ਇਜ਼ਰਾਈਲੀ ਜੈੱਟਾਂ ਨੇ ਖਮੇਨੀ ਦੇ ਟਿਕਾਣੇ ''ਤੇ ਵਰ੍ਹਾਏ 30 ਬੰਬ

Sunday, Mar 01, 2026 - 12:19 PM (IST)

ਇਜ਼ਰਾਈਲੀ ਜੈੱਟਾਂ ਨੇ ਖਮੇਨੀ ਦੇ ਟਿਕਾਣੇ ''ਤੇ ਵਰ੍ਹਾਏ 30 ਬੰਬ

ਇੰਟਰਨੈਸ਼ਨਲ ਡੈਸਕ- ਇਜ਼ਰਾਈਲ ਅਤੇ ਅਮਰੀਕਾ ਦੇ ਸਾਂਝੇ ਹਮਲੇ ਵਿਚ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਖਲੀ ਖਮੇਨੀ ਦੀ ਮੌਤ ਹੋ ਗਈ ਹੈ। ਉਹ 86 ਸਾਲ ਦੇ ਸਨ। ਦਿ ਵਾਲ ਸਟਰੀਟ ਜਰਨਲ ਦੀ ਇੱਕ ਵਿਸਤ੍ਰਿਤ ਰਿਪੋਰਟ ਅਨੁਸਾਰ ਇਜ਼ਰਾਈਲ ਅਤੇ ਸੰਯੁਕਤ ਰਾਜ ਅਮਰੀਕਾ ਨੇ ਈਰਾਨ ਦੇ ਇਸਲਾਮੀ ਗਣਰਾਜ ਦੇ ਸੀਨੀਅਰ ਅਧਿਕਾਰੀਆਂ, ਜਿਨ੍ਹਾਂ ਵਿੱਚ ਸੁਪਰੀਮ ਲੀਡਰ ਅਲੀ ਖਮੇਨੀ ਵੀ ਸ਼ਾਮਲ ਸਨ, ਨੂੰ ਨਿਸ਼ਾਨਾ ਬਣਾਉਮ ਲਈ ਤਾਲਮੇਲ ਵਾਲੀ ਕਾਰਵਾਈ ਤਿਆਰ ਕੀਤੀ ਸੀ। ਖਮੇਨੀ ਦੀ ਮੌਤ ਤੋਂ ਬਾਅਦ ਈਰਾਨ ਵਿਚ 40 ਦਿਨ ਦੇ ਸੋਗ ਦਾ ਅਤੇ ਸੱਤ ਦਿਨਾਂ ਦੀ ਰਾਸ਼ਟਰ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਖਮੇਨੀ ਦੇ ਕੰਪਲੈਕਸ 'ਤੇ ਸੁੱਟੇ 30 ਬੰਬ 

ਰਿਪੋਰਟ ਮੁਤਾਬਕ ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਕਥਿਤ ਤੌਰ 'ਤੇ ਉਸ ਕੰਪਲੈਕਸ 'ਤੇ 30 ਬੰਬ ਸੁੱਟੇ, ਜਿੱਥੇ ਖਮੇਨੀ ਦੀ ਮੌਜੂਦਗੀ ਮੰਨੀ ਜਾ ਰਹੀ ਸੀ। ਖੁਫੀਆ ਏਜੰਸੀਆਂ ਇੱਕ ਖ਼ਾਸ ਪਲ ਦੀ ਉਡੀਕ ਕਰ ਰਹੀਆਂ ਸਨ ਜਦੋਂ ਚੋਟੀ ਦੇ ਰਾਜਨੀਤਿਕ ਅਤੇ ਫੌਜੀ ਨੇਤਾ ਇੱਕੋ ਸਮੇਂ ਇਕੱਠੇ ਹੋਏ। ਉਨ੍ਹਾਂ ਇਸ ਮੌਕੇ ਨੂੰ "ਵਿਲੱਖਣ" ਦੱਸਿਆ। ਰਿਪੋਰਟ ਮੁਤਾਬਕ ਇਜ਼ਰਾਈਲੀ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਤਿੰਨ ਉੱਚ-ਪੱਧਰੀ ਮੀਟਿੰਗਾਂ ਦੀ ਪਛਾਣ ਕੀਤੀ ਅਤੇ ਖਮੇਨੀ ਦੀ ਲੋਕੇਸ਼ਨ ਦੀ ਪੁਸ਼ਟੀ ਕੀਤੀ, ਜਿਸ ਮਗਰੋਂ ਦਿਨ-ਦਿਹਾੜੇ ਹਮਲਾ ਕੀਤਾ ਗਿਆ। ਅਮਰੀਕੀ ਸੂਤਰਾਂ ਨੇ ਅੱਗੇ ਦੱਸਿਆ ਕਿ ਵਾਸ਼ਿੰਗਟਨ ਕੋਲ ਖੁਫੀਆ ਜਾਣਕਾਰੀ ਸੀ ਕਿ ਈਰਾਨ ਅਮਰੀਕੀ ਟੀਚਿਆਂ ਵਿਰੁੱਧ ਕਾਰਵਾਈਆਂ ਦੀ ਤਿਆਰੀ ਕਰ ਰਿਹਾ ਸੀ, ਜਿਸ ਮਗਰੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਮਲੇ ਦੇ ਹੁਕਮ ਦਿੱਤੇ।

ਜਾਣੋ ਅਲੀ ਖਮੇਨੀ ਬਾਰੇ

1989 ਵਿੱਚ ਆਪਣੇ ਪੂਰਵਗਾਮੀ, ਅਯਾਤੁੱਲਾ ਰੂਹੁੱਲਾ ਖਮੇਨੀ ਦੀ ਮੌਤ ਤੋਂ ਬਾਅਦ ਅਲੀ ਖਮਨੇਈ ਨੇ ਦੇਸ਼ ਦੇ ਸੁਪਰੀਮ ਲੀਡਰ ਵਜੋਂ ਅਹੁਦਾ ਸੰਭਾਲਿਆ। ਰੂਹੁੱਲਾ ਖਮੇਨੀ ਉਹ ਵਿਅਕਤੀ ਸੀ ਜਿਸਨੇ ਈਰਾਨੀ ਇਨਕਲਾਬ ਦੀ ਅਗਵਾਈ ਕੀਤੀ। ਪਰ ਇਹ ਅਲੀ ਖਮੇਨੀ ਸੀ ਜਿਸਨੇ ਈਰਾਨ ਦੀ ਫੌਜੀ ਅਤੇ ਅਰਧ ਸੈਨਿਕ ਪ੍ਰਣਾਲੀ ਬਣਾਈ, ਜਿਸਨੇ ਨਾ ਸਿਰਫ ਈਰਾਨ 'ਤੇ ਹਮਲਿਆਂ ਦਾ ਮੁਕਾਬਲਾ ਕੀਤਾ ਬਲਕਿ ਦੇਸ਼ ਤੋਂ ਬਾਹਰ ਪ੍ਰੌਕਸੀ ਵੀ ਬਣਾਈਆਂ। ਸੁਪਰੀਮ ਲੀਡਰ ਬਣਨ ਤੋਂ ਪਹਿਲਾਂ, ਖਮੇਨੀ ਨੇ 1980 ਦੇ ਦਹਾਕੇ ਵਿੱਚ ਇਰਾਕ ਨਾਲ ਖੂਨੀ ਜੰਗ ਦੌਰਾਨ ਈਰਾਨ ਦੀ ਅਗਵਾਈ ਰਾਸ਼ਟਰਪਤੀ ਵਜੋਂ ਕੀਤੀ।

ਈਰਾਨ ਨੇ ਦਿੱਤੀ ਬਦਲੇ ਦੀ ਚੇਤਾਵਨੀ 

ਈਰਾਨੀ ਮੰਤਰੀ ਮੰਡਲ ਨੇ ਇਸ ਹਮਲੇ ਨੂੰ ਇੱਕ "ਘੋਰ ਅਪਰਾਧ" ਕਰਾਰ ਦਿੰਦਿਆਂ ਚੇਤਾਵਨੀ ਦਿੱਤੀ ਹੈ ਕਿ ਇਸ ਦਾ ਜਵਾਬ ਜ਼ਰੂਰ ਦਿੱਤਾ ਜਾਵੇਗਾ। ਈਰਾਨੀ ਫੌਜ 'ਰੈਵੋਲਿਊਸ਼ਨਰੀ ਗਾਰਡ' ਨੇ ਵੀ ਕਿਹਾ ਹੈ ਕਿ ਖਮੇਨੀ ਦੀ ਹੱਤਿਆ ਲਈ "ਸਖ਼ਤ ਅਤੇ ਨਿਰਣਾਇਕ ਸਜ਼ਾ" ਦਿੱਤੀ ਜਾਵੇਗੀ। ਸਰਕਾਰੀ ਟੀਵੀ ਅਨੁਸਾਰ ਖਮੇਨੀ ਦੀ ਮੌਤ ਉਨ੍ਹਾਂ ਦੇ ਦਫ਼ਤਰ ਵਿੱਚ ਹੋਈ ਹੈ। ਦੂਜੇ ਪਾਸੇ, ਖ਼ਬਰਾਂ ਅਨੁਸਾਰ ਸ਼ਨੀਵਾਰ ਦੇਰ ਰਾਤ ਜਦੋਂ ਖਮੇਨੀ ਦੀ ਮੌਤ ਦੀਆਂ ਅਫਵਾਹਾਂ ਫੈਲਣੀਆਂ ਸ਼ੁਰੂ ਹੋਈਆਂ ਤਾਂ ਰਾਜਧਾਨੀ ਤਹਿਰਾਨ ਵਿੱਚ ਕੁਝ ਲੋਕ ਆਪਣੀਆਂ ਛੱਤਾਂ ਅਤੇ ਘਰਾਂ ਵਿੱਚ ਖੁਸ਼ੀ ਜ਼ਾਹਿਰ ਕਰਦੇ ਵੀ ਨਜ਼ਰ ਆਏ। ਹਾਲਾਂਕਿ ਦੇਸ਼ ਵਿੱਚ ਸਥਿਤੀ ਬਹੁਤ ਤਣਾਅਪੂਰਨ ਬਣੀ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News