ਮਕਾਨ ਦੀ ਛੱਤ ਡਿੱਗੀ; ਮਲਬੇ ਹੇਠ ਦੱਬਿਆ ਪੂਰਾ ਪਰਿਵਾਰ, ਮਾਂ-ਪੁੱਤ ਦੀ ਮੌਤ

Sunday, Aug 11, 2024 - 03:18 PM (IST)

ਮਕਾਨ ਦੀ ਛੱਤ ਡਿੱਗੀ; ਮਲਬੇ ਹੇਠ ਦੱਬਿਆ ਪੂਰਾ ਪਰਿਵਾਰ, ਮਾਂ-ਪੁੱਤ ਦੀ ਮੌਤ

ਜਾਲੌਨ- ਉੱਤਰ ਪ੍ਰਦੇਸ਼ ਦੇ ਜਾਲੌਨ 'ਚ ਇਕ ਪਰਿਵਾਰ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਿਆ। ਮਕਾਨ ਦੀ ਛੱਤ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਪਰਿਵਾਰ ਦੇ ਦੋ ਮੈਂਬਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਇਲਾਜ ਜਾਰੀ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ 5.30 ਵਜੇ ਕੋਤਵਾਲੀ ਕੋਚ ਦੇ ਪਿੰਡ ਮਹਲੁਬਾ 'ਚ ਵਾਪਰਿਆ, ਜਦੋਂ ਅਖਿਲੇਸ਼ ਨਾਂ ਦਾ ਵਿਅਕਤੀ ਆਪਣੀ ਪਤਨੀ ਅਤੇ ਬੱਚਿਆਂ ਨਾਲ ਘਰ 'ਚ ਸੌਂ ਰਿਹਾ ਸੀ।

ਪੁਲਸ ਸੁਪਰਡੈਂਟ ਡਾ.ਦੇਵੇਸ਼ ਕੁਮਾਰ ਅਨੁਸਾਰ ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਜ਼ਿਆਦਾ ਮੀਂਹ ਪੈਣ ਮਕਾਨ ਡਿੱਗ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਹਾਦਸੇ ਵਿਚ ਛੱਤ ਹੇਠਾਂ ਸੌਂ ਰਹੇ ਅਖਿਲੇਸ਼ (35), ਉਸ ਦੀ ਪਤਨੀ ਮੋਹਿਨੀ (32), ਪੁੱਤਰ ਦੇਬੂ (7) ਅਤੇ ਧੀ ਅਦਿਤੀ (10) ਮਲਬੇ ਹੇਠਾਂ ਦੱਬੇ ਗਏ। ਕੁਮਾਰ ਮੁਤਾਬਕ ਪਿੰਡ ਵਾਸੀਆਂ ਤੋਂ ਮਿਲੀ ਸੂਚਨਾ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਚਾਰਾਂ ਨੂੰ ਪ੍ਰਾਇਮਰੀ ਹੈਲਥ ਸੈਂਟਰ ਕੋਚ ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਦੇਬੂ ਅਤੇ ਮੋਹਿਨੀ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਗੰਭੀਰ ਜ਼ਖਮੀ ਅਖਿਲੇਸ਼ ਅਤੇ ਅਦਿਤੀ ਨੂੰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। 

ਪੁਲਸ ਸੁਪਰਡੈਂਟ ਕੁਮਾਰ ਨੇ ਦੱਸਿਆ ਕਿ ਮਕਾਨ ਦੀ ਛੱਤ ਡਿੱਗਣ ਕਾਰਨ ਕਮਰੇ ਵਿਚ ਰੱਖੇ ਫਰਿੱਜ ਦਾ ਕੰਪ੍ਰੈਸ਼ਰ ਵੀ ਫਟ ਗਿਆ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ 'ਤੇ ਜ਼ਿਲ੍ਹਾ ਮੈਜਿਸਟ੍ਰੇਟ ਡਾ. ਰਾਜੇਸ਼ ਕੁਮਾਰ ਪਾਂਡੇ ਅਤੇ ਸੁਪਰਡੈਂਟ ਡਾ. ਦੇਵੇਸ਼ ਕੁਮਾਰ ਨੇ ਅਧਿਕਾਰੀਆਂ ਨੂੰ ਨਾਲ ਲੈ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਪੀੜਤ ਪਰਿਵਾਰ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇਗੀ ਅਤੇ ਸਾਰੀ ਘਟਨਾ ਦੀ ਵੀ ਜਾਂਚ ਕੀਤੀ ਜਾਵੇਗੀ।
 


author

Tanu

Content Editor

Related News