ਕੋਲਕਾਤਾ ਜਬਰ-ਜ਼ਿਨਾਹ ਮਾਮਲਾ; ਦੋਸ਼ੀ ਸੰਜੇ ਨੂੰ ਫਾਂਸੀ ਜਾਂ ਉਮਰ ਕੈਦ, ਫ਼ੈਸਲਾ ਅੱਜ

Monday, Jan 20, 2025 - 10:53 AM (IST)

ਕੋਲਕਾਤਾ ਜਬਰ-ਜ਼ਿਨਾਹ ਮਾਮਲਾ; ਦੋਸ਼ੀ ਸੰਜੇ ਨੂੰ ਫਾਂਸੀ ਜਾਂ ਉਮਰ ਕੈਦ, ਫ਼ੈਸਲਾ ਅੱਜ

ਕੋਲਕਾਤਾ- ਕੋਲਕਾਤਾ ਦੇ ਸਰਕਾਰੀ ਆਰ. ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਇਕ ਮਹਿਲਾ ਸਿਖਿਆਰਥੀ ਡਾਕਟਰ ਦੇ ਕਤਲ ਅਤੇ ਜਬਰ-ਜ਼ਿਨਾਹ ਦੇ ਦੋਸ਼ੀ ਪਾਏ ਗਏ ਸੰਜੇ ਰਾਏ ਨੂੰ ਅੱਜ ਦੁਪਹਿਰ ਕੋਲਕਾਤਾ ਦੀ ਇਕ ਵਿਸ਼ੇਸ਼ ਅਦਾਲਤ ਵੱਲੋਂ ਸਜ਼ਾ ਸੁਣਾਈ ਜਾਵੇਗੀ। ਜਿਨ੍ਹਾਂ ਧਾਰਾਵਾਂ ਤਹਿਤ ਰਾਏ ਨੂੰ ਦੋਸ਼ੀ ਠਹਿਰਾਇਆ ਗਿਆ ਹੈ, ਉਨ੍ਹਾਂ ਤਹਿਤ ਉਸ ਨੂੰ ਘੱਟੋ-ਘੱਟ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ, ਜਦਕਿ ਵੱਧ ਤੋਂ ਵੱਧ ਮੌਤ ਦੀ ਸਜ਼ਾ ਹੋ ਸਕਦੀ ਹੈ।

ਆਖ਼ਰੀ ਬਿਆਨ ਦਰਜ ਕਰਨ ਮਗਰੋਂ ਸੁਣਾਈ ਜਾਵੇਗੀ ਸਜ਼ਾ

ਮਹਿਲਾ ਸਿਖਿਆਰਥੀ ਡਾਕਟਰ ਦੀ ਲਾਸ਼ ਅਗਸਤ 2024 ਨੂੰ ਕੋਲਕਾਤਾ ਦੇ ਹਸਪਤਾਲ ਕੰਪਲੈਕਸ ਵਿਚ ਮਿਲੀ ਸੀ। ਵਿਸ਼ੇਸ਼ ਅਦਾਲਤ ਦੇ ਜੱਜ ਅਨਿਰਬਾਨ ਦਾਸ ਨੇ 18 ਜਨਵਰੀ ਨੂੰ ਸੰਜੇ ਨੂੰ ਦੋਸ਼ੀ ਕਰਾਰ ਦਿੱਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਵਿਸ਼ੇਸ਼ ਅਦਾਲਤ ਦੀ ਕਾਰਵਾਈ ਸੋਮਵਾਰ ਦੁਪਹਿਰ ਕਰੀਬ 12 ਵਜੇ ਸ਼ੁਰੂ ਹੋਵੇਗੀ। ਮੁਢਲੇ ਤੌਰ 'ਤੇ ਜੱਜ ਦੋਸ਼ੀ ਸੰਜੇ ਰਾਏ ਅਤੇ ਪੀੜਤ ਦੇ ਮਾਤਾ-ਪਿਤਾ ਨੂੰ ਕੇਸ 'ਤੇ ਆਪਣਾ ਅੰਤਿਮ ਬਿਆਨ ਦੇਣ ਦੀ ਇਜਾਜ਼ਤ ਦੇਣਗੇ। ਇਸ ਤੋਂ ਬਾਅਦ ਵਿਸ਼ੇਸ਼ ਅਦਾਲਤ ਦੇ ਜੱਜ ਇਸ ਮਾਮਲੇ 'ਚ ਸਜ਼ਾ ਸੁਣਾਉਣਗੇ।

ਇਨ੍ਹਾਂ ਧਾਰਾਵਾਂ ਤਹਿਤ ਸੰਜੇ ਦੋਸ਼ੀ ਕਰਾਰ

ਸੰਜੇ ਨੂੰ 10 ਅਗਸਤ, 2024 ਨੂੰ ਆਰ.ਜੀ. ਕਰ ਹਸਪਤਾਲ ਦੇ ਸੈਮੀਨਾਰ ਰੂਮ 'ਚ 31 ਸਾਲਾ ਡਾਕਟਰ ਦੀ ਲਾਸ਼ ਮਿਲਣ ਤੋਂ ਇਕ ਦਿਨ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਜੱਜ ਨੇ ਦੋਸ਼ੀ ਨੂੰ  ਭਾਰਤੀ ਨਿਆਂਇਕ ਸੰਹਿਤਾ (BNS) ਦੀ ਧਾਰਾ 64, 66 ਅਤੇ 103 (1) ਦੇ ਤਹਿਤ ਦੋਸ਼ੀ ਠਹਿਰਾਇਆ ਹੈ। BNS ਦੀ ਧਾਰਾ 64 (ਜਬਰ-ਜ਼ਿਨਾਹ) ਤਹਿਤ ਘੱਟੋ-ਘੱਟ 10 ਸਾਲ ਦੀ ਸਜ਼ਾ ਦਾ ਪ੍ਰਬੰਧ ਹੈ, ਜੋ ਉਮਰ ਕੈਦ ਤੱਕ ਜਾ ਸਕਦੀ ਹੈ। ਧਾਰਾ 66 ਤਹਿਤ ਘੱਟੋ-ਘੱਟ 20 ਸਾਲ ਦੀ ਸਜ਼ਾ ਦੀ ਵਿਵਸਥਾ ਹੈ ਅਤੇ ਇਹ ਉਮਰ ਕੈਦ ਤੱਕ ਜਾ ਸਕਦੀ ਹੈ। BNS ਦੀ ਧਾਰਾ 103(1) (ਕਤਲ) ਦੇ ਤਹਿਤ ਦੋਸ਼ੀ ਲਈ ਮੌਤ ਦੀ ਸਜ਼ਾ ਜਾਂ ਉਮਰ ਕੈਦ ਦੀ ਵਿਵਸਥਾ ਹੈ। ਕੋਲਕਾਤਾ ਹਾਈ ਕੋਰਟ ਨੇ ਮਾਮਲੇ ਦੀ ਜਾਂਚ ਕੋਲਕਾਤਾ ਪੁਲਸ ਤੋਂ ਕੇਂਦਰੀ ਜਾਂਚ ਬਿਊਰੋ (CBI) ਨੂੰ ਸੌਂਪ ਦਿੱਤੀ ਸੀ।

ਪਿਛਲੇ ਸਾਲ 9 ਅਗਸਤ ਨੂੰ ਮਿਲੀ ਸੀ ਮਹਿਲਾ ਡਾਕਟਰ ਦੀ ਲਾਸ਼ 

ਦੱਸ ਦੇਈਏ ਕਿ ਪਿਛਲੇ ਸਾਲ 9 ਅਗਸਤ ਨੂੰ ਸਵੇਰੇ ਆਰ. ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸੈਮੀਨਾਰ ਹਾਲ 'ਚੋਂ ਇਕ ਸਿਖਿਆਰਥੀ ਮਹਿਲਾ ਡਾਕਟਰ ਦੀ ਲਾਸ਼ ਬਰਾਮਦ ਹੋਈ ਸੀ। ਮਾਮਲੇ ਦੀ ਸ਼ੁਰੂਆਤੀ ਜਾਂਚ ਕੋਲਕਾਤਾ ਪੁਲਸ ਦੀ ਵਿਸ਼ੇਸ਼ ਜਾਂਚ ਟੀਮ ਨੇ ਕੀਤੀ ਸੀ, ਜਿਸ ਨੇ ਰਾਏ ਨੂੰ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ CBI ਨੇ ਅਪਰਾਧ ਦੀ ਤਾਰੀਖ਼ ਤੋਂ ਪੰਜ ਦਿਨ ਬਾਅਦ ਜਾਂਚ ਸ਼ੁਰੂ ਕੀਤੀ ਅਤੇ ਬਾਅਦ ਵਿਚ ਸਿਟੀ ਪੁਲਸ ਵਲੋਂ ਜਾਂਚ ਕੇਂਦਰੀ ਏਜੰਸੀ ਦੇ ਅਧਿਕਾਰੀਆਂ ਨੂੰ ਸੌਂਪ ਦਿੱਤੀ ਗਈ।


 


author

Tanu

Content Editor

Related News