ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ

Monday, Feb 28, 2022 - 09:28 PM (IST)

ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ

ਨੈਸ਼ਨਲ ਡੈਸਕ : ਰੂਸ ਵੱਲੋਂ ਯੂਕ੍ਰੇਨ ਖ਼ਿਲਾਫ਼ ਛੇੜੇ ਯੁੱਧ ਕਾਰਨ ਭਾਰੀ ਤਬਾਹੀ ਕੀਤੀ ਜਾ ਰਹੀ ਹੈ, ਉੇਥੇ ਹੀ ਯੂਕ੍ਰੇਨ 'ਚ ਰਹਿ ਰਹੇ ਭਾਰਤੀ ਵੀ ਡਰ ਦੇ ਸਾਏ ਹੇਠ ਰਹਿਣ ਲਈ ਮਜਬੂਰ ਹਨ। ਕਈ ਭਾਰਤੀ ਵਿਦਿਆਰਥੀ ਵਾਪਸ ਆ ਚੁੱਕੇ ਹਨ, ਜਦਕਿ ਕਈ ਉਥੇ ਹੀ ਫਸੇ ਹੋਏ ਹਨ। ਪ੍ਰਧਾਨ ਮੰਤਰੀ ਮੋਦੀ ਵੱਲੋਂ ਯੂਕ੍ਰੇਨ 'ਚ ਫਸੇ ਭਾਰਤੀ ਵਿਦਿਆਰਥੀਆਂ ਤੇ ਨਾਗਰਿਕਾਂ ਦੀ ਵਤਨ ਵਾਪਸੀ ਲਈ ਉਪਰਾਲੇ ਕੀਤੇ ਜਾ ਰਹੇ ਹਨ। ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ-

ਯੂਕ੍ਰੇਨ ’ਚ ਫਸੇ ਭਾਰਤੀ ਵਿਦਿਆਰਥੀਆਂ ਦੀ ਹੋ ਰਹੀ ਕੁੱਟਮਾਰ, ਪੁਲਸ ਦੇ ਜ਼ੁਲਮਾਂ ਦੀ ਵੀਡੀਓ ਆਈ ਸਾਹਮਣੇ

ਯੂਕ੍ਰੇਨ ’ਚ ਫਸੇ ਭਾਰਤੀ ਵਿਦਿਆਰਥੀਆਂ ਦੇ ਨਾਲ ਯੂਕ੍ਰੇਨ ਦੀ ਪੁਲਸ ਜ਼ੁਲਮ ਕਰ ਰਹੀ ਹੈ। ਰੋਮਾਨੀਆ ਬਾਰਡਰ ’ਤੇ ਭਾਰਤੀ ਵਿਦਿਆਰਥੀਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ ਵਿਰੋਧ ਕਰਨ ’ਤੇ ਡੰਡੇ ਮਾਰੇ ਜਾ ਰਹੇ ਹਨ। ਯੂਕ੍ਰੇਨ ’ਚ ਫਸੀ ਇਕ ਵਿਦਿਆਰਥਣ ਨੇ ਯੂਕ੍ਰੇਨ ਪੁਲਸ ਦੇ ਜ਼ੁਲਮ ਦਾ ਵੀਡੀਓ ਸ਼ੇਅਰ ਕੀਤਾ ਹੈ।

ਯੂਕ੍ਰੇਨ 'ਚ ਫਸੇ ਭਾਰਤੀਆਂ ਲਈ ਵੱਡੀ ਰਾਹਤ,ਬਿਨਾਂ ਵੀਜ਼ਾ ਪੋਲੈਂਡ 'ਚ ਦਾਖ਼ਲ ਹੋ ਸਕਣਗੇ ਵਿਦਿਆਰਥੀ

ਯੂਕ੍ਰੇਨ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ। ਉਥੇ ਹੀ ਪੋਲੈਂਡ ਯੂਕ੍ਰੇਨ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਭਾਰਤ ਦੀ ਮਦਦ ਕਰ ਰਿਹਾ ਹੈ। ਦਰਅਸਲ ਪੋਲੈਂਡ ਯੂਕ੍ਰੇਨ ਵਿਚ ਰੂਸੀ ਹਮਲੇ ਤੋਂ ਬਚ ਕੇ ਨਿਕਲਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਬਿਨਾਂ ਵੀਜ਼ਾ ਦੇ ਆਪਣੇ ਦੇਸ਼ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਦੇ ਰਿਹਾ ਹੈ।

ਵੱਡੀ ਖ਼ਬਰ: ਰੂਸ-ਯੂਕ੍ਰੇਨ ਜੰਗ ਦਰਮਿਆਨ ਯੂਕ੍ਰੇਨ ਦੇ ਗੁਆਂਢੀ ਦੇਸ਼ ਜਾਣਗੇ ਹਰਦੀਪ ਪੁਰੀ ਸਮੇਤ 4 ਮੰਤਰੀ

ਰੂਸੀ ਹਮਲੇ ਤੋਂ ਬਾਅਦ ਯੂਕ੍ਰੇਨ ’ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਕਵਾਇਦ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਯਾਨੀ ਕਿ ਅੱਜ ਇਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਜਲਦ ਵਾਪਸੀ ਯਕੀਨੀ ਕਰਨਾ ਸਰਕਾਰ ਦੀ ਸਰਵਉੱਚ ਤਰਜ਼ੀਹ ਹੈ।

ਯੂਕ੍ਰੇਨ ’ਚ ਫਸੇ ਹਰ ਭਾਰਤੀ ਨੂੰ ਵਾਪਸ ਲਿਆਉਣ ਲਈ ਦਿਨ-ਰਾਤ ਕੰਮ ਕਰ ਰਹੇ ਹਾਂ : PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਸਰਕਾਰ ਯੂਕ੍ਰੇਨ ’ਚ ਫਸੇ ਭਾਰਤੀਆਂ ਨੂੰ ਦੇਸ਼ ਲਿਆਉਣ ਲਈ ਦਿਨ-ਰਾਤ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਰੇਸ਼ਨ ਗੰਗਾ ਚਲਾ ਕੇ ਅਸੀਂ ਯੂਕ੍ਰੇਨ ਤੋਂ ਹਜ਼ਾਰਾਂ ਭਾਰਤੀਆਂ ਨੂੰ ਵਾਪਸ ਲਿਆ ਰਹੇ ਹਾਂ।

ਯੂਕ੍ਰੇਨੀ ਰਾਸ਼ਟਰਪਤੀ ਜ਼ੇਲੇਂਸਕੀ ਨੇ PM ਮੋਦੀ ਨਾਲ ਕੀਤੀ ਗੱਲਬਾਤ, ਬੋਲੇ-1 ਲੱਖ ਫੌਜੀਆਂ ਨੇ ਕੀਤਾ ਹਮਲਾ, ਮਦਦ ਕਰੋ

ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਪੀ.ਐੱਮ. ਮੋਦੀ ਨਾਲ ਫੋਨ 'ਤੇ ਗੱਲਬਾਤ ਕੀਤੀ ਹੈ। ਜੰਗ ਦੀ ਸਥਿਤੀ ਦਰਮਿਆਨ ਜ਼ੇਲੇਂਸਕੀ ਨੇ ਭਾਰਤ ਤੋਂ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਉਨ੍ਹਾਂ ਦੀ ਧਰਤੀ 'ਤੇ ਇਕ ਲੱਖ ਤੋਂ ਜ਼ਿਆਦਾ ਹਮਲਾਵਾਰ ਨੇ ਘੁਸਪੈਠ ਕਰ ਚੁੱਕੇ ਹਨ।

ਯੂਕ੍ਰੇਨ-ਰੂਸ ਜੰਗ ’ਤੇ ਭਾਜਪਾ MP ਸਾਕਸ਼ੀ ਮਹਾਰਾਜ ਦਾ ਬਿਆਨ, ਤੇਜ਼ੀ ਨਾਲ ਹੋ ਰਿਹੈ ਵਾਇਰਲ

ਰੂਸ ਵਲੋਂ ਯੂਕ੍ਰੇਨ ’ਚ ਜੰਗ ਕਾਰਨ ਹਾਲਾਤ ਨਾਜ਼ੁਕ ਬਣੇ ਹੋਏ ਹਨ। ਰੂਸ-ਯੂਕ੍ਰੇਨ ਜੰਗ ਨੂੰ ਲੈ ਕੇ ਭਾਜਪਾ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਦੀ ਫੇਸਬੁੱਕ ਪੋਸਟ ਚਰਚਾ ’ਚ ਹੈ। ਉਨ੍ਹਾਂ ਨੇ ਫੇਸਬੁੱਕ ਪੋਸਟ ’ਚ ਲਿਖਿਆ  ਕਿ ਅੱਜ ਯੂਕ੍ਰੇਨ ਦੀ ਹਾਲਤ ਵੇਖ ਕੇ ਸਮਝ ਆ ਗਿਆ ਹੋਵੇਗਾ, ਦੂਜਿਆਂ ਦੀ ਮਰਦਾਨਗੀ ਨਾਲ ਬਾਪ ਨਹੀਂ ਬਣਿਆ ਜਾਂਦਾ ਹੈ।

ਯੂਕ੍ਰੇਨ ਸੰਕਟ ’ਤੇ ਜਲਦ ਹੀ ਇਕ ਹੋਰ ਉੱਚ ਪੱਧਰੀ ਮੀਟਿੰਗ ਕਰਨਗੇ  PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਯੂਕ੍ਰੇਨ ਦੀ ਸਥਿਤੀ ’ਤੇ ਉੱਚ ਪੱਧਰੀ ਮੀਟਿੰਗ ਕਰਨਗੇ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਰੂਸ ਅਤੇ ਯੂਕ੍ਰੇਨ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਇਕ ਹੋਰ ਬੈਠਕ ਕਰਨਗੇ। ਪਿਛਲੇ 24 ਘੰਟਿਆਂ ’ਚ ਕੇਂਦਰ ਸਰਕਾਰ ਦੀ ਇਹ ਤੀਜੀ ਵੱਡੀ ਮੀਟਿੰਗ ਹੋਵੇਗੀ।

Ukraine Crisis: ਜੰਗ ਵਿਚਾਲੇ ਭਾਰਤ ਦੀ ਵੱਡੀ ਪਹਿਲ, ਮਨੁੱਖੀ ਸਹਾਇਤਾ ਸਣੇ ਯੂਕ੍ਰੇਨ 'ਚ ਭੇਜੇਗਾ ਦਵਾਈਆਂ

ਯੂਕ੍ਰੇਨ ਤੇ ਰੂਸ ਵਿਚਾਲੇ ਚੱਲ ਰਹੀ ਜੰਗ ’ਚ ਭਾਵੇਂ ਭਾਰਤ ਨੇ ਕਿਸੇ ਦਾ ਵੀ ਪੱਖ ਨਹੀਂ ਲਿਆ ਹੈ ਪਰ ਉਸ ਨੇ ਮਨੁੱਖੀ ਆਧਾਰ ’ਤੇ ਵੱਡਾ ਦਖਲ ਦੇਣ ਦਾ ਫ਼ੈਸਲਾ ਕੀਤਾ ਹੈ। ਸੋਮਵਾਰ ਨੂੰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਯੂਕ੍ਰੇਨ ’ਚ ਮਨੁੱਖੀ ਸਹਾਇਤਾ ਭੇਜਾਂਗੇ, ਇਸ ਵਿਚ ਦਵਾਈਆਂ ਵੀ ਸ਼ਾਮਿਲ ਹਨ।

ਯੂਕ੍ਰੇਨ ’ਚ ਫਸੇ ਭਾਰਤੀਆਂ ਲਈ ਵੱਡੀ ਰਾਹਤ; ਭਾਰਤ ਸਰਕਾਰ ਨੇ ਕੌਮਾਂਤਰੀ ਯਾਤਰਾ ਐਡਵਾਇਜ਼ਰੀ ’ਚ ਕੀਤੀ ਸੋਧ

ਯੂਕ੍ਰੇਨ ’ਚ ਰੂਸ ਵਲੋਂ ਲਗਾਤਾਰ ਹਮਲੇ ਜਾਰੀ ਹਨ, ਜਿਸ ਕਾਰਨ ਹਾਲਾਤ ਬਹੁਤ ਹੀ ਨਾਜ਼ੁਕ ਬਣੇ ਹੋਏ ਹਨ। ਇਸ ਦਰਮਿਆਨ ਉੱਥੇ ਫਸੇ ਭਾਰਤੀ ਨਾਗਰਿਕਾਂ ਨੂੰ ਸਰਕਾਰ ਵਲੋਂ ਕੱਢਿਆ ਜਾ ਰਿਹਾ ਹੈ। ਭਾਰਤੀ ਨਾਗਰਿਕਾਂ ਦੀ ਕੌਮਾਂਤਰੀ ਯਾਤਰਾ ਐਡਵਾਇਜ਼ਰੀ ’ਚ ਸੋਧ ਕੀਤੀ ਹੈ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਮੁਤਾਬਕ ਯੂਕ੍ਰੇਨ ਤੋਂ ਦੇਸ਼ ਵਾਪਸ ਆਉਣ ਵਾਲੇ ਲੋਕਾਂ ਲਈ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਆਰ. ਟੀ- ਪੀ. ਸੀ. ਆਰ. ਜ਼ਰੂਰੀ ਨਹੀਂ ਹੈ।


author

Anuradha

Content Editor

Related News