...ਜਦੋਂ ਆਪਣੇ ਬੀਮਾਰ ਕਰਮੀ ਦਾ ਹਾਲ-ਚਾਲ ਜਾਣਨ ਮੁੰਬਈ ਤੋਂ ਪੁਣੇ ਗਏ ਸਨ ਰਤਨ ਟਾਟਾ

Thursday, Oct 10, 2024 - 10:55 AM (IST)

ਮੁੰਬਈ- ਪਦਮ ਭੂਸ਼ਣ ਅਤੇ ਵਿਭੂਸ਼ਣ ਨਾਲ ਸਨਮਾਨਤ ਰਤਨ ਟਾਟਾ ਹੁਣ ਨਹੀਂ ਰਹੇ। ਇਹ ਜਾਣ ਕੇ ਉਨ੍ਹਾਂ ਦੇ ਕਰੋੜਾਂ ਚਾਹੁਣ ਵਾਲਿਆਂ ਨੂੰ ਝਟਕਾ ਲੱਗਾ ਹੈ। ਰਤਨ ਟਾਟਾ ਨਾ ਸਿਰਫ਼ ਸਮਾਜ ਲਈ ਸਗੋਂ ਜਾਨਵਰਾਂ ਨਾਲ ਵੀ ਕਾਫੀ ਚੰਗਾ ਵਿਵਹਾਰ ਕਰਦੇ ਸਨ। ਆਪਣੇ ਕਰਮੀਆਂ ਦਾ ਉਹ ਇੰਨਾ ਧਿਆਨ ਰੱਖਦੇ ਸਨ ਕਿ ਕਿਹਾ ਜਾਂਦਾ ਸੀ ਕਿ ਟਾਟਾ ਦੀ ਨੌਕਰੀ ਮਤਲਬ ਸਰਕਾਰੀ ਨੌਕਰੀ ਤੋਂ ਵੀ ਜ਼ਿਆਦਾ ਚੰਗੀ।

ਰਤਨ ਟਾਟਾ ਆਪਣੇ ਕਰਮੀਆਂ ਦਾ ਰੱਖਦੇ ਸਨ ਖ਼ਾਸ ਧਿਆਨ

ਰਤਨ ਟਾਟਾ ਦੀ ਗੱਲ ਹਰ ਘਰ ਵਿਚ ਇਉਂ ਹੀ ਨਹੀਂ ਕੀਤੀ ਜਾਂਦੀ। ਰਤਨ ਟਾਟਾ ਆਪਣੇ ਕਰਮੀਆਂ ਦੀ ਤਨਖਾਹ ਤੋਂ ਲੈ ਕੇ ਸਿਹਤ ਅਤੇ ਉਨ੍ਹਾਂ ਦੇ ਪਰਿਵਾਰ ਤੱਕ ਦਾ ਖ਼ਾਸ ਧਿਆਨ ਰੱਖਦੇ ਸਨ। ਰਹਿਣ ਲਈ ਘਰ, ਬੱਚਿਆਂ ਦੀ ਪੜ੍ਹਾਈ ਲਈ ਸਕੂਲ ਅਤੇ ਬੀਮਾਰ ਹੋਣ 'ਤੇ ਇਲਾਜ ਲਈ ਹਸਪਤਾਲ ਤੱਕ ਦੀ ਟਾਟਾ ਸਮੂਹ ਆਪਣੇ ਕਰਮੀਆਂ ਲਈ ਵਿਵਸਥਾ ਕਰਦਾ ਹੈ। ਇਸ ਤੋਂ ਇਲਾਵਾ ਖ਼ੁਦ ਰਤਨ ਟਾਟਾ ਆਪਣੇ ਕਰਮੀਆਂ ਦਾ ਹਾਲ-ਚਾਲ ਪੁੱਛਦੇ ਰਹਿੰਦੇ ਸਨ। 

ਰਤਨ ਟਾਟਾ ਨੇ ਕੀਤਾ ਅਜਿਹਾ ਕੰਮ

ਸਾਲ 2021 ਦੀ ਹੀ ਗੱਲ ਹੈ। ਰਤਨ ਟਾਟਾ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਇਕ ਸਾਬਕਾ ਕਰਮੀ ਦੋ ਸਾਲਾਂ ਤੋਂ ਬੀਮਾਰ ਹੈ। ਇਹ ਸੁਣ ਕੇ ਉਹ ਉਸ ਨੂੰ ਮਿਲਣ ਲਈ ਮੁੰਬਈ ਤੋਂ ਪੁਣੇ ਪਹੁੰਚ ਗਏ। ਉਹ ਵੀ 83 ਸਾਲ ਦੀ ਉਮਰ ਵਿਚ। ਸੋਚੋ ਜਦੋਂ ਉਹ ਜਵਾਨ ਰਹੇ ਹੋਣਗੇ ਤਾਂ ਕਿਸ ਹੱਦ ਤੱਕ ਕਰਮੀਆਂ ਦੀ ਮਦਦ ਕਰਦੇ ਹੋਣਗੇ। ਰਤਨ ਟਾਟਾ ਇਨ੍ਹਾਂ ਸਾਰੀਆਂ ਗੱਲਾਂ ਦੀ ਵੀ ਚਰਚਾ ਨਹੀਂ ਕਰਦੇ ਸਨ। ਨਾ ਹੀ ਉਨ੍ਹਾਂ ਦੀ ਕੰਪਨੀ ਵਲੋਂ ਇਸ ਤਰ੍ਹਾਂ ਦੀਆਂ ਗੱਲਾਂ ਦੱਸੀਆਂ ਜਾਂਦੀਆਂ ਸਨ। ਇਹ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤਾਂ ਹਰ ਕੋਈ ਜਾਣਕਾਰੀ ਸਾਂਝਾ ਕਰ ਰਿਹਾ ਹੈ।

ਇੰਝ ਲੱਗਾ ਮੁਲਾਕਾਤ ਦਾ ਪਤਾ

ਉਸ ਸਾਬਕਾ ਕਰਮੀ ਦੇ ਇਕ ਕਰੀਬੀ ਨੇ ਰਤਨ ਟਾਟਾ ਦੀ ਮੁਲਾਕਾਤ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝਾ ਕਰ ਦਿੱਤੀ ਅਤੇ ਵੇਖਦੇ ਹੀ ਵੇਖਦੇ ਉਹ ਵਾਇਰਲ ਹੋ ਗਈ। ਲੋਕ ਰਤਨ ਟਾਟਾ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ ਸਨ। ਰਤਨ ਟਾਟਾ ਬੇਹੱਦ ਸਾਦਗੀ ਨਾਲ ਰਿਹਾ ਕਰਦੇ ਸਨ। ਇੱਥੋਂ ਤੱਕ ਕਿ ਉਨ੍ਹਾਂ ਨੇ ਆਪਣੇ ਸਾਰੇ ਕਰਮੀਆਂ ਨੂੰ ਨਿਰਦੇਸ਼ ਦਿੱਤਾ ਸੀ ਕਿ ਜੇਕਰ ਕੰਪਨੀ ਵਿਚ ਕੋਈ ਜਾਨਵਰ ਆ ਜਾਵੇ ਤਾਂ ਉਸ ਨੂੰ ਦੌੜਾਇਆ ਨਾ ਜਾਵੇ। 


Tanu

Content Editor

Related News