ਹੋਟਲ ਦੇ ਕਮਰੇ ''ਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਪੁਲਸ ਨੇ ਦਰਵਾਜ਼ਾ ਤੋੜ ਕੇ ਕੱਢੀ ਲਾਸ਼

Sunday, May 21, 2023 - 01:49 PM (IST)

ਹੋਟਲ ਦੇ ਕਮਰੇ ''ਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਪੁਲਸ ਨੇ ਦਰਵਾਜ਼ਾ ਤੋੜ ਕੇ ਕੱਢੀ ਲਾਸ਼

ਰੋਹਤਕ- ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਦਿੱਲੀ ਰੋਡ ਸਥਿਤ ਸ਼ੀਲਾ ਬਾਈਪਾਸ ਨੇੜੇ ਇਕ ਹੋਟਲ ਵਿਚ ਨੌਜਵਾਨ ਨੇ ਕਮਰੇ 'ਚ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਜ਼ਿਲ੍ਹੇ ਦੇ ਗਿਝੀ ਪਿੰਡ ਦਾ ਰਹਿਣ ਵਾਲਾ ਸੀ। ਹਾਲਾਂਕਿ ਅਜੇ ਤੱਕ ਖ਼ੁਦਕੁਸ਼ੀ ਦੇ ਕਾਰਨਾਂ ਦਾ ਖ਼ੁਲਾਸਾ ਨਹੀਂ ਹੋ ਸਕਿਆ ਹੈ। ਫ਼ਿਲਹਾਲ ਇਸ ਮਾਮਲੇ ਵਿਚ ਅਰਬਨ ਸਟੇਟ ਪੁਲਸ ਜਾਂਚ ਵਿਚ ਜੁੱਟੀ ਹੋਈ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਰੋਹਤਕ ਪੀ. ਜੀ. ਆਈ. ਭੇਜ ਦਿੱਤਾ ਹੈ।

ਜਾਣਕਾਰੀ ਮੁਤਾਬਕ 22 ਸਾਲਾ ਅਮਨ ਸ਼ਨੀਵਾਰ ਰਾਤ ਲੱਗਭਗ 8.30 ਵਜੇ ਸ਼ੀਲਾ ਬਾਈਪਾਸ ਨੇੜੇ ਹੋਟਲ ਦੇ ਕਮਰਾ ਨੰਬਰ-307 ਵਿਚ ਠਹਿਰਣ ਲਈ ਆਇਆ ਸੀ ਪਰ ਐਤਵਾਰ ਦੁਪਹਿਰ ਜਦੋਂ ਹੋਟਲ ਦੇ ਸਟਾਫ਼ ਨੇ ਕਮਰੇ ਦਾ ਦਰਵਾਜ਼ਾ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ ਤਾਂ ਦਰਵਾਜ਼ਾ ਨਹੀਂ ਖੁੱਲ੍ਹਿਆ। ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਮੌਕੇ 'ਤੇ ਪੁੱਜੀ ਅਤੇ ਦਰਵਾਜ਼ਾ ਤੋੜਿਆ ਗਿਆ। ਅੰਦਰ ਵੇਖਿਆ ਤਾਂ ਅਮਨ ਦੀ ਲਾਸ਼ ਲਹੂ-ਲੁਹਾਣ ਪਈ ਸੀ।

ਪੁਲਸ ਨੇ ਖ਼ੁਦਕੁਸ਼ੀ ਵਿਚ ਵਰਤੋਂ ਕੀਤੀ ਗਈ ਪਿਸਤੌਲ ਨੂੰ ਵੀ ਬਰਾਮਦ ਕਰ ਲਿਆ ਹੈ। ਜਾਂਚ ਅਧਿਕਾਰੀ ਰਾਜਕਰਨ ਨੇ ਦੱਸਿਆ ਕਿ ਡਾਇਲ 112 ਦੀ ਸੂਚਨਾ 'ਤੇ ਉਹ ਇੱਥੇ ਜਾਂਚ ਕਰਨ ਲਈ ਆਏ ਅਤੇ ਉਹ ਕਮਰੇ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋਏ। ਉਸ ਸਮੇਂ ਅਮਨ ਦੀ ਲਾਸ਼ ਬੈੱਡ 'ਤੇ ਪਈ ਹੋਈ ਸੀ। ਪਰਿਵਾਰ ਨੂੰ ਸੂਚਿਤ ਕੀਤਾ ਗਿਆ। ਮੌਕੇ 'ਤੇ ਕੋਈ ਸੁਸਾਈਡ ਨੋਟ ਵੀ ਬਰਾਮਦ ਨਹੀਂ ਹੋਇਆ ਹੈ, ਇਸ ਲਈ ਅਜੇ ਪਤਾ ਨਹੀਂ ਲੱਗ ਸਕਿਆ ਕਿ ਅਮਨ ਨੇ ਖ਼ੁਦਕੁਸ਼ੀ ਕਿਉਂ ਕੀਤੀ।


author

Tanu

Content Editor

Related News