ਹੈਦਰਾਬਾਦ ਦੇ ਮੌਸਮ ਵਿਭਾਗ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਜਾਂਚ ਤੋਂ ਬਾਅਦ ਨਿਕਲੀ ਅਫਵਾਹ
Friday, Mar 06, 2026 - 05:19 PM (IST)
ਹੈਦਰਾਬਾਦ : ਹੈਦਰਾਬਾਦ ਸਥਿਤ ਭਾਰਤੀ ਮੌਸਮ ਵਿਭਾਗ (IMD) ਦੇ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਇਕ ਈਮੇਲ ਮਿਲਣ ਤੋਂ ਬਾਅਦ ਸ਼ੁੱਕਰਵਾਰ ਨੂੰ ਇਲਾਕੇ ਵਿੱਚ ਹੜਕੰਪ ਮਚ ਗਿਆ। ਇਸ ਧਮਕੀ ਤੋਂ ਬਾਅਦ ਦਫ਼ਤਰ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ, ਪਰ ਬਾਅਦ ਵਿੱਚ ਜਾਂਚ ਦੌਰਾਨ ਇਹ ਸਿਰਫ਼ ਇਕ ਅਫਵਾਹ ਸਾਬਤ ਹੋਈ।
ਪੁਲਸ ਅਨੁਸਾਰ, ਇਹ ਧਮਕੀ ਭਰੀ ਈਮੇਲ ਸ਼ੁੱਕਰਵਾਰ ਸਵੇਰੇ ਲਗਭਗ 6:30 ਵਜੇ ਦਫ਼ਤਰ ਦੀ ਅਧਿਕਾਰਤ ਈਮੇਲ ਆਈਡੀ 'ਤੇ ਭੇਜੀ ਗਈ ਸੀ। ਦਫ਼ਤਰ ਦੇ ਕਰਮਚਾਰੀਆਂ ਨੇ ਇਸ ਨੂੰ ਸਵੇਰੇ 9:30 ਵਜੇ ਦੇਖਿਆ ਅਤੇ ਤੁਰੰਤ ਉੱਚ ਅਧਿਕਾਰੀਆਂ ਅਤੇ ਪੁਲਿਸ ਨੂੰ ਸੂਚਿਤ ਕੀਤਾ। ਈਮੇਲ 'ਚ ਦਾਅਵਾ ਕੀਤਾ ਗਿਆ ਸੀ ਕਿ ਆਈਐੱਮਡੀ (IMD) ਦਫ਼ਤਰ ਵਿੱਚ ਛੇ ਵੱਖ-ਵੱਖ ਥਾਵਾਂ 'ਤੇ ਬੰਬ ਰੱਖੇ ਗਏ ਹਨ, ਜੋ ਜਲਦੀ ਹੀ ਫਟ ਜਾਣਗੇ।
ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਡੂੰਘਾਈ ਨਾਲ ਤਲਾਸ਼ੀ ਲਈ, ਪਰ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ, ਜਿਸ ਤੋਂ ਬਾਅਦ ਇਸ ਧਮਕੀ ਨੂੰ ਫਰਜ਼ੀ ਐਲਾਨ ਦਿੱਤਾ ਗਿਆ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਈਮੇਲ ਭੇਜਣ ਵਾਲੇ ਵਿਅਕਤੀ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਹੈਦਰਾਬਾਦ 'ਚ ਹੀ ਸੀਬੀਆਈ (CBI) ਅਦਾਲਤ ਅਤੇ ਤੇਲੰਗਾਨਾ ਹਾਈ ਕੋਰਟ ਨੂੰ ਵੀ ਅਜਿਹੀਆਂ ਹੀ ਬੰਬ ਨਾਲ ਉਡਾਉਣ ਦੀਆਂ ਝੂਠੀਆਂ ਧਮਕੀਆਂ ਮਿਲ ਚੁੱਕੀਆਂ ਹਨ।
