ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਬਡੌਲੀ ਸਮੇਤ 2 ਵਿਅਕਤੀਆਂ ਵਿਰੁੱਧ ਜਬਰ-ਜ਼ਨਾਹ ਦਾ ਮਾਮਲਾ ਦਰਜ
Wednesday, Jan 15, 2025 - 12:27 AM (IST)
ਸੋਲਨ, (ਬਿਊਰੋ)- ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੌਲੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਉਨ੍ਹਾਂ ਵਿਰੁੱਧ ਕਸੌਲੀ ਥਾਣੇ ’ਚ ਸਮੂਹਿਕ ਜਬਰ-ਜ਼ਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਪੀੜਤਾ ਦੀ ਸ਼ਿਕਾਇਤ ’ਤੇ ਪੁਲਸ ਨੇ 13 ਦਸੰਬਰ, 2024 ਨੂੰ ਕਸੌਲੀ ਪੁਲਸ ਸਟੇਸ਼ਨ ’ਚ ਮੋਹਨ ਲਾਲ ਬਡੌਲੀ ਤੇ ਜੈ ਭਗਵਾਨ ਉਰਫ਼ ਰੌਕੀ ਮਿੱਤਲ ਵਿਰੁੱਧ ਜਬਰ-ਜ਼ਨਾਹ ਦਾ ਮਾਮਲਾ ਦਰਜ ਕੀਤਾ ਸੀ। ਹਾਲਾਂਕਿ ਇਹ ਘਟਨਾ 3 ਜੁਲਾਈ, 2023 ਦੀ ਦੱਸੀ ਜਾਂਦੀ ਹੈ।
ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਵਾਂ ਨੇ ਪੀੜ੍ਹਤਾ ਨੂੰ ਸਰਕਾਰੀ ਨੌਕਰੀ ਦੁਅਾਉਣ ਤੇ ਇਕ ਐਲਬਮ ’ਚ ਅਦਾਕਾਰਾ ਬਣਾਉਣ ਦਾ ਲਾਲਚ ਦੇ ਕੇ ਜਬਰ-ਜ਼ਨਾਹ ਕੀਤਾ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਸੋਲਨ ਪੁਲਸ ਨੇ ਇਕ ਮਹੀਨੇ ਤੱਕ ਇਸ ਬਾਰੇ ਕੋਈ ਸੁਰਾਗ ਨਹੀਂ ਲੱਗਣ ਦਿੱਤਾ।
ਇਸ ਨਾਲ ਪੁਲਸ ਦੇ ਕੰਮਕਾਜ ’ਤੇ ਵੀ ਸਵਾਲ ਉੱਠਦੇ ਹਨ ਕਿ ਕਿਸ ਤਰ੍ਹਾਂ ਦਾ ਦਬਾਅ ਸੀ ਕਿ ਛੋਟੇ -ਛੋਟੇ ਮਾਮਲਿਆਂ ’ਚ ਐੱਫ.ਆਈ.ਆਰ. ਦਰਜ ਕਰ ਕੇ ਆਪਣੀ ਪਿੱਠ ਥਾਪੜਣ ਵਾਲੀ ਸੋਲਨ ਪੁਲਸ ਨੇ ਇਸ ਹਾਈ ਪ੍ਰੋਫਾਈਲ ਮਾਮਲੇ ’ਚ ਕਿਉਂ ਚੁੱਪ ਧਾਰੀ ਰੱਖੀ?
ਹੋ ਸਕਦਾ ਹੈ ਕਿ ਜਾਂਚ ਪ੍ਰਭਾਵਿਤ ਹੋਣ ਦੇ ਡਰੋਂ ਪੁਲਸ ਨੇ ਐੱਫ. ਆਈ. ਆਰ. ਨੂੰ ਜਨਤਕ ਨਾ ਕੀਤਾ ਹੋਵੇ, ਪਰ ਹੁਣ ਮਾਮਲੇ ਦੇ ਉਜਾਗਰ ਹੋਣ ਤੋਂ ਬਾਅਦ ਦੋਵਾਂ ਮੁਲਜ਼ਮਾਂ ’ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ।
ਸੋਲਨ ਦੇ ਐੱਸ.ਪੀ. ਗੌਰਵ ਸਿੰਘ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪੁਲਸ ਨੇ ਮਾਮਲੇ ਦਾ ਸਖ਼ਤ ਨੋਟਿਸ ਲਿਆ ਹੈ ਤੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਦੌਰਾਨ ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੌਲੀ ਨੇ ਮੀਡੀਆ ਨੂੰ ਦਿੱਤੇ ਇਕ ਬਿਆਨ ’ਚ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਬਡੌਲੀ ਨੇ ਕਿਹਾ ਕਿ ਇਹ ਸਾਰਾ ਮਾਮਲਾ ਇਕ ਸਿਆਸੀ ਸਟੰਟ ਤੋਂ ਵੱਧ ਕੁਝ ਨਹੀਂ ਹੈ।