ਲਕਸ਼ਮਣ ਝੂਲੇ 'ਤੇ ਬਣਾਈ ਅਸ਼ਲੀਲ ਵੀਡੀਓ, Influencer 'ਤੇ FIR ਦਰਜ
Friday, Nov 22, 2024 - 04:45 PM (IST)
ਰਿਸ਼ੀਕੇਸ਼- ਉੱਤਰਾਖੰਡ ਦੇ ਰਿਸ਼ੀਕੇਸ਼ 'ਚ ਲਕਸ਼ਮਣ ਝੂਲਾ ਥਾਣਾ ਖੇਤਰ ਦੇ ਗੰਗਾ ਘਾਟ 'ਤੇ ਇਕ ਨੌਜਵਾਨ ਅਤੇ ਲੜਕੀ ਨੂੰ ਅਸ਼ਲੀਲ ਵੀਡੀਓ ਬਣਾਉਣ 'ਤੇ ਪੁਲਸ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ। ਦੋਵਾਂ ਨੇ ਜਾਨਕੀ ਸੇਤੂ ਪੁਲ ਨੇੜੇ ਗੰਗਾ ਘਾਟ 'ਤੇ ਰੀਲ ਸ਼ੂਟ ਕੀਤੀ ਸੀ, ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ। ਇਹ ਅਸ਼ਲੀਲ ਰੀਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਸਮਝੀ ਜਾ ਰਹੀ ਸੀ ਅਤੇ ਪੁਲਸ ਨੇ ਇਸ ਦਾ ਨੋਟਿਸ ਲੈਂਦਿਆਂ ਉਕਤ ਨੌਜਵਾਨ ਅਤੇ ਲੜਕੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲਾ ਦਰਜ ਹੋਣ ਤੋਂ ਬਾਅਦ ਨੌਜਵਾਨ ਨੇ ਆਪਣੀ ਸੋਸ਼ਲ ਮੀਡੀਆ ਪ੍ਰੋਫਾਈਲ ਤੋਂ ਰੀਲ ਹਟਾ ਦਿੱਤੀ ਹੈ। ਰੀਲ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਦੌੜ 'ਚ ਕਈ ਲੋਕ ਧਾਰਮਿਕ ਸਥਾਨਾਂ 'ਤੇ ਮਰਿਆਦਾ ਦੀ ਉਲੰਘਣਾ ਕਰ ਰਹੇ ਹਨ, ਜਿਸ ਕਾਰਨ ਸਥਾਨਕ ਲੋਕਾਂ ਅਤੇ ਗੰਗਾ ਮਾਤਾ ਦੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ। ਪੁਜਾਰੀਆਂ ਅਤੇ ਸਥਾਨਕ ਨਿਵਾਸੀਆਂ ਦਾ ਦੋਸ਼ ਹੈ ਕਿ ਗੰਗਾ ਘਾਟਾਂ 'ਤੇ ਅਸ਼ਲੀਲ ਰੀਲਾਂ ਅਤੇ ਵੀਡੀਓ ਬਣਾਉਣ ਦੀਆਂ ਘਟਨਾਵਾਂ ਵਧ ਰਹੀਆਂ ਹਨ, ਜੋ ਕਿ ਆਸਥਾ ਦਾ ਅਪਮਾਨ ਹੈ। ਉਹ ਪ੍ਰਸ਼ਾਸਨ ਤੋਂ ਅਜਿਹੀਆਂ ਗਤੀਵਿਧੀਆਂ ਸਬੰਧੀ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ- ਰਿਲੀਜ਼ ਤੋਂ ਪਹਿਲਾਂ ਵਿਵਾਦਾ 'ਚ 'ਪੁਸ਼ਪਾ-2', ਹਿੰਦੂ ਜਥੇਬੰਦੀਆਂ ਦੀ ਮੰਗ, ਦਰਜ ਹੋਵੇ FIR
ਲੜਕੇ-ਲੜਕੀ ਦੀ ਕੀਤੀ ਜਾ ਰਹੀ ਹੈ ਪਛਾਣ
ਹਾਲ ਹੀ 'ਚ ਵਾਇਰਲ ਹੋਈ ਇਕ ਅਸ਼ਲੀਲ ਰੀਲ ਪੁਲਸ ਤੱਕ ਪਹੁੰਚੀ, ਜਿਸ 'ਤੇ ਪੁਲਸ ਨੇ ਤੁਰੰਤ ਕਾਰਵਾਈ ਕੀਤੀ। ਪੁਲਸ ਅਧਿਕਾਰੀ ਰਵੀ ਸੈਣੀ ਮੁਤਾਬਕ ਵੀਡੀਓ ਬਣਾਉਣ ਵਾਲੇ ਨੌਜਵਾਨ ਅਤੇ ਔਰਤ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਰੀਲਾਂ ਬਣਾਉਣ ਦਾ ਰੁਝਾਨ ਨੌਜਵਾਨਾਂ ਨੂੰ ਹੱਦੋਂ ਵੱਧ ਭਟਕਾ ਰਿਹਾ ਹੈ ਅਤੇ ਉਹ ਧਾਰਮਿਕ ਸਥਾਨਾਂ ਦੀ ਮਰਿਆਦਾ ਦਾ ਵੀ ਖਿਆਲ ਨਹੀਂ ਰੱਖਦੇ।
ਧਾਰਮਿਕ ਸਥਾਨਾਂ 'ਤੇ ਬਣਾਈ ਰੱਖੋ ਮਰਿਆਦਾ
ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਲੋਕਾਂ ਨੂੰ ਧਾਰਮਿਕ ਸਥਾਨਾਂ 'ਤੇ ਆਪਣੇ ਆਚਰਣ 'ਚ ਮਰਿਆਦਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਗੰਗਾ ਘਾਟਾਂ ਦੀ ਵਰਤੋਂ ਸਿਰਫ਼ ਧਾਰਮਿਕ ਕੰਮਾਂ ਲਈ ਹੀ ਕੀਤੀ ਜਾਣੀ ਚਾਹੀਦੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਅਸ਼ਲੀਲ ਜਾਂ ਅਣਉਚਿਤ ਗਤੀਵਿਧੀਆਂ ਤੋਂ ਬਚਣਾ ਚਾਹੀਦਾ ਹੈ। ਇਸ ਮਾਮਲੇ ਨੇ ਇਕ ਵਾਰ ਫਿਰ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਲੋਕ ਸੋਸ਼ਲ ਮੀਡੀਆ 'ਤੇ ਪ੍ਰਸਿੱਧੀ ਹਾਸਲ ਕਰਨ ਲਈ ਕਿਸ ਹੱਦ ਤੱਕ ਜਾ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।