਦਿੱਲੀ-ਲੇਹ ਉਡਾਣ ਵਿਚ ਲਗਾਉਣ ਜਾ ਰਹੇ ਸਨ। ਅਸੀਂ ਕਾਰਵਾਈ ਸ਼ੁਰੂ ਕੀਤੀ, ਪਰ ਇਹ ਖ਼ਬਰ ਝੂਠੀ ਨਿਕਲੀ।

ਦੂਜੇ ਪਾਸੇ ਝਾਂਸੀ ਵਿਚ ਇਕ ਮਾਲਗੱਡੀ ਵਿਚ ਬੰਬ ਵਰਗੀ ਡਿਵਾਈਸ ਮਿਲਣ ਨਾਲ ਹੰਗਾਮਾ ਮਚ ਗਿਆ। ਬਿਜੌਲੀ ਸਟੇਸ਼ਨ ਨੇੜੇ ਗੱਡੀ ਨੂੰ ਰੋਕ ਕੇ ਬੰਬ ਸਕੁਐਡ ਟੀਮ ਨੂੰ ਸੱਦਿਆ ਗਿਆ। ਸੂਚਨਾ ਪਾ ਕੇ ਮੌਕੇ ’ਤੇ ਪਹੁੰਚੀ ਪੁਲਸ ਮਾਮਲੇ ਦੀ ਜਾਂਚ ਵਿਚ ਰੁੱਝ ਗਈ। ਜਾਂਚ ਦੌਰਾਨ ਪਤਾ ਲੱਗਾ ਕਿ ਮਾਲਗੱਡੀ ਦੇ ਪਹੀਏ ’ਚ ਜੀ. ਪੀ. ਐੱਸ. ਡਿਵਾਈਸ ਲੱਗੀ ਹੈ ਜਿਸਨੂੰ ਪੁਲਸ ਨੇ ਜ਼ਬਤ ਕਰ ਲਿਆ ਹੈ। ਅਜਿਹਾ ਕਿਸ ਨੇ ਅਤੇ ਕਿਉਂ ਕੀਤਾ ਇਸ ਦੇ ਲਈ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Inder Prajapati

Content Editor

Related News