ਰੋਡਵੇਜ਼ ਅਤੇ ਪਬਲਿਕ ਟਰਾਂਸਪੋਰਟ ਬੱਸਾਂ ਦੀ ਹੋਈ ਟੱਕਰ, 4 ਦੀ ਮੌਤ, 20 ਜ਼ਖਮੀ
Monday, Jul 09, 2018 - 01:23 PM (IST)
ਰਾਜਸਥਾਨ— ਆਗਰਾ-ਬੀਕਾਨੇਰ ਨੈਸ਼ਨਲ ਹਾਈਵੇਅ 'ਤੇ ਸੋਮਵਾਰ ਨੂੰ ਦੌਸਾ ਦੇ ਰੇਟਾ ਨੇੜੇ ਹੋਏ ਸੜਕ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 20 ਲੋਕ ਜ਼ਖਮੀ ਹੋ ਗਏ। ਜ਼ਖਮੀਆਂ 'ਚੋਂ 6 ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਜੈਪੁਰ ਰੈਫਰ ਕਰ ਦਿੱਤਾ ਗਿਆ ਹੈ। ਹਾਦਸਾ ਰੋਡਵੇਜ਼ ਬੱਸ ਅਤੇ ਪਬਲਿਕ ਟਰਾਂਸਪੋਰਟ ਸੇਵਾ ਦੀ ਬੱਸ ਟਕਰਾਉਣ ਕਰਕੇ ਹੋਇਆ। ਘਟਨਾ ਦਾ ਕਾਰਨ ਪਬਲਿਕ ਟਰਾਂਸਪੋਰਟ ਬੱਸ ਦੀ ਰਫਤਾਰ ਤੇਜ਼ ਹੋਣਾ ਦੱਸਿਆ ਜਾ ਰਿਹਾ ਹੈ।
ਇਹ ਹਾਦਸਾ ਸਵੇਰੇ 9.30 ਵਜੇ ਸਿਕੰਦਰਾ ਥਾਣਾ ਇਲਾਕੇ ਦੇ ਰੇਟਾ ਨੇੜੇ ਹੋਇਆ। ਦੋ ਬੱਸਾਂ ਭਰਤਪੁਰ ਤੋਂ ਜੈਪੁਰ ਵੱਲ ਜਾ ਰਹੀਆਂ ਸਨ। ਰਾਜਸਥਾਨ ਰੋਡਵੇਜ਼ ਦੀ ਬੱਸ ਅੱਗੇ ਚੱਲ ਰਹੀ ਸੀ ਅਤੇ ਰਾਜਸਥਾਨ ਪਬਲਿਕ ਟਰਾਂਸਪੋਰਟ ਦੀ ਬੱਸ ਉਸ ਦੇ ਪਿੱਛੇ ਸੀ। ਇਸ ਦੌਰਾਨ ਪਬਲਿਕ ਟਰਾਂਸਪੋਰਟ ਬੱਸ ਦੇ ਚਾਲਕ ਨੇ ਤੇਜ਼ ਰਫਤਾਰ 'ਚ ਰੋਡਵੇਜ਼ ਬੱਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਦੋਵਾਂ ਬੱਸਾਂ ਦੀ ਆਪਸ 'ਚ ਟੱਕਰ ਹ ੋਗਈ। ਹਾਦਸਾ ਹੁੰਦੇ ਹੀ ਮੌਕੇ 'ਤੇ ਭਗਦੜ ਮਚ ਗਈ ਅਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਹਾਦਸੇ 'ਚ ਚਾਰ ਯਾਤਰੀਆਂ ਦੀ ਮੌਤ ਹੋ ਗਈ ਅਤੇ 20 ਜ਼ਖਮੀ ਹੋ ਗਏ। ਪਿੰਡ ਵਾਸੀਆਂ ਨੇ ਜ਼ਖਮੀਆਂ ਨੂੰ ਤੁਰੰਤ ਬੱਸ 'ਚੋਂ ਕੱਢ ਕੇ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
