ਸ਼੍ਰੀਜੇਸ਼ ਨੇ ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਦੇ ਅਹੁਦੇ ਲਈ ਮੁੜ ਕੀਤਾ ਅਪਲਾਈ
Wednesday, Feb 18, 2026 - 10:37 AM (IST)
ਨਵੀਂ ਦਿੱਲੀ- ਮਹਾਨ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਨੇ ਭਾਰਤ ਦੀ ਜੂਨੀਅਰ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਵਜੋਂ ਆਪਣਾ ਕਾਰਜਕਾਲ ਪਿਛਲੇ ਸਾਲ ਦਸੰਬਰ ’ਚ ਖਤਮ ਹੋਣ ਤੋਂ ਬਾਅਦ ਇਸ ਅਹੁਦੇ ਲਈ ਦੁਬਾਰਾ ਅਰਜ਼ੀ ਦਿੱਤੀ ਹੈ। ਇਸ ਨਿਯੁਕਤੀ ’ਤੇ ਅਗਲੇ ਪੰਦਰਵਾੜੇ ’ਚ ਫੈਸਲਾ ਹੋਣ ਦੀ ਸੰਭਾਵਨਾ ਹੈ। ਦੋ ਵਾਰ ਦੇ ਓਲੰਪਿਕ ਕਾਂਸੀ ਤਗਮਾ ਜੇਤੂ ਸ਼੍ਰੀਜੇਸ਼ ਨੂੰ ਅਗਸਤ 2024 ’ਚ ਜੂਨੀਅਰ ਪੁਰਸ਼ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ।
ਉਸ ਦੀ ਅਗਵਾਈ ਹੇਠ ਭਾਰਤ ਨੇ ਬੀਤੇ ਦਸੰਬਰ ’ਚ ਚੇਨਈ ਵਿਖੇ ਆਯੋਜਿਤ ਐੱਫ. ਆਈ. ਐੱਚ. ਪੁਰਸ਼ ਹਾਕੀ ਜੂਨੀਅਰ ਵਿਸ਼ਵ ਕੱਪ ’ਚ ਕਾਂਸੀ ਤਗਮਾ ਜਿੱਤਿਆ ਸੀ। ਸ਼੍ਰੀਜੇਸ਼ ਨੇ ਕਿਹਾ,‘‘ਹਾਂ, ਵਿਸ਼ਵ ਕੱਪ ਤੋਂ ਬਾਅਦ 21 ਦਸੰਬਰ ਨੂੰ ਮੇਰਾ ਕਰਾਰ ਖਤਮ ਹੋ ਗਿਆ ਸੀ ਤੇ ਉਸ ਤੋਂ ਬਾਅਦ ਮੈਂ ਕੇਰਲ ਸਥਿਤ ਆਪਣੇ ਜੱਦੀ ਸ਼ਹਿਰ ’ਚ ਹਾਂ। ਇਸ਼ਤਿਹਾਰ ਆਉਣ ’ਤੇ ਮੈਂ ਦੁਬਾਰਾ ਅਰਜ਼ੀ ਦਿੱਤੀ ਹੈ। ਮੈਨੂੰ ਪਤਾ ਹੈ ਕਿ 6-7 ਹੋਰ ਉਮੀਦਵਾਰਾਂ ਨੇ ਵੀ ਅਰਜ਼ੀ ਦਿੱਤੀ ਹੈ। ਹੁਣ ਦੇਖਦੇ ਹਾਂ ਕੀ ਹੁੰਦਾ ਹੈ।’’
