ਬਡੌਲੀ ਬੋਲੇ- ਹਿਮਾਚਲ ''ਚ ਸਮੂਹਿਕ ਜਬਰ-ਜ਼ਿਨਾਹ ਦਾ ਮਾਮਲਾ ਸਿਆਸੀ ਸਟੰਟ

Wednesday, Jan 15, 2025 - 03:50 PM (IST)

ਬਡੌਲੀ ਬੋਲੇ- ਹਿਮਾਚਲ ''ਚ ਸਮੂਹਿਕ ਜਬਰ-ਜ਼ਿਨਾਹ ਦਾ ਮਾਮਲਾ ਸਿਆਸੀ ਸਟੰਟ

ਸੋਲਨ-  ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੌਲੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਉਨ੍ਹਾਂ ਵਿਰੁੱਧ ਕਸੌਲੀ ਥਾਣੇ ’ਚ ਸਮੂਹਿਕ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤਾ ਦੀ ਸ਼ਿਕਾਇਤ ’ਤੇ ਪੁਲਸ ਨੇ 13 ਦਸੰਬਰ, 2024 ਨੂੰ ਕਸੌਲੀ ਪੁਲਸ ਸਟੇਸ਼ਨ ’ਚ ਮੋਹਨ ਲਾਲ ਬਡੌਲੀ ਤੇ ਜੈ ਭਗਵਾਨ ਉਰਫ਼ ਰੌਕੀ ਮਿੱਤਲ ਵਿਰੁੱਧ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕੀਤਾ ਸੀ। ਹਾਲਾਂਕਿ ਇਹ ਘਟਨਾ 3 ਜੁਲਾਈ, 2023 ਦੀ ਦੱਸੀ ਜਾਂਦੀ ਹੈ।

ਸਰਕਾਰੀ ਨੌਕਰੀ ਦਿਵਾਉਣ ਅਤੇ ਅਦਾਕਾਰਾ ਬਣਾਉਣ ਦਾ ਲਾਲਚ ਦੇ ਕੇ ਕੀਤਾ ਜਬਰ-ਜ਼ਿਨਾਹ 

ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਵਾਂ ਨੇ ਪੀੜਤਾ ਨੂੰ ਸਰਕਾਰੀ ਨੌਕਰੀ ਦਿਵਾਉਣ ਤੇ ਇਕ ਐਲਬਮ ’ਚ ਅਦਾਕਾਰਾ ਬਣਾਉਣ ਦਾ ਲਾਲਚ ਦੇ ਕੇ ਜਬਰ-ਜ਼ਿਨਾਹ ਕੀਤਾ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸੋਲਨ ਪੁਲਸ ਨੇ ਇਕ ਮਹੀਨੇ ਤੱਕ ਇਸ ਬਾਰੇ ਕੋਈ ਸੁਰਾਗ ਨਹੀਂ ਲੱਗਣ ਦਿੱਤਾ। ਇਸ ਨਾਲ ਪੁਲਸ ਦੇ ਕੰਮਕਾਜ ’ਤੇ ਵੀ ਸਵਾਲ ਚੁੱਕਦੇ ਹਨ ਕਿ ਕਿਸ ਤਰ੍ਹਾਂ ਦਾ ਦਬਾਅ ਸੀ ਕਿ ਛੋਟੇ -ਛੋਟੇ ਮਾਮਲਿਆਂ ’ਚ FIR ਦਰਜ ਕਰ ਕੇ ਆਪਣੀ ਪਿੱਠ ਥਾਪੜਣ ਵਾਲੀ ਸੋਲਨ ਪੁਲਸ ਨੇ ਇਸ ਹਾਈ ਪ੍ਰੋਫਾਈਲ ਮਾਮਲੇ ’ਚ ਕਿਉਂ ਚੁੱਪ ਧਾਰੀ ਰੱਖੀ?

ਹੋ ਸਕਦਾ ਹੈ ਕਿ ਜਾਂਚ ਪ੍ਰਭਾਵਿਤ ਹੋਣ ਦੇ ਡਰੋਂ ਪੁਲਸ ਨੇ FIR ਨੂੰ ਜਨਤਕ ਨਾ ਕੀਤਾ ਹੋਵੇ ਪਰ ਹੁਣ ਮਾਮਲੇ ਦੇ ਉਜਾਗਰ ਹੋਣ ਤੋਂ ਬਾਅਦ ਦੋਵਾਂ ਮੁਲਜ਼ਮਾਂ ’ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ। ਸੋਲਨ ਦੇ ਐੱਸ.ਪੀ. ਗੌਰਵ ਸਿੰਘ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪੁਲਸ ਨੇ ਮਾਮਲੇ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੌਲੀ ਨੇ ਮੀਡੀਆ ਨੂੰ ਦਿੱਤੇ ਇਕ ਬਿਆਨ ’ਚ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਬਡੌਲੀ ਨੇ ਕਿਹਾ ਕਿ ਇਹ ਸਾਰਾ ਮਾਮਲਾ ਇਕ ਸਿਆਸੀ ਸਟੰਟ ਤੋਂ ਵੱਧ ਕੁਝ ਨਹੀਂ ਹੈ।


author

Tanu

Content Editor

Related News