5 ਸਾਲਾਂ ''ਚ 62 ਲੋਕਾਂ ਨੇ ਕੀਤਾ ਮਹਿਲਾ ਐਥਲੀਟ ਨਾਲ ਜਬਰ-ਜ਼ਿਨਾਹ, ਕੋਚਾਂ ਤੋਂ ਲੈ ਕੇ ਸਾਥੀ ਖਿਡਾਰੀ ਸ਼ਾਮਲ
Sunday, Jan 12, 2025 - 08:36 AM (IST)
ਪਤਨਮਥਿੱਟਾ : ਕੇਰਲ 'ਚ ਵੱਖ-ਵੱਖ ਥਾਵਾਂ 'ਤੇ ਦਲਿਤ ਲੜਕੀ ਨਾਲ ਕਥਿਤ ਜਬਰ-ਜ਼ਿਨਾਹ ਦੇ ਮਾਮਲੇ 'ਚ ਸ਼ਨੀਵਾਰ ਨੂੰ 7 ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੀੜਤ ਇਕ ਐਥਲੀਟ ਹੈ। ਪੁਲਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਹੁਣ ਤੱਕ ਕੁੱਲ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਪੀੜਤਾ ਨਾਬਾਲਗ ਸੀ।
ਪੀੜਤਾ (ਹੁਣ 18 ਸਾਲ ਦੀ ਹੈ) ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ 13 ਸਾਲ ਦੀ ਉਮਰ ਤੋਂ ਲੈ ਕੇ ਹੁਣ ਤੱਕ 62 ਲੋਕਾਂ ਵੱਲੋਂ ਉਸਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਇਸ ਮਾਮਲੇ 'ਚ ਅਜਿਹੇ ਸਬੂਤ ਮਿਲੇ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਲੜਕੀ ਦਾ ਉਸ ਦੇ ਖੇਡ ਕੋਚਾਂ, ਸਾਥੀ ਖਿਡਾਰੀਆਂ ਅਤੇ ਸਹਿਪਾਠੀਆਂ ਵੱਲੋਂ ਸ਼ੋਸ਼ਣ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਪ੍ਰਸ਼ਾਂਤ ਕਿਸ਼ੋਰ ਤੋਂ ਬਾਅਦ BPSC ਨੇ ਖਾਨ ਸਰ ਅਤੇ ਗੁਰੂ ਰਹਿਮਾਨ ਨੂੰ ਭੇਜਿਆ ਕਾਨੂੰਨੀ ਨੋਟਿਸ
ਰਾਸ਼ਟਰੀ ਮਹਿਲਾ ਕਮਿਸ਼ਨ (NCW) ਨੇ ਸਾਰੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਤਿੰਨ ਦਿਨਾਂ ਦੇ ਅੰਦਰ ਸਾਰੀ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਅਤੇ ਨਿਆਂ ਯਕੀਨੀ ਬਣਾਉਣ ਲਈ ਨਿਰਪੱਖ ਅਤੇ ਸਮਾਂਬੱਧ ਜਾਂਚ ਨੂੰ ਯਕੀਨੀ ਬਣਾਉਣ। ਕੇਰਲ ਮਹਿਲਾ ਕਮਿਸ਼ਨ (ਕੇਡਬਲਯੂਸੀ) ਨੇ ਕੇਸ ਦਰਜ ਕੀਤਾ ਹੈ ਅਤੇ ਕਮਿਸ਼ਨ ਦੀ ਚੇਅਰਪਰਸਨ ਪੀ. ਸਤੀ ਦੇਵੀ ਨੇ ਪਤਨਮਥਿੱਠਾ ਦੇ ਪੁਲਸ ਸੁਪਰਡੈਂਟ ਨੂੰ ਇਸ ਸਬੰਧ ਵਿਚ ਤੁਰੰਤ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਹਨ।
ਇਹ ਮਾਮਲਾ ਬਾਲ ਕਲਿਆਣ ਕਮੇਟੀ ਵੱਲੋਂ ਆਯੋਜਿਤ ਇਕ ਸਲਾਹ-ਮਸ਼ਵਰੇ ਦੌਰਾਨ ਸਾਹਮਣੇ ਆਇਆ, ਜਦੋਂ ਇਕ ਵਿੱਦਿਅਕ ਸੰਸਥਾ ਵਿਚ ਪੀੜਤ ਅਧਿਆਪਕਾ ਨੇ ਕਮੇਟੀ ਨੂੰ ਆਪਣੇ ਵਿਵਹਾਰ ਵਿਚ ਮਹੱਤਵਪੂਰਨ ਤਬਦੀਲੀਆਂ ਬਾਰੇ ਦੱਸਿਆ। ਕਮੇਟੀ ਨੇ ਫਿਰ ਪੁਲਸ ਨੂੰ ਸੂਚਿਤ ਕੀਤਾ ਅਤੇ ਜਾਂਚ ਕਰਨ ਲਈ ਪਤਨਮਥਿੱਠਾ ਡਿਪਟੀ ਸੁਪਰਡੈਂਟ ਆਫ਼ ਪੁਲਸ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ। ਪੁਲਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਦੋ ਥਾਣਿਆਂ ਵਿਚ ਪੰਜ ਐੱਫਆਈਆਰ ਦਰਜ ਕੀਤੇ ਜਾਣ ਤੋਂ ਬਾਅਦ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਹੁਣ ਤੱਕ 12 ਲੋਕਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ
ਪੁਲਸ ਮੁਤਾਬਕ ਮਾਮਲੇ ਦੇ ਸਬੰਧ ਵਿਚ ਹੁਣ ਤੱਕ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜਦਕਿ ਇਕ ਨਾਬਾਲਗ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਸਾਰੇ ਲੋਕ 19 ਤੋਂ 30 ਸਾਲ ਦੀ ਉਮਰ ਦੇ ਹਨ ਅਤੇ ਉਨ੍ਹਾਂ 'ਚੋਂ ਕਈਆਂ ਦਾ ਅਪਰਾਧਿਕ ਇਤਿਹਾਸ ਸੀ। ਕੇਰਲ ਪੁਲਸ ਨੇ ਦੋਸ਼ੀਆਂ ਖਿਲਾਫ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਰੋਕੂ) ਐਕਟ ਦੀਆਂ ਸਖਤ ਧਾਰਾਵਾਂ ਦੇ ਨਾਲ-ਨਾਲ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ (ਪੋਕਸੋ) ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਨੇ ਮੁੱਖ ਚੋਣ ਕਮਿਸ਼ਨਰ ਨੂੰ ਲਿਖੀ ਚਿੱਠੀ ’ਚ ਲਗਾਏ ਗੰਭੀਰ ਦੋਸ਼
ਐਥਲੀਟ ਕੁੜੀ ਦਾ 62 ਲੋਕਾਂ ਨੇ ਕੀਤਾ ਜਿਨਸੀ ਸ਼ੋਸ਼ਣ
ਕੇਡਬਲਯੂਸੀ ਨੇ ਆਪਣੀ ਰਿਲੀਜ਼ ਵਿਚ ਕਿਹਾ, “ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਐਥਲੀਟ ਕੁੜੀ ਦਾ 62 ਲੋਕਾਂ ਦੁਆਰਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਉਸ ਨਾਲ 13 ਸਾਲ ਦੀ ਉਮਰ ਤੋਂ ਜਬਰ-ਜ਼ਿਨਾਹ ਕੀਤਾ ਜਾ ਰਿਹਾ ਸੀ। ਇਹ ਵੀ ਪਾਇਆ ਗਿਆ ਕਿ ਸਕੂਲ ਅਤੇ ਖੇਡ ਸਿਖਲਾਈ ਕੈਂਪ ਵਿਚ ਉਸ ਨਾਲ ਦੁਰਵਿਵਹਾਰ ਕੀਤਾ ਗਿਆ ਸੀ। ਇਕ ਪੁਲਸ ਅਧਿਕਾਰੀ ਨੇ ਕਿਹਾ, "ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਕੁੜੀ, ਜੋ ਸਕੂਲ ਪੱਧਰੀ ਐਥਲੈਟਿਕ ਸਿਖਲਾਈ ਵਿਚ ਹਿੱਸਾ ਲੈ ਰਹੀ ਸੀ, ਨੂੰ ਖੇਡ ਕੋਚਾਂ, ਸਾਥੀ ਐਥਲੀਟਾਂ ਅਤੇ ਹੋਰਾਂ ਦੁਆਰਾ ਦੁਰਵਿਵਹਾਰ ਕੀਤਾ ਗਿਆ ਸੀ।" ਸੂਤਰਾਂ ਨੇ ਕਿਹਾ ਕਿ ਜਾਂਚ ਹੁਣ ਦੁਰਵਿਵਹਾਰ ਵਿਚ ਸ਼ਾਮਲ ਸਾਰੇ ਦੋਸ਼ੀਆਂ ਵਿਰੁੱਧ ਸਬੂਤ ਇਕੱਠੇ ਕਰਨ 'ਤੇ ਕੇਂਦਰਿਤ ਹੈ।
ਸੂਤਰਾਂ ਮੁਤਾਬਕ ਪੁਲਸ ਨਵੀਆਂ ਐੱਫਆਈਆਰਜ਼ ਅਤੇ ਗ੍ਰਿਫ਼ਤਾਰੀਆਂ ਦੇ ਵੇਰਵੇ ਪਤਨਮਥਿੱਟਾ ਬਾਲ ਭਲਾਈ ਕਮੇਟੀ ਨੂੰ ਸੌਂਪੇਗੀ। ਪੀੜਤਾ ਦੇ ਬਿਆਨ ਮੁਤਾਬਕ 13 ਸਾਲ ਦੀ ਉਮਰ 'ਚ ਸਭ ਤੋਂ ਪਹਿਲਾਂ ਉਸ ਦੇ ਗੁਆਂਢੀ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਸੀ, ਜਿਸ ਤੋਂ ਬਾਅਦ 62 ਲੋਕਾਂ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਸੂਤਰਾਂ ਨੇ ਦੱਸਿਆ ਕਿ ਹਿਰਾਸਤ 'ਚ ਲਏ ਗਏ ਕੁਝ ਦੋਸ਼ੀ ਨਾਬਾਲਗ ਲੜਕੀ ਦੇ ਗੁਆਂਢੀ ਦੇ ਦੋਸਤ ਹਨ ਅਤੇ ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਦੋਸ਼ੀਆਂ ਨੇ ਪੀੜਤਾ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਸੀ।
ਇਹ ਵੀ ਪੜ੍ਹੋ : ਲਾਸ ਏਂਜਲਸ ਦੀ ਅੱਗ ਨੇ ਬ੍ਰਿਟਨੀ ਸਪੀਅਰਸ ਨੂੰ ਕੀਤਾ ਬੇਘਰ, ਛੱਡਣਾ ਪਿਆ ਕਰੋੜਾਂ ਦਾ ਘਰ
ਪੁਲਸ ਨੇ ਦੱਸਿਆ ਕਿ ਲੜਕੀ ਦਾ ਵਿਸਤ੍ਰਿਤ ਬਿਆਨ ਪਤਨਮਥਿੱਟਾ ਥਾਣੇ ਦੀ ਇਕ ਮਹਿਲਾ ਸਬ-ਇੰਸਪੈਕਟਰ ਦੇ ਸਾਹਮਣੇ ਦਰਜ ਕੀਤਾ ਜਾਵੇਗਾ। ਲੜਕੀ ਦੇ ਬਿਆਨਾਂ ਅਨੁਸਾਰ ਉਸ ਨੇ ਸ਼ੱਕੀ ਵਿਅਕਤੀਆਂ ਨਾਲ ਗੱਲਬਾਤ ਕਰਨ ਲਈ ਆਪਣੇ ਪਿਤਾ ਦੇ ਮੋਬਾਈਲ ਫੋਨ ਦੀ ਵਰਤੋਂ ਕੀਤੀ ਸੀ ਅਤੇ ਫੋਨ ਦੇ ਵੇਰਵਿਆਂ ਅਤੇ ਉਸ ਦੇ ਕਬਜ਼ੇ ਵਿਚਲੀ ਡਾਇਰੀ ਤੋਂ ਪ੍ਰਾਪਤ ਜਾਣਕਾਰੀ ਦੀ ਪੜਤਾਲ ਕਰਕੇ 40 ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8