‘ਆਰ. ਜੀ. ਕਰ ਹਸਪਤਾਲ’ ਮਾਮਲਾ, ਜੂਨੀਅਰ ਡਾਕਟਰਾਂ ਨੇ CBI ਦਫ਼ਤਰ ਤੱਕ ਕੱਢਿਆ ਮਸ਼ਾਲ ਜਲੂਸ
Wednesday, Oct 30, 2024 - 11:36 PM (IST)
ਕੋਲਕਾਤਾ, (ਭਾਸ਼ਾ)- ਪੱਛਮੀ ਬੰਗਾਲ ਦੇ ਸਰਕਾਰੀ ‘ਆਰ. ਜੀ. ਕਰ’ ਹਸਪਤਾਲ ’ਚ ਮਹਿਲਾ ਟ੍ਰੇਨੀ ਡਾਕਟਰ ਨਾਲ ਜਬਰ-ਜ਼ਨਾਹ ਅਤੇ ਕਤਲ ਦੇ ਮਾਮਲੇ ’ਚ ਇਨਸਾਫ ਦੀ ਮੰਗ ਕਰ ਰਹੇ ਜੂਨੀਅਰ ਡਾਕਟਰਾਂ ਨੇ ਬੁੱਧਵਾਰ ਸ਼ਾਮ ਨੂੰ ਆਮ ਲੋਕਾਂ ਨਾਲ ਮਿਲ ਕੇ ਮਸ਼ਾਲ ਜਲੂਸ ਕੱਢਿਆ। ਪੱਛਮੀ ਬੰਗਾਲ ਜੂਨੀਅਰ ਡਾਕਟਰਜ਼ ਮੰਚ ਅਤੇ ਕਈ ਨਾਗਰਿਕ ਸਮਾਜ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਸਾਲਟ ਲੇਕ ਦੇ ਸੈਕਟਰ 3 ਸਥਿਤ ਪੱਛਮੀ ਬੰਗਾਲ ਮੈਡੀਕਲ ਕੌਂਸਲ ਦਫ਼ਤਰ ਤੋਂ ਸੈਕਟਰ 1 ’ਚ ਸੀ.ਜੀ.ਓ. ਕੰਪਲੈਕਸ ’ਚ ਸਥਿਤ ਸੀ.ਬੀ.ਆਈ. ਦਫ਼ਤਰ ਤੱਕ ਰੋਸ ਵਿਖਾਵਾ ਕੀਤਾ।
ਜਲੂਸ ’ਚ ਸ਼ਾਮਲ ਲੋਕਾਂ ਨੇ ‘ਸਾਨੂੰ ਨਿਆਂ ਚਾਹੀਦੈ’ ਵਰਗੇ ਨਾਅਰੇ ਲਾਏ ਅਤੇ ਸੀ.ਬੀ.ਆਈ. ਨੰੂ ਜਬਰ-ਜ਼ਨਾਹ-ਕਤਲ ਮਾਮਲੇ ਦੀ ਜਾਂਚ ਜਲਦੀ ਤੋਂ ਜਲਦੀ ਮੁਕੰਮਲ ਕਰਨ ਦੀ ਮੰਗ ਕੀਤੀ। ਰੋਸ ਵਿਖਾਵੇ ’ਚ ਸ਼ਾਮਲ ਇਕ ਡਾਕਟਰ ਨੇ ਕਿਹਾ, ‘ਘਟਨਾ ਨੂੰ ਲਗਭਗ 3 ਮਹੀਨੇ ਹੋ ਗਏ ਹਨ। ਸੀ.ਬੀ.ਆਈ. ਅਜੇ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਉਹ ਆਪਣੀ ਜਾਂਚ ਵਿਚ ਤੇਜ਼ ਲਿਆਵੇ।”