ਪੜ੍ਹੋ ਕਿਸਾਨ ਅੰਦੋਲਨ ਨਾਲ ਜੁੜੀਆਂ ਅੱਜ ਦੀਆਂ 5 ਵੱਡੀਆਂ ਖ਼ਬਰਾਂ
Monday, Dec 28, 2020 - 09:36 PM (IST)
ਸਿੰਘੂ ਬਾਰਡਰ ਤੋਂ ਵਾਪਸ ਪਰਤ ਰਹੇ ਕਿਸਾਨਾਂ ’ਤੇ ਚੱਲੀਆਂ ਗੋਲ਼ੀਆਂ
ਸਿੰਘੂ ਬਾਰਡਰ ਤੋਂ ਵਾਪਸ ਆ ਰਹੇ ਕਿਸਾਨਾਂ ਦੀ ਫਾਰਚੂਨਰ ਗੱਡੀ ’ਤੇ ਵਰਨਾ ਕਾਰ ਸਵਾਰ ਕੁੱਝ ਨੌਜਵਾਨਾਂ ਨੇ ਮੰਡੀ ਕਿਲਿਆਂਵਾਲੀ ਨੇੜੇ ਕਥਿਤ ਤੌਰ ’ਤੇ ਫਾਇਰਿੰਗ ਕਰ ਦਿੱਤੀ। ਕਾਰ ਸਵਾਰ ਜਸਬੀਰ ਸਿੰਘ ਜੰਮੂਆਣਾ, ਜਸਪਾਲ ਸਿੰਘ ਜੰਡਵਾਲਾ ਅਤੇ ਮਨਜੀਤ ਸਿੰਘ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਹ ਦਿੱਲੀ ਸਿੰਘੂ ਬਾਰਡਰ ਤੋਂ ਵਾਪਸ ਆ ਰਹੇ ਸਨ ਅਤੇ ਬਸ ਅੱਡੇ ਸਾਹਮਣੇ ਕਰਿਆਨੇ ਦੀਆਂ ਦੁਕਾਨਾਂ ’ਤੇ ਖਾਣ-ਪੀਣ ਦਾ ਸਮਾਨ ਲੈਣ ਲਈ ਰੁਕੇ ਸਨ।
ਖੇਤੀ ਕਾਨੂੰਨਾਂ ਖ਼ਿਲਾਫ਼ ਹੁਣ ਬਲਵਿੰਦਰ ਸਿੰਘ ਵਲੋਂ ਅਰਜਨ ਐਵਾਰਡ ਵਾਪਸ ਕਰਨ ਦਾ ਐਲਾਨ
ਕਿਸਾਨਾਂ ਦੇ ਸਮਰਥਨ ਵਿਚ ਅਰਜਨ ਐਵਾਰਡੀ ਅਤੇ ਪੀ. ਯੂ. ਦੇ ਐਥਲੀਟ ਕੋਚ ਬਲਵਿੰਦਰ ਸਿੰਘ ਨੇ ਆਪਣਾ ਅਰਜਨ ਐਵਾਰਡ ਵਾਪਿਸ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੂੰ ਸ਼ਾਟਪੁਟ ਵਿਚ ਦੇਸ਼ ਲਈ ਕਈ ਤਮਗਾ ਜਿੱਤਣ ਕਾਰਣ ਸਰਕਾਰ ਨੇ ਅਰਜਨ ਐਵਾਰਡ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨਾਂ ਨਾਲ ਸਰਕਾਰ ਗਲ਼ਤ ਕਰ ਰਹੀ ਹੈ। ਐਵਾਰਡ ਵਾਪਸ ਕਰਨ ਲਈ ਰਾਸ਼ਟਰਪਤੀ ਨੂੰ ਪੱਤਰ ਲਿਖ ਦਿੱਤਾ ਹੈ ਪਰ ਉਨ੍ਹਾਂ ਵਲੋਂ ਕੋਈ ਜਵਾਬ ਨਾ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਗਿਆ ਹੈ।
ਕਿਸਾਨ ਅੰਦੋਲਨ: ਕਿਸਾਨਾਂ ਨੂੰ ਕੇਂਦਰ ਦਾ ਰਸਮੀ ਸੱਦਾ, ਬੈਠਕ ਦਾ ਬਦਲਿਆ ਸਮਾਂ ਅਤੇ ਦਿਨ
ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਦਾ ਦਿੱਲੀ ਦੀਆਂ ਸੜਕਾਂ ’ਤੇ ਧਰਨਾ ਪ੍ਰਦਰਸ਼ਨ ਅੱਜ 33ਵੇਂ ਦਿਨ ’ਚ ਪ੍ਰਵੇਸ਼ ਕਰ ਗਿਆ ਹੈ। ਕਿਸਾਨਾਂ ਅਤੇ ਸਰਕਾਰ ਵਿਚਾਲੇ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਜਾਰੀ ਵਿਵਾਦ ਹੁਣ ਗੱਲਬਾਤ ਵੱਲ ਵਧ ਰਿਹਾ ਹੈ। ਕੇਂਦਰ ਸਰਕਾਰ ਨੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਵਲੋਂ ਭੇਜੇ 4 ਸੂਤਰੀ ਏਜੰਡੇ ਮਗਰੋਂ ਅੱਜ ਰਸਮੀ ਸੱਦਾ ਭੇਜਿਆ ਹੈ।
ਅੰਦੋਲਨ ਦੌਰਾਨ ਆਈ ਇਕ ਹੋਰ ਬੁਰੀ ਖ਼ਬਰ, ਬਰਨਾਲਾ ਦੇ ਕਿਸਾਨ ਦੀ ਧਰਨੇ ’ਚ ਮੌਤ
ਜ਼ਿਲ੍ਹਾ ਬਰਨਾਲਾ ਦੇ ਇਕ ਹੋਰ ਕਿਸਾਨ ਦੀ ਚੱਲ ਰਹੇ ਸੰਘਰਸ਼ ਦੌਰਾਨ ਮੌਤ ਹੋ ਗਈ। ਜ਼ਿਲ੍ਹਾ ਬਰਨਾਲਾ ਵਿਚ ਅੱਧੀ ਦਰਜਨ ਤੋਂ ਵੀ ਵੱਧ ਕਿਸਾਨਾਂ ਦੀ ਧਰਨੇ ਪ੍ਰਦਰਸ਼ਨਾਂ ਦੌਰਾਨ ਮੌਤ ਹੋ ਚੁੱਕੀ ਹੈ। ਕਿਸਾਨ ਯੂਨੀਅਨ ਉਗਰਾਹਾਂ ਵਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਸ਼ੰਟੀ ਦੇ ਘਰ ਅੱਗੇ ਧਰਨਾ ਦਿੱਤਾ ਜਾ ਰਿਹਾ ਸੀ। ਇਸ ਦੌਰਾਨ ਕੁਝ ਕਿਸਾਨ ਵੱਖ ਬੈਠ ਕੇ ਮੀਟਿੰਗ ਕਰ ਰਹੇ ਸਨ ਤਾਂ ਪਿੰਡ ਗੁਰਮਾਂ ਦੇ ਕਿਸਾਨ ਸੁਖਦੇਵ ਸਿੰਘ (65) ਜੋ ਕਿ ਸੇਵਾ ਮੁਕਤ ਅਧਿਆਪਕ ਵੀ ਸਨ, ਉਹ ਮੀਟਿੰਗ ਦੀ ਕਾਰਵਾਈ ਲਿਖ ਰਹੇ ਸਨ।
ਕਦੇ ਸਰਹੱਦ 'ਤੇ ਬੰਦੂਕ ਫੜਨ ਵਾਲੇ ਹੱਥਾਂ 'ਚ ਹੁਣ ਹੈ ਕਿਸਾਨਾਂ ਲਈ ਲੰਗਰ ਦੀ ਬਾਲਟੀ
ਕਦੇ ਦੇਸ਼ ਦੀ ਸਰਹੱਦ 'ਤੇ ਡਿਊਟੀ ਨਿਭਾ ਚੁੱਕੇ ਮੋਹਨ ਸਿੰਘ ਦਿੱਲੀ ਦੇ ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਧਰਨੇ ਵਿੱਚ ਹੁਣ ਇੱਕ ਵੱਖਰੀ ਤਰ੍ਹਾਂ ਦੀ ਡਿਊਟੀ ਨਿਭਾ ਰਹੇ ਹਨ। ਫਰਕ ਇੰਨਾ ਹੈ ਕਿ 72 ਸਾਲਾ ਮੋਹਨ ਸਿੰਘ ਦੇ ਹੱਥ ਵਿੱਚ ਹੁਣ ਬੰਦੂਕ ਨਹੀਂ ਲੰਗਰ ਸੇਵਾ ਦੇ ਕੰਮ ਆਉਣ ਵਾਲੀ ਬਾਲਟੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ