ਸੰਕਟ ’ਚ ਊਧਵ ਠਾਕਰੇ ਸਰਕਾਰ; ਨੇਤਾ ਏਕਨਾਥ ਸ਼ਿੰਦੇ ਕੁਝ ਵਿਧਾਇਕਾਂ ਨਾਲ ‘ਲਾਪਤਾ’

Tuesday, Jun 21, 2022 - 01:40 PM (IST)

ਸੰਕਟ ’ਚ ਊਧਵ ਠਾਕਰੇ ਸਰਕਾਰ; ਨੇਤਾ ਏਕਨਾਥ ਸ਼ਿੰਦੇ ਕੁਝ ਵਿਧਾਇਕਾਂ ਨਾਲ ‘ਲਾਪਤਾ’

ਮੁੰਬਈ– ਮਹਾਰਾਸ਼ਟਰ ’ਚ ਊਧਵ ਠਾਕਰੇ ਸਰਕਾਰ ’ਤੇ ਸੰਕਟ ਡੂੰਘਾ ਹੋ ਗਿਆ ਹੈ। ਸੂਤਰਾਂ ਮੁਤਾਬਕ ਸ਼ਿਵ ਸੈਨਾ ਦੇ ਸੀਨੀਅਰ ਨੇਤਾ ਏਕਨਾਥ ਸ਼ਿੰਦੇ ਮੁੰਬਈ ’ਚ ਨਹੀਂ ਹਨ। ਉਹ 11 ਦੇ ਕਰੀਬ ਵਿਧਾਇਕਾਂ ਨਾਲ ਗੁਜਰਾਤ ਚੱਲੇ ਗਏ ਹਨ।  ਸ਼ਿੰਦੇ, ਸ਼ਿਵ ਸੈਨਾ ਪਾਰਟੀ ਤੋਂ ਨਾਰਾਜ਼ ਸਨ ਅਤੇ ਬੀਤੀ ਸ਼ਾਮ ਤੋਂ ਉਨ੍ਹਾਂ ਨੇ ਮੁੱਖ ਮੰਤਰੀ ਊਧਵ ਦਾ ਫੋਨ ਵੀ ਨਹੀਂ ਚੁੱਕਿਆ।

ਦੱਸ ਦੇਈਏ ਕਿ ਸੱਤਾਧਾਰੀ ਮਹਾਵਿਕਾਸ ਅਘਾੜੀ ਗਠਜੋੜ ਨੂੰ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਚੋਣਾਂ (MLC) ’ਚ ਹਾਰ ਤੋਂ ਬਾਅਦ ਝਟਕਾ ਲੱਗਾ ਹੈ। ਜਿਸ ਨਾਲ ਪਾਰਟੀ ਅੰਦਰ ਬਗਾਵਤ ਦੀਆਂ ਅਫਵਾਹਾਂ ਨੂੰ ਹਵਾ ਦਿੱਤੀ ਗਈ ਹੈ। ਇਹ  ਵਿਧਾਨ ਪ੍ਰੀਸ਼ਦ ਚੋਣਾਂ ਵਿਚ ਸ਼ਿਵ ਸੈਨਾ ਦੇ ਕੁਝ ਵਿਧਾਇਕਾਂ ਵੱਲੋਂ ਕਰਾਸ ਵੋਟਿੰਗ ਦੇ ਦੋਸ਼ਾਂ ਦਰਮਿਆਨ ਹੋਇਆ ਹੈ। ਸੂਤਰਾਂ ਮੁਤਾਬਕ ‘ਲਾਪਤਾ’ ਸ਼ਿੰਦੇ ਅਤੇ ਸ਼ਿਵ ਸੈਨਾ ਦੇ 11 ਦੇ ਕਰੀਬ ਵਿਧਾਇਕਾਂ ਸੰਪਰਕ ਨਹੀਂ ਹੋ ਪਾ ਰਿਹਾ ਹੈ। ਇਸ ਸਮੇਂ ਉਨ੍ਹਾਂ ਨੇ ਗੁਜਰਾਤ ਦੇ ਸੂਰਤ ਵਿਚ ਇਕ ਹੋਟਲ ’ਚ ਡੇਰਾ ਲਾਇਆ ਹੋਇਆ ਹੈ। ਹੋਟਲ ਦੇ ਬਾਹਰ ਭਾਰੀ ਸੁਰੱਖਿਆ ਫੋਰਸ ਤਾਇਨਾਤ ਕੀਤੀ ਗਈ ਹੈ। 

ਰਾਊਤ ਨੇ ਦਿੱਤਾ ਇਹ ਬਿਆਨ
ਇਸ ਦਰਮਿਆਨ ਸ਼ਿਵ ਸੈਨਾ ਦੇ ਨੇਤਾ ਸੰਜੇ ਰਾਊਤ ਨੇ ਇਸ ਪੂਰੇ ਘਟਨਾਕ੍ਰਮ ’ਤੇ ਬਿਆਨ ਦਿੱਤਾ ਹੈ। ਉਨ੍ਹਾਂ  ਕਿਹਾ ਕਿ ਸ਼ਿਵ ਸੈਨਾ ਦੇ ਕੁਝ ਵਿਧਾਇਕ ਅਤੇ ਏਕਨਾਥ ਸ਼ਿੰਦੇ ਨਾਲ ਫ਼ਿਲਹਾਲ ਸੰਪਰਕ ਨਹੀਂ ਹੋ ਸਕਿਆ ਹੈ। ਮਹਾਵਿਕਾਸ ਅਘਾੜੀ ਦੀ ਸਰਕਾਰ ਨੂੰ ਡਿਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਭਾਜਪਾ ਨੂੰ ਇਹ ਯਾਦ ਰੱਖਣਾ ਹੋਵੇਗਾ ਕਿ ਮਹਾਰਾਸ਼ਟਰ, ਰਾਜਸਥਾਨ ਜਾਂ ਮੱਧ ਪ੍ਰਦੇਸ਼ ਤੋਂ ਬਹੁਤ ਵੱਖ ਹੈ। ਸੰਜੇ ਨੇ ਅੱਗੇ ਕਿਹਾ ਕਿ ਮੈਂ ਸੁਣਿਆ ਸਾਡੇ ਵਿਧਾਇਕ ਗੁਜਰਾਤ ਸੂਬੇ ਦੇ ਸੂਰਤ ’ਚ ਹਨ ਅਤੇ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਹੈ ਪਰ ਉਹ ਨਿਸ਼ਚਿਤ ਰੂਪ ਤੋਂ ਪਰਤਣਗੇ। ਇਹ ਸਾਰੇ ਵਿਧਾਇਕ ਸ਼ਿਵ ਸੈਨਾ ਨੂੰ ਸਮਰਪਿਤ ਹਨ। ਮੈਨੂੰ ਭਰੋਸਾ ਹੈ ਕਿ ਸਾਡੇ ਸਾਰੇ ਵਿਧਾਇਕ ਪਰਤ ਆਉਣਗੇ ਅਤੇ ਸਭ ਕੁਝ ਠੀਕ ਹੋ ਜਾਵੇਗਾ।

ਊਧਵ ਨੂੰ ਝਟਕਾ ਲੱਗ ਸਕਦਾ ਹੈ
ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੀਆਂ 10 ਸੀਟਾਂ ਲਈ ਸੋਮਵਾਰ ਨੂੰ ਹੋਈਆਂ ਚੋਣਾਂ 'ਚ ਭਾਜਪਾ ਨੇ ਉਨ੍ਹਾਂ ਸਾਰੀਆਂ ਪੰਜ ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ, ਜਿਨ੍ਹਾਂ 'ਤੇ ਉਸ ਨੇ ਉਮੀਦਵਾਰ ਖੜ੍ਹੇ ਕੀਤੇ ਸਨ। ਸ਼ਿਵ ਸੈਨਾ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਨੂੰ ਦੋ-ਦੋ ਸੀਟਾਂ ਮਿਲੀਆਂ ਜਦੋਂਕਿ ਕਾਂਗਰਸ ਨੂੰ ਇਕ ਸੀਟ ਨਾਲ ਸਬਰ ਕਰਨਾ ਪਿਆ। ਰਾਜ ਸਭਾ ਚੋਣਾਂ ਤੋਂ ਬਾਅਦ ਮਹਾਰਾਸ਼ਟਰ 'ਚ ਸੱਤਾਧਾਰੀ ਗਠਜੋੜ ਮਹਾ ਵਿਕਾਸ ਅਘਾੜੀ (MVA) ਨੂੰ ਮਹਾਰਾਸ਼ਟਰ 'ਚ ਭਾਜਪਾ ਤੋਂ ਦੂਜਾ ਵੱਡਾ ਝਟਕਾ ਲੱਗਾ ਹੈ। MVA ਵਿਚ ਸ਼ਿਵ ਸੈਨਾ, ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਅਤੇ ਕਾਂਗਰਸ ਸ਼ਾਮਲ ਹਨ।

ਦੱਸ ਦੇਈਏ ਕਿ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਭਾਜਪਾ ਦੇ 106 ਵਿਧਾਇਕ ਹਨ, ਜਦੋਂ ਕਿ ਉਨ੍ਹਾਂ ਦੇ ਉਮੀਦਵਾਰਾਂ ਲਈ ਬਾਕੀ ਵੋਟਾਂ ਜਾਂ ਤਾਂ ਆਜ਼ਾਦ ਉਮੀਦਵਾਰਾਂ, ਜਾਂ ਛੋਟੀਆਂ ਪਾਰਟੀਆਂ ਜਾਂ ਹੋਰ ਪਾਰਟੀਆਂ ਤੋਂ ਹਨ। ਊਧਵ ਠਾਕਰੇ ਨੇ ਅੱਜ ਬਾਅਦ ਦੁਪਹਿਰ ਸਾਰੇ ਪਾਰਟੀ ਵਿਧਾਇਕਾਂ ਦੀ ਜ਼ਰੂਰੀ ਮੀਟਿੰਗ ਬੁਲਾਈ ਹੈ।


author

Tanu

Content Editor

Related News