ਪੜ੍ਹੋ ਕਿਸਾਨ ਅੰਦੋਲਨ ਨਾਲ ਜੁੜੀਆਂ ਅੱਜ ਦੀਆਂ 5 ਵੱਡੀਆਂ ਖ਼ਬਰਾਂ
Friday, Jan 01, 2021 - 08:46 PM (IST)
51 ਲੱਖ ਦੀ 'ਮੱਝ' ਵਿਕਣ ਤੇ ਕਿਸਾਨ ਅੰਦੋਲਨ ’ਚ ਲਾਏ ਲੰਗਰ ਦਾ ਹੈਰਾਨੀਜਨਕ ਸੱਚ ਆਇਆ ਸਾਹਮਣੇ
ਦਿੱਲੀ ਦੇ ਟਿੱਕਰੀ ਅਤੇ ਸਿੰਘੂ ਬਾਰਡਰ ’ਤੇ ਕਿਸਾਨ ਅੰਦੋਲਨ ਦੌਰਾਨ ਹਰਿਆਣਾ ਦੇ ਇੱਕ ਕਿਸਾਨ ਵੱਲੋਂ ਲਾਏ ਲੰਗਰ ਤੋਂ ਬਾਅਦ ਚਰਚਾ ’ਚ ਆਈ 51 ਲੱਖ ਰੁਪਏ ਦੀ ਵਿਕੀ ਸਰਸਵਤੀ ਮੱਝ ਅਤੇ ਉਸ ਨਾਲ ਕਿਸਾਨਾਂ ਲਈ ਲਾਏ ਲੰਗਰ ਨੇ ਸੋਸ਼ਲ ਮੀਡੀਆ ’ਤੇ ਵੱਡੀਆਂ ਚਰਚਾਵਾਂ ਛੇੜ ਦਿੱਤੀਆਂ ਪਰ ‘ਜਗ ਬਾਣੀ’ ਵਲੋਂ ਇਸ ਮਾਮਲੇ ਦੀ ਤਹਿ ਤੱਕ ਜਾ ਕੇ ਹੈਰਾਨੀਜਨਕ ਸੱਚ ਸਾਹਮਣੇ ਲਿਆਂਦਾ ਗਿਆ ਹੈ।
ਕਿਸਾਨ ਮੋਰਚਾ: ਗ਼ਲਤੀ 'ਤੇ ਗ਼ਲਤੀ ਕਾਰਨ ਕੇਂਦਰ ਸਰਕਾਰ ਦੀਆਂ ਸਮੱਸਿਆਵਾਂ ਵਧੀਆਂ
ਕੇਂਦਰ ਸਰਕਾਰ ਘਬਰਾਈ ਹੋਈ ਹੈ। ਕਿਸਾਨ ਅੰਦੋਲਨ ਹੁਣ ਪੰਜਾਬ ਤੋਂ ਬਾਹਰ ਫੈਲ ਰਿਹਾ ਹੈ। ਦੂਜੇ ਸੂਬਿਆਂ ਦੇ ਲੋਕ ਘੱਟੋ-ਘੱਟ ਸਮਰਥਨ ਮੁੱਲ ’ਤੇ ਗੱਲਬਾਤ ਕਰ ਰਹੇ ਹਨ। ਜਿਨ੍ਹਾਂ ਸੂਬਿਆਂ ਦੇ ਕਿਸਾਨਾਂ ਨੂੰ ਐੱਮ.ਐੱਸ.ਪੀ. ਦੀ ਜਾਣਕਾਰੀ ਤੱਕ ਨਹੀਂ ਸੀ ਉਹ ਐੱਮ.ਐੱਸ.ਪੀ. ’ਤੇ ਬਹਿਸ ਕਰ ਰਹੇ ਹਨ। ਇਸ ਦੇ ਲਾਭ ਤੋਂ ਜਾਣੂੰ ਹੋ ਰਹੇ ਹਨ। ਇੱਥੇ ਹੀ ਕੇਂਦਰ ਸਰਕਾਰ ਫਸ ਗਈ ਹੈ। ਐੱਮ.ਐੱਸ.ਪੀ. ਤਾਂ ਦੇਸ਼ ’ਚ ਕੇਵਲ 6 ਫ਼ੀਸਦੀ ਕਿਸਾਨਾਂ ਨੂੰ ਮਿਲ ਰਹੀ ਸੀ ਤਾਂ ਕਿਉਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣ ਦੇ ਚੱਕਰ ’ਚ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਲਿਆ ਕੇ ਕੇਂਦਰ ਸਰਕਾਰ ਫਸ ਗਈ ਹੈ? ਜੇਕਰ ਇਹ ਕਾਨੂੰਨ ਬਣ ਗਿਆ ਤਾਂ ਇਸ ਦਾ ਲਾਭ ਹਰ ਸੂਬੇ ਦੇ ਕਿਸਾਨ ਨੂੰ ਮਿਲੇਗਾ? ਅੰਦੋਲਨ ਦਾ ਅਸਰ ਹੁਣ ਦਿਖ ਰਿਹਾ ਹੈ।
ਕਿਸਾਨ ਜਥੇਬੰਦੀਆਂ ਨੇ ਦੱਸੀ ਅੱਗੇ ਦੀ ਰਣਨੀਤੀ, ਬੋਲੇ- ਕਾਨੂੰਨ ਰੱਦ ਕਰਵਾ ਕੇ ਹੀ ਰਹਾਂਗੇ
ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦਾ ਅੱਜ ਯਾਨੀ ਸ਼ੁੱਕਰਵਾਰ ਨੂੰ 37ਵਾਂ ਦਿਨ ਹੈ। ਸਿੰਘੂ ਸਰਹੱਦ 'ਤੇ 80 ਕਿਸਾਨ ਜਥੇਬੰਦੀਆਂ ਨੇ ਅੱਜ ਬੈਠਕ ਕੀਤੀ। ਬੈਠਕ ਤੋਂ ਬਾਅਦ ਕਿਸਾਨ ਜਥੇਬੰਦੀਆਂ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਕਾਨੂੰਨ ਰੱਦ ਕਰਵਾ ਕੇ ਹੀ ਰਹਾਂਗੇ। ਇਸ ਦੌਰਾਨ ਉਨ੍ਹਾਂ ਨੇ ਨਵੇਂ ਸਾਲ ਦੀ ਨਵੀਂ ਰਣਨੀਤੀ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਜੇਕਰ 4 ਜਨਵਰੀ ਨੂੰ ਹੋਣ ਵਾਲੀ ਬੈਠਕ 'ਚ ਕੋਈ ਗੱਲ ਨਹੀਂ ਨਿਕਲਿਆ ਤਾਂ 6 ਜਨਵਰੀ ਨੂੰ ਟਰੈਕਟਰ ਰੈਲੀ ਕਰਾਂਗੇ।
ਸੁਪਨਿਆਂ ਦੇ ਸ਼ਹਿਰ ਦੀ ਥਾਂ ਵਸ ਗਈ ਕਿਸਾਨਾਂ ਦੀ ਨਗਰੀ (ਵੇਖੋ ਤਸਵੀਰਾਂ)
ਕਿਸਾਨ ਅੰਦੋਲਨ ਨੇ ਸਰਕਾਰ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਦਿੱਲੀ ਬਾਰਡਰ ਨਾਲ ਲੱਗਦੇ ਕੁੰਡਲੀ-ਮਾਨੇਸਰ-ਪਲਵਾਨ ਐਕਸਪ੍ਰੈੱਸਵੇਅ ਦੇ ਦੋਵੇਂ ਪਾਸੇ ਸੁਪਨਿਆਂ ਦਾ ਸ਼ਹਿਰ ਵਸਾਉਣ ਦੀ ਯੋਜਨਾ ਵਿਚ ਲੱਗੀ ਹਰਿਆਣਾ ਸਰਕਾਰ ਸ਼ਹਿਰ ਤਾਂ ਪਤਾ ਨਹੀਂ ਕਦੋਂ ਵਸਾ ਸਕੇਗੀ, ਫਿਲਹਾਲ ਇਹ ਇਲਾਕਾ ਕਿਸਾਨਾਂ ਦੀ ਨਗਰੀ ਜ਼ਰੂਰ ਬਣ ਗਿਆ ਹੈ। ਬਹਾਦਰਗੜ੍ਹ ਦੇ ਟਿਕਰੀ ਬਾਰਡਰ ’ਤੇ 20 ਕਿਲੋਮੀਟਰ ਤੋਂ ਜ਼ਿਆਦਾ ਇਲਾਕੇ ਵਿਚ ਕਿਸਾਨਾਂ ਦੇ ਟੈਂਟ ਲੱਗੇ ਹੋਏ ਹਨ।
'4 ਜਨਵਰੀ ਦੀ ਬੈਠਕ 'ਚ ਨਹੀਂ ਨਿਕਲਿਆ ਹੱਲ ਤਾਂ ਬੰਦ ਕਰਾਂਗੇ ਮੌਲ ਅਤੇ ਪੈਟਰੋਲ ਪੰਪ'
ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਜਾਰੀ ਕਿਸਾਨ ਅੰਦੋਲਨ ਨੂੰ ਇੱਕ ਮਹੀਨੇ ਤੋਂ ਵੀ ਜ਼ਿਆਦਾ ਸਮਾਂ ਹੋ ਚੁੱਕਾ ਹੈ। ਇਸ ਦੌਰਾਨ ਕਿਸਾਨਾਂ ਦਾ ਗੁੱਸਾ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ। ਸ਼ੁੱਕਰਵਾਰ ਨੂੰ ਕਿਸਾਨ ਸੰਗਠਨਾਂ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਜੇਕਰ 4 ਜਨਵਰੀ ਨੂੰ ਸਰਕਾਰ ਦੇ ਨਾਲ ਬੈਠਕ ਗਤੀਰੋਧ ਖ਼ਤਮ ਕਰਨ ਵਿੱਚ ਅਸਫਲ ਰਹੀ ਤਾਂ ਅਸੀਂ ਹਰਿਆਣਾ ਵਿੱਚ ਸਾਰੇ ਮੌਲ, ਪੈਟਰੋਲ ਪੰਪ ਬੰਦ ਕਰਨ ਦੀਆਂ ਤਾਰੀਖ਼ਾਂ ਦਾ ਐਲਾਨ ਕਰਾਂਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।