ਪੜ੍ਹੋ ਕਿਸਾਨੀ ਘੋਲ ਨਾਲ ਸਬੰਧਿਤ ਅੱਜ ਦੀਆਂ ਪੰਜ ਮੁੱਖ ਖ਼ਬਰਾਂ

Saturday, Jan 09, 2021 - 08:56 PM (IST)

ਕਿਸਾਨੀ ਘੋਲ : ਟਵਿੱਟਰ ਦੇ ਇਤਿਹਾਸ 'ਚ ਪਹਿਲੇ ਨੰਬਰ 'ਤੇ ਟਰੈਂਡ ਕੀਤਾ ਗੁਰਮੁਖੀ ਹੈਸ਼ਟੈਗ 'ਜਾਂ ਮਰਾਂਗੇ, ਜਾਂ ਜਿੱਤਾਂਗੇ'
ਕਿਸਾਨੀ ਸੰਘਰਸ਼ ਦੀ ਹਮਾਇਤ 'ਚ ਟਵਿੱਟਰ 'ਤੇ ਪਾਇਆ ਗਿਆ ਪੰਜਾਬੀ ਗੁਰਮੁਖੀ ਹੈਸ਼ਟੈਗ 'ਜਾਂ ਮਰਾਂਗੇ ਜਾਂ ਜਿੱਤਾਗੇ' ਟਵਿੱਟਰ ਦੇ ਇਤਿਹਾਸ 'ਚ ਪਹਿਲੇ ਨੰਬਰ 'ਤੇ ਟਰੈਂਡ ਬਣ ਗਿਆ। 'ਟਰੈਕਟਰਟੂਟਵਿੱਟਰ' ਮੁਹਿੰਮ ਸੰਭਾਲ ਰਹੇ ਮਾਣਿਕ ਗੋਇਲ ਨੇ ਦੱਸਿਆ ਕਿ ਜਦੋਂ ਹੋਂਦ ਦੀ ਲੜਾਈ ਚੱਲ ਰਹੀ ਹੈ, ਅਸੀਂ ਆਪਣੇ ਵਿਰੋਧੀ ਤੋਂ ਨਿੱਤ ਸਿੱਖ ਰਹੇ ਹਾਂ। ਸਾਡੀ ਛੋਟੀ ਜਿਹੀ ਸੱਥ ਨੂੰ ਪੰਜਾਬ ਹੀ ਨਹੀਂ, ਪੂਰੀ ਦੁਨੀਆ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਕਿਸਾਨ ਅੰਦਲੋਨ ’ਚ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸਨਮਾਨ, ‘ਇਕ ਮੁੱਠੀ ਮਿੱਟੀ ਸ਼ਹੀਦਾਂ ਦੇ ਨਾਮ’
ਕਾਂਗਰਸ ਦੀ ਯੁਵਾ ਇਕਾਈ ਨੇ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਸਨਮਾਨ ’ਚ ਸ਼ਨੀਵਾਰ ਯਾਨੀ ਕਿ ਅੱਜ ‘ਇਕ ਮੁੱਠੀ ਮਿੱਟੀ ਸ਼ਹੀਦਾਂ ਦੇ ਨਾਮ’ ਮੁਹਿੰਮ ਸ਼ੁਰੂ ਕੀਤੀ। ਭਾਰਤੀ ਯੁਵਾ ਕਾਂਗਰਸ ਦੇ ਪ੍ਰਧਾਨ ਸ਼੍ਰੀਨਿਵਾਸ ਬੀ. ਵੀ. ਕੇ. ਮੁਤਾਬਕ ਕਿਸਾਨ ਅੰਦੋਲਨ ਵਿਚ 60 ਤੋਂ ਵਧੇਰੇ ਕਿਸਾਨਾਂ ਦੀ ‘ਸ਼ਹਾਦਤ’ ਹੋਈ ਹੈ ਅਤੇ ਉਨ੍ਹਾਂ ਦੇ ਸਨਮਾਨ ’ਚ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਕਿਸਾਨ ਮੋਰਚਾ: 60 ਹਜ਼ਾਰ ਤੋਂ ਜ਼ਿਆਦਾ ਕਿਸਾਨ ਔਰਤਾਂ ਜੁੜਣਗੀਆਂ ਅੰਦੋਲਨ ਨਾਲ, ਬੱਚੇ ਵੀ ਅੰਦੋਲਨ ’ਚ ਦੇ ਰਹੇ ਸਾਥ
ਨਵੇਂ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਦਿਨੋ-ਦਿਨ ਜ਼ੋਰ ਫੜ੍ਹਦਾ ਜਾ ਰਿਹਾ ਹੈ। ਦਿੱਲੀ ਨਾਲ ਲੱਗਦੇ ਸਿੰਘੂ ਅਤੇ ਟਿਕਰੀ ਬਾਰਡਰ ’ਤੇ ਕਿਸਾਨ ਔਰਤਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਦੋ ਹਜ਼ਾਰ ਮਹਿਲਾ ਕਿਸਾਨ ਨੇਤਾਵਾਂ ਵਲੋਂ ਬਾਰਡਰ ’ਤੇ ਸ਼ੁਰੂ ਕੀਤੇ ਗਏ ਅੰਦੋਲਨ ਵਿਚ 60 ਹਜ਼ਾਰ ਤੋਂ ਜ਼ਿਆਦਾ ਔਰਤਾਂ ਵਲੋਂ ਕਿਸਾਨਾਂ ਨੂੰ ਜੋੜਣ ਲਈ ਹਰਿਆਣਾ ਅਤੇ ਪੰਜਾਬ ਦੇ ਪਿੰਡਾਂ ਵਿਚ ਮੁਹਿੰਮ ਚਲਾਈ ਜਾ ਰਹੀ ਹੈ।

ਕੇਂਦਰ ਦਾ ਤਾਰੀਖ਼ 'ਤੇ ਤਾਰੀਖ਼ ਵਾਲਾ ਆਲਮ, ਜਾਣੋ 8 ਬੈਠਕਾਂ 'ਚ ਕੀ ਰਿਹਾ ਸਰਕਾਰ ਦਾ ਵਤੀਰਾ
ਦੇਸ਼ 'ਚ ਖੇਤੀ ਖੇਤਰ ਲਈ ਲਾਗੂ ਨਵੇਂ ਕਾਨੂੰਨਾਂ ਦੀ ਵਾਪਸੀ ਲਈ ਫ਼ੈਸਲਾਕੁੰਨ ਦੌਰ 'ਚ ਦਾਖਲ ਹੋਇਆ ਕਿਸਾਨਾਂ ਦਾ ਸੰਘਰਸ਼ ਕੇਂਦਰ ਸਰਕਾਰ ਲਈ ਵੱਡੀ ਚੁਣੌਤੀ ਬਣ ਗਿਆ ਹੈ। ਸਰਕਾਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ 8 ਵਾਰ ਮੀਟਿੰਗਾਂ ਕਰਕੇ ਵੀ ਇਸ ਸੰਘਰਸ਼ ਨੂੰ ਖ਼ਤਮ ਕਰਵਾਉਣ ਵਿੱਚ ਅਸਫ਼ਲ ਰਹੀ। ਪਿਛਲੇ ਵਰ੍ਹੇ ਪੰਜਾਬ ਤੋਂ ਸ਼ੁਰੂ ਹੋਇਆ ਇਹ ਅੰਦੋਲਨ ਹੁਣ ਕੌਮੀ ਹੀ ਨਹੀਂ, ਸਗੋਂ ਕੌਮਾਂਤਰੀ ਬਣ ਚੁੱਕਿਆ ਹੈ।

ਕਿਸਾਨੀ ਘੋਲ: 26 ਜਨਵਰੀ ਨੂੰ ਟਰੈਕਟਰ ਮਾਰਚ ਰਾਹੀਂ ਦਿੱਲੀ 'ਚ ਗਰਜਣਗੀਆਂ ਅੰਮ੍ਰਿਤਸਰ ਦੀਆਂ ਕੁੜੀਆਂ
ਕਿਸਾਨ ਅੰਦੋਲਨ ਅੱਜ ਯਾਨੀ ਕਿ ਸ਼ਨੀਵਾਰ ਨੂੰ 45ਵੇਂ ਦਿਨ ’ਚ ਪ੍ਰਵੇਸ਼ ਕਰ ਗਿਆ ਹੈ। ਕੇਂਦਰ ਸਰਕਾਰ ਨਾਲ ਕਿਸਾਨ ਜਥੇਬੰਦੀਆਂ ਦੀ 8ਵੇਂ ਦੌਰ ਦੀ ਬੈਠਕ ਵੀ ਬੇਸਿੱਟਾ ਰਹੀ। ਅਗਲੀ ਬੈਠਕ 15 ਜਨਵਰੀ ਨੂੰ ਹੋਵੇਗੀ। ਕਿਸਾਨ ਹੁਣ ਨਵੇਂ ਸਾਲ ਵਾਂਗ ਹੀ ਲੋਹੜੀ ਅਤੇ ਮਾਘੀ ਦਾ ਤਿਉਹਾਰ ਦਿੱਲੀ ਦੀਆਂ ਸਰਹੱਦਾਂ ’ਤੇ ਮਨਾਉਣਗੇ। ਕਿਸਾਨਾਂ ਵਲੋਂ ਆਪਣੀ ਤੈਅ ਰਣਨੀਤੀ ਮੁਤਾਬਕ ਅੰਦੋਲਨ ਨੂੰ ਹੋਰ ਤਿੱਖਾ ਕੀਤਾ ਜਾਵੇਗਾ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿਚ ਦਿਓ ਜਵਾਬ।


Inder Prajapati

Content Editor

Related News