1,200 ਕਰੋੜ ਦੇ ਡਰੱਗਜ਼ ਸਮੇਤ ਪਾਕਿ ਨਾਗਰਿਕ ਗ੍ਰਿਫਤਾਰ
Sunday, May 14, 2023 - 01:02 PM (IST)
ਨਵੀਂ ਦਿੱਲੀ, (ਭਾਸ਼ਾ)- ਦੇਸ਼ ਦੇ ਪੱਛਮੀ ਸਮੁੰਦਰੀ ਕੰਢੇ ਤੋਂ ਕਰੀਬ 1,200 ਕਰੋੜ ਰੁਪਏ ਦੀ ਕੀਮਤ ਦਾ 2,500 ਕਿਲੋਗ੍ਰਾਮ ਨਸ਼ੀਲਾ ਪਦਾਰਥ ਜ਼ਬਤ ਕੀਤਾ ਗਿਆ ਅਤੇ ਇਕ ਸ਼ੱਕੀ ਪਾਕਿਸਤਾਨੀ ਨਾਗਰਿਕ ਨੂੰ ਫੜਿਆ ਗਿਆ ਹੈ। ਨਾਰਕੋਟਿਕਸ ਕੰਟ੍ਰੋਲ ਬਿਊਰੋ (ਐੱਨ. ਸੀ. ਬੀ.) ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਐੱਨ. ਸੀ. ਬੀ. ਨੇ ਇਸ ਨੂੰ ਦੇਸ਼ ’ਚ ‘ਮੇਥਮਫੇਟਾਮਾਇਨ’ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਕਰਾਰ ਦਿੱਤਾ ਹੈ। ਐੱਨ. ਸੀ. ਬੀ. ਦੇ ਬਿਆਨ ’ਚ ਕਿਹਾ ਗਿਆ ਹੈ ਕਿ ਨਸ਼ੀਲੇ ਪਦਾਰਥਾਂ ਦੀ ਖੇਪ ਨਾਲ ਇਕ ਮੁੱਖ ਜਹਾਜ਼ ਨੇ ਪਾਕਿਸਤਾਨ ਅਤੇ ਈਰਾਨ ਦੇ ਨੇੜੇ ਮਕਰਾਨ ਸਮੁੰਦਰੀ ਕੰਢੇ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ।
ਮੁੱਖ ਜਹਾਜ਼ ਦੀ ਯਾਤਰਾ ਦੌਰਾਨ ਵੱਖ-ਵੱਖ ਕਿਸ਼ਤੀਆਂ ਨੂੰ ਨਸ਼ੀਲੇ ਪਦਾਰਥ ਵੰਡੇ ਜਾਂਦੇ ਹਨ। ਬਿਆਨ ’ਚ ਕਿਹਾ ਗਿਆ ਕਿ ਕਿਸ਼ਤੀ ਵੱਲੋਂ ਮੇਥਮਫੇਟਾਮਾਇਨ ਦੀਆਂ 134 ਬੋਰੀਆਂ, ਇਕ ਪਾਕਿਸਤਾਨੀ ਨਾਗਰਿਕ ਫੜੀ ਗਈ ਕਿਸ਼ਤੀ ਅਤੇ ਜਹਾਜ਼ ਤੋਂ ਬਚਾਈਆਂ ਗਈਆਂ ਕੁਝ ਹੋਰ ਵਸਤੂਆਂ ਨੂੰ ਕੇਰਲ ਦੇ ਕੋਚੀ ਸਮੁੰਦਰੀ ਕੰਢੇ ’ਤੇ ਮੱਟਨਚੇਰੀ ਘਾਟ ’ਤੇ ਲਿਆਂਦਾ ਗਿਆ ਸੀ ਅਤੇ ਇਨ੍ਹਾਂ ਨੂੰ ਐੱਨ. ਸੀ. ਬੀ. ਨੂੰ ਸੌਂਪ ਦਿੱਤਾ ਗਿਆ ਸੀ। ਐੱਨ. ਸੀ. ਬੀ. ਨੇ ਜ਼ਬਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਸ਼ੁਰੂਆਤੀ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਸਾਰੀਆਂ ਬੋਰੀਆਂ ’ਚ ਉੱਚ ਸ਼ੁੱਧਤਾ ਦੀ ਮੇਥਮਫੇਟਾਮਾਇਨ ਹੈ।