ਇੰਦੌਰ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ''ਚ ਚੂਹਿਆਂ ਨੇ ਕੁਤਰੀ ਲਾਸ਼
Saturday, Jun 19, 2021 - 06:52 PM (IST)
ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹਾ ਹਸਪਤਾਲ ਦੇ ਮੁਰਦਾਘਰ 'ਚ ਚੂਹਿਆਂ ਨੇ 41 ਸਾਲਾ ਵਿਅਕਤੀ ਦੀ ਲਾਸ਼ ਦੇ ਵੱਖ-ਵੱਖ ਅੰਗਾਂ ਨੂੰ ਕੁਤਰ ਦਿੱਤਾ। ਪੋਸਟਮਾਰਟਮ ਤੋਂ ਬਾਅਦ ਸ਼ਨੀਵਾਰ ਨੂੰ ਲਾਸ਼ ਦੀ ਹਵਾਲਗੀ ਸਮੇਂ ਇਸ ਵਿਅਕਤੀ ਦੇ ਪਰਿਵਾਰ ਵਾਲਿਆਂ ਨੇ ਇਸ ਦਾ ਖ਼ੁਲਾਸਾ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਕਥਿਤ ਤੌਰ 'ਤੇ ਜ਼ਹਿਰ ਖਾਣ ਤੋਂ ਬਾਅਦ ਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਏ ਗਏ ਕ੍ਰਿਸ਼ਨਕਾਂਤ ਪਾਂਚਾਲ (41) ਦੀ ਸ਼ੁੱਕਰਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ ਸੀ। ਉਹ ਗੁਆਂਢੀ ਧਾਰ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਮ੍ਰਿਤਕ ਦੇ ਭਤੀਜੇ ਰਾਹੁਲ ਪਾਂਚਾਲ ਨੇ ਦੱਸਿਆ,''ਮੇਰੇ ਚਾਚਾ ਕ੍ਰਿਸ਼ਨਕਾਂਤ ਪਾਂਚਾਲ ਦੀ ਲਾਸ਼ ਪੋਸਟਮਾਰਟਮ ਲਈ ਸ਼ੁੱਕਰਵਾਰ ਨੂੰ ਜ਼ਿਲ੍ਹਾ ਹਸਪਤਾਲ ਦੇ ਮੁਰਦਾਘਰ ਭੇਜੀ ਗਈ ਸੀ ਪਰ ਅਸੀਂ ਦੇਖਿਆ ਕਿ ਮੁਰਦਾਘਰ 'ਚ ਲਾਸ਼ ਸੁਰੱਖਿਅਤ ਰੱਖਣ ਲਈ ਫਰਿੱਜਰ ਤੱਕ ਨਹੀਂ ਹੈ।''
ਉਨ੍ਹਾਂ ਦੱਸਿਆ,''ਮੁਰਦਾਘਰ ਦੇ ਕਰਮੀਆਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਰਾਤ ਨੂੰ ਲਾਸ਼ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਪਰ ਪੋਸਟਮਾਰਟਮ ਤੋਂ ਬਾਅਦ ਜਦੋਂ ਅਸੀਂ ਸ਼ਨੀਵਾਰ ਨੂੰ ਲਾਸ਼ ਦੇਖੀ ਤਾਂ ਚਿਹਰੇ, ਹੱਥ, ਅੰਗੂਠੇ ਅਤੇ ਉਂਗਲੀਆਂ 'ਤੇ ਚੂਹਿਆਂ ਦੇ ਕੁਤਰਨ ਦੇ ਤਾਜ਼ਾ ਜ਼ਖਮ ਮਿਲੇ।'' ਹਸਪਤਾਲ ਦੇ ਮੁਰਦਾਘਰ 'ਚ ਲਾਸ਼ ਦੀ ਅਜਿਹੀ ਹਾਲਤ ਬਾਰੇ ਪੁੱਛੇ ਜਾਣ 'ਤੇ ਸਿਵਲ ਸਰਜਨ ਡਾ. ਸੰਤੋਸ਼ ਵਰਮਾ ਨੇ ਕਿਹਾ,''ਲਾਸ਼ ਦਾ ਪੋਸਟਮਾਰਟਮ ਕਰਨ ਵਾਲੇ ਇਕ ਡਾਕਟਰ ਨਾਲ ਮੇਰੀ ਗੱਲ਼ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿਰਫ਼ ਲਾਸ਼ ਦੀ ਗਲ਼ 'ਤੇ ਚੂਹਿਆਂ ਦੇ ਕੁਤਰਨ ਦੇ ਨਿਸ਼ਾਨ ਮਿਲੇ ਸਨ।'' ਵਰਮਾ ਨੇ ਕਿਹਾ ਕਿ ਜ਼ਿਲ੍ਹਾ ਹਸਪਤਾਲ ਦੇ ਮੁਰਦਾਘਰ 'ਚ ਚੂਹਿਆਂ ਅਤੇ ਹੋਰ ਜੀਵ-ਜੰਤੂਆਂ ਦੀ ਰੋਕਥਾਮ ਲਈ ਇਕ ਨਿੱਜੀ ਏਜੰਸੀ ਰਾਹੀਂ ਦਵਾਈਆਂ ਦਾ ਨਿਯਮਿਤ ਛਿੜਕਾਅ ਕਰਵਾਇਆ ਜਾਂਦਾ ਹੈ।'' ਸਿਵਲ ਸਰਜਨ ਨੇ ਕਿਹਾ,''ਲਾਸ਼ ਨੂੰ ਚੂਹਿਆਂ ਵਲੋਂ ਕੁਤਰੇ ਜਾਣ ਦੇ ਮਾਮਲੇ 'ਚ ਅਸੀਂ ਇਸ ਏਜੰਸੀ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲਬ ਕਰਾਂਗੇ।'' ਹਾਲਾਂਕਿ ਹਸਪਤਾਲ ਦਾ ਮੁਰਦਾਘਰ ਹੁਣ ਵੀ ਪੁਰਾਣੇ ਭਵਨ 'ਚ ਹੀ ਚਲਾਇਆ ਜਾ ਰਿਹਾ ਹੈ। ਚਸ਼ਮਦੀਦਾਂ ਅਨੁਸਾਰ ਜ਼ਿਲ੍ਹਾ ਹਸਪਤਾਲ ਕੰਪਲੈਕਸ 'ਚ ਨੇੜੇ-ਤੇੜੇ ਦੇ ਕਈ ਨਿਰਮਾਣ ਟੁੱਟਣ ਨਾਲ ਮੁਰਦਾਘਰ ਚਾਰੇ ਪਾਸੇ ਖੁੱਲ੍ਹੇ ਮੈਦਾਨ ਨਾਲ ਘਿਰ ਗਿਆ ਹੈ ਅਤੇ ਮੀਂਹ ਦੇ ਮੌਸਮ ਦੌਰਾਨ ਇਸ 'ਚ ਚੂਹਿਆਂ ਅਤੇ ਹੋਰ ਜੀਵ-ਜੰਤੂਆਂ ਦੀ ਘੁਸਪੈਠ ਦਾ ਖ਼ਤਰਾ ਵੱਧ ਗਿਆ ਹੈ।