ਬੜੌਲੀ ਨਾਲ ਜੁੜੇ ਜਬਰ-ਜ਼ਿਨਾਹ ਕੇਸ ’ਚ ਟਵਿਸਟ, ਪੀੜਤਾ ਦੀ ਸਹੇਲੀ ਦਾ ਨਵਾਂ ਖ਼ੁਲਾਸਾ

Thursday, Jan 16, 2025 - 04:30 PM (IST)

ਬੜੌਲੀ ਨਾਲ ਜੁੜੇ ਜਬਰ-ਜ਼ਿਨਾਹ ਕੇਸ ’ਚ ਟਵਿਸਟ, ਪੀੜਤਾ ਦੀ ਸਹੇਲੀ ਦਾ ਨਵਾਂ ਖ਼ੁਲਾਸਾ

ਚੰਡੀਗੜ੍ਹ (ਅਵਿਨਾਸ਼ ਪਾਂਡੇ)- ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬੜੌਲੀ ਅਤੇ ਗਾਇਕ ਜੈ ਭਗਵਾਨ ਉਰਫ ਰਾਕੀ ਮਿੱਤਲ ਵਿਰੁੱਧ ਸਮੂਹਿਕ ਜਬਰ-ਜ਼ਿਨਾਹ ਮਾਮਲੇ ਵਿਚ ਗਵਾਹ ਬਣਾਈ ਗਈ ਕੁੜੀ ਨੇ ਆਪਣੀ ਸਹੇਲੀ ਅਤੇ ਪੀੜਤ ਔਰਤ ਦੇ ਸਾਰੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।

ਉਹ ਸਿਰਫ ਰਾਕੀ ਮਿੱਤਲ ਨੂੰ ਮਿਲੀ ਸੀ, ਬੜੌਲੀ ਨੂੰ ਨਹੀਂ

ਬੁੱਧਵਾਰ ਨੂੰ ਪੰਚਕੂਲਾ ਵਿਚ ਮੀਡੀਆ ਦੇ ਸਾਹਮਣੇ ਆਈ ਪੀੜਤਾ ਦੀ ਸਹੇਲੀ ਨੇ ਕਿਹਾ ਕਿ ਉਹ ਕਸੌਲੀ ਦੇ ਹੋਟਲ ਵਿਚ ਸਿਰਫ ਗਾਇਕ ਰਾਕੀ ਮਿੱਤਲ ਨੂੰ ਮਿਲੀ ਸੀ। ਉਹ ਨਾ ਤਾਂ ਮੋਹਨ ਲਾਲ ਬੜੌਲੀ ਨੂੰ ਜਾਣਦੀ ਹੈ ਅਤੇ ਨਾ ਹੀ ਉਸ ਨੇ ਉਨ੍ਹਾਂ ਨੂੰ ਉਥੇ ਦੇਖਿਆ। ਮੈਨੂੰ ਤਾਂ ਕੇਸ ਦਰਜ ਹੋਣ ਤੋਂ ਬਾਅਦ ਪਤਾ ਲੱਗਾ ਕਿ ਮੈਨੂੰ ਗਵਾਹ ਬਣਾਇਆ ਗਿਆ ਹੈ। ਮੇਰੀ ਸਹੇਲੀ ਦੀ ਕੁਝ ਸਮੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਉਸ ਨੂੰ ਪੈਸੇ ਮਿਲਣਗੇ ਅਤੇ ਉਸ ਦੇ ਦੋਸਤ ਦੇ ਬੌਸ (ਅਮਿਤ ਬਿੰਦਲ) ਨੂੰ ਟਿਕਟ ਮਿਲੇਗੀ, ਚੇਅਰਮੈਨ ਦੀ। ਸਹੇਲੀ ਨੇ ਕਿਹਾ ਕਿ ਜੇ ਇੰਨੇ ਵੱਡੇ ਹੋਟਲ ਵਿਚ ਸਮੂਹਿਕ ਜਬਰ-ਜ਼ਿਨਾਹ ਹੁੰਦਾ, ਤਾਂ ਕੀ ਉਹ ਰੌਲਾ ਨਾ ਪਾਉਂਦੀ। ਆਲੇ-ਦੁਆਲੇ ਦੇ ਲੋਕਾਂ ਨੂੰ ਪਤਾ ਨਾ ਲੱਗਦਾ। ਇਹ ਸਾਰਾ ਮਾਮਲਾ ਝੂਠਾ ਹੈ।

ਔਰਤ ਦੀ ਸਹੇਲੀ ਨੇ ਦੱਸਿਆ ਕਿ ਉਨ੍ਹਾਂ ਨੇ ਮੈਨੂੰ ਬਾਹਰ ਜਾਣ ਲਈ ਕਿਹਾ, ਉਨ੍ਹਾਂ ਦੇ ਬੌਸ ਨਾਲ ਅਸੀਂ ਕਸੌਲੀ ਗਏ। ਮੈਂ ਕੰਮ ਤੋਂ ਥੋੜ੍ਹੀ ਵਿਹਲੀ ਸੀ। ਮੇਰੀ ਸਹੇਲੀ ਨੇ ਕਿਹਾ ਚਲੋ ਘੁੰਮਣ ਚਲਦੇ ਹਾਂ। ਮੈਂ, ਮੇਰੀ ਸਹੇਲੀ ਅਤੇ ਉਸ ਦਾ ਬੌਸ ਕਸੌਲੀ ਘੁੰਮਣ ਗਏ ਸੀ। ਕੇਸ ਵਿਚ ਜਿਨ੍ਹਾਂ ਦਾ ਨਾਂ ਹੈ ਰਾਕੀ ਮਿੱਤਲ, ਉਹ ਉਥੇ ਸਾਨੂੰ ਮਿਲੇ ਸਨ। ਮੈਂ, ਮੇਰੀ ਦੋਸਤ ਅਤੇ ਉਸ ਦਾ ਬੌਸ ਇਕੋ ਹੀ ਕਮਰੇ ਵਿਚ ਸੀ। ਅਸੀਂ ਥੋੜ੍ਹੀਆਂ ਗੱਲਾਂ ਕੀਤੀਆਂ ਅਤੇ ਫਿਰ ਸੌਂ ਗਏ। ਉਸ ਤੋਂ ਬਾਅਦ ਸਵੇਰੇ ਅਸੀਂ ਉਥੋਂ ਨਿਕਲ ਗਏ। ਉਥੇ ਕੁਝ ਨਹੀਂ ਹੋਇਆ, ਸਭ ਕੁਝ ਨਾਰਮਲ ਸੀ। ਪੀੜਤ ਔਰਤ ਦੀ ਸਹੇਲੀ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਅਚਾਨਕ ਮੇਰੇ ਕੋਲ ਇਹ ਸਭ ਚੀਜ਼ਾਂ ਆਈਆਂ। ਮਤਲਬ ਕਿ ਉਨ੍ਹਾਂ ਨੇ ਕੋਈ ਐੱਫ. ਆਈ. ਆਰ. ਦਰਜ ਕਰਵਾਈ ਹੈ, ਜਿਸ ਵਿਚ ਜਬਰ-ਜ਼ਨਾਹ ਹੋਇਆ ਹੈ।

ਬੜੌਲੀ ’ਤੇ ਲੱਗੇ ਦੋਸ਼ ਗੰਭੀਰ, ਹਾਈਕਮਾਨ ਉਚਿਤ ਨੋਟਿਸ ਲਵੇਗਾ : ਵਿਜ

ਓਧਰ ਹਰਿਆਣਾ ਦੇ ਊਰਜਾ, ਟਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ ਹਰਿਆਣਾ ਭਾਜਪਾ ਪ੍ਰਧਾਨ ਮੋਹਨ ਲਾਲ ਬੜੌਲੀ ’ਤੇ ਜਬਰ-ਜ਼ਿਨਾਹ ਦਾ ਕੇਸ ਦਰਜ ਹੋਣ ਦੇ ਮਾਮਲੇ ਵਿਚ ਕਿਹਾ ਕਿ ਜੋ ਦੋਸ਼ ਬੜੌਲੀ ’ਤੇ ਲੱਗੇ ਹਨ, ਉਹ ਅਸਲ ਵਿਚ ਗੰਭੀਰ ਹਨ। ਵਿਜ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਭਾਜਪਾ ਹਾਈਕਮਾਨ ਮਾਮਲੇ ਵਿਚ ਉਚਿਤ ਨੋਟਿਸ ਲਵੇਗੀ।


author

Tanu

Content Editor

Related News