ਕਿਸਾਨ ਦੇ 2 ਲੱਖ ਰੁਪਏ ਕੁਤਰ ਗਏ ਚੂਹੇ, ਮਦਦ ਲਈ ਮਹਿਲਾ ਮੰਤਰੀ ਨੇ ਵਧਾਏ ਹੱਥ
Monday, Jul 19, 2021 - 06:28 PM (IST)
ਹੈਦਰਾਬਾਦ— ਇਕ ਕਿਸਾਨ ਦੀ ਜਮਾਂ ਪੂੰਜੀ ਉਸ ਦੀ ਫ਼ਸਲ ਦੀ ਪੈਦਾਵਾਰ ਹੁੰਦੀ ਹੈ, ਜਿਸ ਲਈ ਉਹ ਕਈ ਮਹੀਨੇ ਖੇਤਾਂ ਵਿਚ ਹੱਡ ਚੀਂਰਵੀ ਮਿਹਨਤ ਕਰਦਾ ਹੈ। ਫ਼ਸਲ ਤੋਂ ਜੋ ਕਮਾਈ ਹੁੰਦੀ ਹੈ, ਉਸ ਤੋਂ ਹੀ ਕਿਸਾਨ ਆਪਣਾ ਘਰ ਚਲਾਉਂਦਾ ਹੈ ਪਰ ਜੇਕਰ ਕਮਾਈ ਹੀ ਡੁੱਬ ਜਾਵੇ ਤਾਂ ਕਿਸਾਨ ’ਤੇ ਮੁਸੀਬਤਾਂ ਦਾ ਪਹਾੜ ਟੁੱਟ ਜਾਂਦਾ ਹੈ। ਤੇਲੰਗਾਨਾ ਦੇ ਮਹਿਬੂਬਾਬਾਦ ਜ਼ਿਲ੍ਹੇ ’ਚ ਇਕ ਬੇਹੱਦ ਭਾਵੁਕ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਸਬਜ਼ੀ ਉਗਾ ਕੇ ਗੁਜ਼ਾਰਾ ਕਰਨ ਵਾਲੇ ਕਿਸਾਨ ਦੇ 2 ਲੱਖ ਰੁਪਏ ਚੂਹੇ ਕੁਤਰ ਗਏ। ਰੇਡਯਾ ਨਾਇਕ ਨਾਂ ਦੇ ਇਸ ਕਿਸਾਨ ਨੇ ਇਨ੍ਹਾਂ ਪੈਸਿਆਂ ਨੂੰ ਆਪਣੀ ਅਲਮਾਰੀ ਵਿਚ ਇਕ ਬੈਗ ’ਚ ਪਾ ਕੇ ਰੱਖਿਆ ਹੋਇਆ ਸੀ। ਇਹ ਰੁਪਏ ਉਸ ਨੇ ਬੇਹੱਦ ਮਹੱਤਵਪੂਰਨ ਕੰਮ ਲਈ ਬਚਾਏ ਸਨ।
ਦਰਅਸਲ ਨਾਇਕ ਨੇ ਇਹ ਰੁਪਏ ਆਪਣੇ ਢਿੱਡ ਦੀ ਸਰਜਰੀ ਲਈ ਬਚਾਏ ਸਨ। ਨਾਇਕ ਨੇ ਦੱਸਿਆ ਕਿ ਸਬਜ਼ੀਆਂ ਨੂੰ ਵੇਚਣ ਮਗਰੋਂ ਇਹ ਮੇਰੀ ਬੱਚਤ ਦੇ ਰੁਪਏ ਸਨ। ਜਦੋਂ ਮੈਂ ਉਸ ਬੈਗ ਨੂੰ ਖੋਲ੍ਹਿਆ ਤਾਂ ਮੇਰੇ ਹੋਸ਼ ਉੱਡ ਗਏ। 500-500 ਦੇ ਸਾਰੇ ਨੋਟ ਚੂਹਿਆਂ ਨੇ ਕੁਤਰ ਦਿੱਤੇ। ਸਥਾਨਕ ਲੋਕਾਂ ਨੇ ਉਸ ਨੂੰ ਬੈਂਕ ਤੋਂ ਪੈਸੇ ਬਦਲਣ ਦੀ ਸਲਾਹ ਦਿੱਤੀ। ਉਹ ਬੈਂਕ ਗਿਆ ਪਰ ਉੱਥੇ ਪੈਸੇ ਬਦਲਣ ਤੋਂ ਸਾਫ਼ ਮਨਾ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਪੈਸੇ ਲੈਣ ਤੋਂ ਇਨਕਾਰ ਕਰਦੇ ਹੋਏ ਹੈਦਰਾਬਾਦ ਦੇ ਰਿਜ਼ਰਵ ਬੈਂਕ ਜਾਣ ਦੀ ਸਲਾਹ ਦਿੱਤੀ। ਬਜ਼ੁਰਗ ਸ਼ਖਸ ਨੇ ਦੱਸਿਆ ਕਿ ਅਧਿਕਾਰੀਆਂ ਨੇ ਕਿਹਾ ਕਿ ਉਹ ਖਰਾਬ ਹੋਏ ਨੋਟਾਂ ਨੂੰ ਨਵੇਂ ਨੋਟਾਂ ਵਿਚ ਨਹੀਂ ਬਦਲ ਸਕਦੇ।
ਇਸ ਖ਼ਬਰ ਦੇ ਵਾਇਰਲ ਹੋਣ ਮਗਰੋਂ ਤੇਲੰਗਾਨਾ ਜਨਜਾਤੀ, ਮਹਿਲਾ ਅਤੇ ਬਾਲ ਕਲਿਆਣ ਮੰਤਰੀ ਸੱਤਿਆਵਤੀ ਰਾਠੌੜ ਨੇ ਨਾਇਕ ਨੇ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਨਾਇਕ ਜਿਸ ਹਸਪਤਾਲ ’ਚ ਵੀ ਆਪਣੀ ਸਰਜਰੀ ਕਰਾਉਣਗੇ, ਇਸ ਲਈ ਉਹ ਵਿੱਤੀ ਮਦਦ ਪ੍ਰਦਾਨ ਕੀਤੀ ਜਾਵੇਗੀ। ਮੰਤਰੀ ਨੇ ਕਿਹਾ ਕਿ ਕਿਸਾਨ ਨੂੰ ਪੈਸੇ ਦੇ ਨੁਕਸਾਨ ਕਾਰਨ ਨਿਰਾਸ਼ ਹੋਣ ਦੀ ਲੋੜ ਨਹੀਂ ਹੈ, ਕਿਉਂਕਿ ਉਸ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ। ਕਿਸਾਨ ਮੁਤਾਬਕ ਅਚਾਨਕ ਉਸ ਦੀ ਸਿਹਤ ਖਰਾਬ ਹੋ ਗਈ। ਡਾਕਟਰਾਂ ਨੇ ਉਸ ਦੀ ਜਾਂਚ ਕੀਤੀ ਤਾਂ ਉਸ ਦੇ ਢਿੱਡ ’ਚ ਟਿਊਮਰ ਨਿਕਲਿਆ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਜਰੀ ਕਰਾਉਣੀ ਹੋਵੇਗੀ, ਜਿਸ ਲਈ ਉਸ ਨੇ 2 ਲੱਖ ਰੁਪਏ ਜੋੜ ਕੇ ਰੱਖੇ ਸਨ।