ਮਾਕਪਾ ਵਰਕਰ ਦੇ ਕਤਲ ਮਾਮਲੇ ''ਚ RSS ਦੇ 9 ਵਰਕਰਾਂ ਨੂੰ ਉਮਰ ਕੈਦ
Tuesday, Jan 07, 2025 - 03:07 PM (IST)
ਕਨੂੰਰ- ਉੱਤਰੀ ਕੇਰਲ ਦੇ ਕਨੂੰਰ ਜ਼ਿਲ੍ਹੇ ਵਿਚ 19 ਸਾਲ ਪਹਿਲਾਂ ਮਾਕਪਾ CPI(M) ਦੇ ਇਕ ਵਰਕਰ ਦੇ ਕਤਲ ਮਾਮਲੇ ਵਿਚ ਅਦਾਲਤ ਨੇ ਮੰਗਲਵਾਰ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ RSS ਦੇ 9 ਵਰਕਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਦਰਅਸਲ 3 ਅਕਤੂਬਰ 2005 ਨੂੰ ਖੇਤਰ ਵਿਚ ਦੋ ਪਾਰਟੀਆਂ ਦਰਮਿਆਨ ਸਿਆਸੀ ਤਣਾਅ ਦੇ ਵਿਚਕਾਰ ਕੰਨਪੁਰਮ ਚੁੰਡਾ ਦੇ ਮਾਕਪਾ ਦੇ ਇਕ ਮੈਂਬਰ ਰਿਜੀਥ ਸੰਕਰਨ (25) ਨੂੰ ਇਕ ਮੰਦਰ ਦੇ ਨੇੜੇ ਹਮਲਾ ਕਰਕੇ ਮਾਰ ਦਿੱਤਾ ਗਿਆ ਸੀ। ਇਸਤਗਾਸਾ ਪੱਖ ਮੁਤਾਬਕ ਰਿਜੀਥ ਆਪਣੇ ਕੁਝ ਦੋਸਤਾਂ ਨਾਲ ਘਰ ਜਾ ਰਿਹਾ ਸੀ ਜਦੋਂ ਉਸ 'ਤੇ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਵਰਕਰਾਂ ਨੇ ਹਮਲਾ ਕਰ ਦਿੱਤਾ।
ਹਥਿਆਰਬੰਦ ਦੋਸ਼ੀਆਂ ਨੇ ਰਿਜੀਥ ਨੂੰ ਖੂਹ ਦੇ ਕੋਲ ਘੇਰ ਲਿਆ। ਹਮਲੇ 'ਚ ਉਸ ਦੇ ਤਿੰਨ ਦੋਸਤ ਵੀ ਜ਼ਖਮੀ ਹੋ ਗਏ। ਥਲਸੇਰੀ ਦੀ ਵਧੀਕ ਜ਼ਿਲ੍ਹਾ ਸੈਸ਼ਨ ਅਦਾਲਤ ਨੇ 4 ਜਨਵਰੀ ਨੂੰ ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਸ ਮਾਮਲੇ ਵਿਚ ਕੁੱਲ 10 ਮੁਲਜ਼ਮ ਸਨ, ਜਿਨ੍ਹਾਂ 'ਚੋਂ ਇਕ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਸੀ।
ਦੋਸ਼ੀਆਂ 'ਚ ਸੁਧਾਕਰਨ (57), ਜਯੇਸ਼ (41), ਰਣਜੀਤ (44), ਅਜੇਂਦਰਨ (51), ਅਨਿਲ ਕੁਮਾਰ (52), ਰਾਜੇਸ਼ (46), ਸ੍ਰੀਕਾਂਤ (47), ਸ੍ਰੀਜੀਤ (43) ਅਤੇ ਭਾਸਕਰਨ (67) ਸ਼ਾਮਲ ਹਨ। ਅਦਾਲਤ ਨੇ ਉਨ੍ਹਾਂ ਨੂੰ IPC ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕਤਲ (ਧਾਰਾ 302), ਕਤਲ ਦੀ ਕੋਸ਼ਿਸ਼ (ਧਾਰਾ 307), ਗੈਰ-ਕਾਨੂੰਨੀ ਇਕੱਠ (ਧਾਰਾ 143), ਦੰਗੇ (ਧਾਰਾ 147), ਹਥਿਆਰਾਂ ਨਾਲ ਆਪਣੀ ਮਰਜ਼ੀ ਨਾਲ ਸੱਟ ਪਹੁੰਚਾਉਣਾ (ਧਾਰਾ 324) ਸ਼ਾਮਲ ਹਨ।