ਰਾਊਤ ਨੇ ਭਾਜਪਾ ਨਾਲ ਗਠਜੋੜ ਕੀਤਾ ਹੁੰਦਾ ਤਾਂ ਉਹ ਵੀ ਉਸ ਦੀ ‘ਵਾਸ਼ਿੰਗ ਮਸ਼ੀਨ’ ’ਚ ਹੋ ਜਾਂਦੇ ਸਾਫ: ਸਾਮਨਾ

Wednesday, Aug 03, 2022 - 10:43 AM (IST)

ਰਾਊਤ ਨੇ ਭਾਜਪਾ ਨਾਲ ਗਠਜੋੜ ਕੀਤਾ ਹੁੰਦਾ ਤਾਂ ਉਹ ਵੀ ਉਸ ਦੀ ‘ਵਾਸ਼ਿੰਗ ਮਸ਼ੀਨ’ ’ਚ ਹੋ ਜਾਂਦੇ ਸਾਫ: ਸਾਮਨਾ

ਮੁੰਬਈ- ਸ਼ਿਵ ਸੈਨਾ ਨੇ ਆਪਣੇ ਰਾਜ ਸਭਾ ਮੈਂਬਰ ਸੰਜੇ ਰਾਊਤ ਨੂੰ ਈ. ਡੀ. ਵੱਲੋਂ ਗ੍ਰਿਫਤਾਰ ਕੀਤੇ ਜਾਣ ’ਤੇ ਭਾਜਪਾ ਦੀ ਆਲੋਚਨਾ ਕੀਤੀ। ਸ਼ਿਵ ਸੈਨਾ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਇੰਦਰਾ ਗਾਂਧੀ ਵੱਲੋਂ ਲਾਈ ਗਈ ਐਮਰਜੈਂਸੀ ਦੌਰਾਨ ਵੀ ਵਿਰੋਧੀ ਧਿਰ ਨੂੰ ਇਸ ਤਰ੍ਹਾਂ ਨਿਸ਼ਾਨਾ ਨਹੀਂ ਬਣਾਇਆ ਗਿਆ ਸੀ। ਪਾਰਟੀ ਦੇ ਮੁੱਖ ਪੱਤਰ ‘ਸਾਮਨਾ’ ਦੇ ਇਕ ਸੰਪਾਦਕੀ ਵਿਚ ਸ਼ਿਵ ਸੈਨਾ ਨੇ ਕਿਹਾ ਕਿ ਜੇ ਵਿਰੋਧੀ ਧਿਰ ਨਾਲ ਸਨਮਾਨਜਨਕ ਵਤੀਰਾ ਨਹੀਂ ਅਪਣਾਇਆ ਜਾਂਦਾ ਤਾਂ ਲੋਕਰਾਜ ਅਤੇ ਇਕ ਦੇਸ਼ ਨਸ਼ਟ ਹੋ ਜਾਂਦਾ ਹੈ। ਸ਼ਿਵ ਸੈਨਾ ਮੁਤਾਬਕ ਰਾਜ ਸਭਾ ਦੇ ਮੈਂਬਰ ਅਤੇ ਸਾਮਨਾ ਦੇ ਕਾਰਜਕਾਰੀ ਸੰਪਾਦਕ ਰਾਊਤ ਨੂੰ ਸਿਆਸੀ ਬਦਲੇ ਦੀ ਭਾਵਨਾ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ। ਕਥਿਤ ਪਾਤਰਾ ਚਾਲ ਜ਼ਮੀਨ ਘਪਲੇ ਮਾਮਲੇ ’ਚ ਉਨ੍ਹਾਂ ਨੂੰ ਫਸਾਉਣ ਲਈ ਕਈ ਝੂਠੇ ਸਬੂਤ ਪੇਸ਼ ਕੀਤੇ ਗਏ।

ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਜੇ ਰਾਊਤ ਨੇ ਭਾਜਪਾ ਨਾਲ ਗਠਜੋੜ ਕੀਤਾ ਹੁੰਦਾ ਤਾਂ ਉਹ ਵੀ ਭਾਜਪਾ ਦੀ ‘ਵਾਸ਼ਿੰਗ ਮਸ਼ੀਨ’ ’ਚ ਸਾਫ ਹੋ ਜਾਂਦੇ। ਰਾਊਤ ਨੂੰ ਜਲਦਬਾਜ਼ੀ ਵਿਚ ਗ੍ਰਿਫਤਾਰ ਕੀਤੇ ਜਾਣ ਨੂੰ ਲੈ ਕੇ ਸਵਾਲ ਉਠਾਉਂਦੇ ਹੋਏ ਸ਼ਿਵ ਸੈਨਾ ਨੇ ਕਿਹਾ ਕਿ ਉਨ੍ਹਾਂ ਈ. ਡੀ. ਨੂੰ ਇਕ ਚਿੱਠੀ ਸੌਂਪੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਉਹ ਸੰਸਦ ਦੇ ਮਾਨਸੂਨ ਸਮਾਗਮ ਅਤੇ ਉਪ ਰਾਸ਼ਟਰਪਤੀ ਦੀ ਚੋਣ ਤੋਂ ਬਾਅਦ ਮਨੀ ਲਾਂਡਰਿੰਗ ਰੋਕੂ ਏਜੰਸੀ ਦੇ ਸਾਹਮਣੇ ਪੇਸ਼ ਹੋਣਗੇ ਪਰ ਈ. ਡੀ. ਨੇ ਕੋਈ ਗੱਲ ਨਹੀਂ ਮੰਨੀ ਅਤੇ ਐਤਵਾਰ ਸਵੇਰੇ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।

ਕਾਲ ਕਰਨ ਵਾਲੇ ਦੀ ਪਛਾਣ ਲਈ ਪੁਲਸ ਨੇ ਮੰਗੀ ਮੂਲ ਆਡੀਓ ਰਿਕਾਰਡਿੰਗ

ਮੁੰਬਈ ਪੁਲਸ ਸੰਜੇ ਰਾਊਤ ਵਿਰੁੱਧ ਦਰਜ ਅਪਰਾਧਿਕ ਮਾਮਲੇ ’ਚ ਸ਼ਿਕਾਇਤਕਰਤਾ ਔਰਤ ਦੀ ਮੂਲ ਆਡੀਓ ਦੀ ਰਿਕਾਰਡਿੰਗ ਦੀ ਉਡੀਕ ਕਰ ਰਹੀ ਹੈ। ਪੁਲਸ ਕਾਲ ਕਰਨ ਵਾਲੀ ਔਰਤ ਦੀ ਪਛਾਣ ਲਈ ਇਸ ਆਡੀਓ ਨੂੰ ਫਾਰੈਂਸਿਕ ਲੈਬਾਰਟਰੀ ’ਚ ਭੇਜੇਗੀ। ਇਕ ਅਧਿਕਾਰੀ ਨੇ ਮੰਗਲਵਾਰ ਦੱਸਿਆ ਕਿ ਇਕ ਆਡੀਓ ਕਲਿਪ ਵਾਇਰਲ ਹੋਈ ਹੈ, ਜਿਸ ਵਿਚ ਇਕ ਮਰਦ ਨੂੰ ਇਕ ਔਰਤ ਨਾਲ ਭੱਦੀ ਸ਼ਬਦਾਵਲੀ ’ਚ ਗੱਲਬਾਤ ਕਰਦਿਆਂ ਸੁਣਿਆ ਜਾ ਸਕਦਾ ਹੈ। ਅਧਿਕਾਰੀ ਮੁਤਾਬਕ ਸ਼ਿਕਾਇਤਕਰਤਾ ਨੇ ਪੈਨ ਡ੍ਰਾਈਵ ’ਚ ਪੁਲਸ ਨੂੰ ਉਕਤ ਆਡੀਓ ਕਲਿਪ ਭੇਜੀ ਸੀ। ਪੁਲਸ ਮੁਤਾਬਕ ਉਸ ਨੂੰ 2016 ’ਚ ਰਿਕਾਰਡ ਕੀਤੀ ਗਈ ਮੂਲ ਆਡੀਓ ਕਲਿਪ ਚਾਹੀਦੀ ਹੈ। ਉਸ ਤੋਂ ਬਾਅਦ ਹੀ ਕਾਲ ਕਰਨ ਵਾਲੇ ਦੀ ਪਛਾਣ ਕਰਨ ਲਈ ਅਗਲੀ ਕਾਰਵਾਈ ਕੀਤੀ ਜਾਏਗੀ।


author

Tanu

Content Editor

Related News