ਕਿਰਾਏਦਾਰ ਦੀ ਚਾਰ ਸਾਲਾ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਹੋਈ 20 ਸਾਲ ਦੀ ਕੈਦ
Saturday, Jul 20, 2024 - 11:41 PM (IST)
ਗਾਜ਼ੀਆਬਾਦ : ਗਾਜ਼ੀਆਬਾਦ ਜ਼ਿਲ੍ਹੇ ਦੀ ਇਕ ਵਿਸ਼ੇਸ਼ ਅਦਾਲਤ ਨੇ ਸ਼ਨੀਵਾਰ ਨੂੰ ਇਕ ਕਿਰਾਏਦਾਰ ਦੀ ਚਾਰ ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਦੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦੇ ਹੋਏ 20 ਸਾਲ ਦੀ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਵਿਸ਼ੇਸ਼ ਸਰਕਾਰੀ ਵਕੀਲ ਸਤੀਸ਼ ਸ਼ਰਮਾ ਨੇ ਦੱਸਿਆ ਕਿ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਤਹਿਤ ਗਠਿਤ ਅਦਾਲਤ ਦੇ ਵਿਸ਼ੇਸ਼ ਜੱਜ ਭਰਤ ਸਿੰਘ ਯਾਦਵ ਨੇ ਜਬਰ ਜਨਾਹ ਦੇ ਦੋਸ਼ੀ ਗਿਆਨੇਂਦਰ ਨੂੰ 20 ਸਾਲ ਦੀ ਸਖ਼ਤ ਕੈਦ ਅਤੇ 20,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸ਼ਰਮਾ ਨੇ ਦੱਸਿਆ ਕਿ 20 ਮਈ 2022 ਨੂੰ ਦੋਸ਼ੀ ਗਿਆਨੇਂਦਰ ਨੇ ਆਪਣੀ ਰਿਹਾਇਸ਼ 'ਚ ਰਹਿੰਦੇ ਕਿਰਾਏਦਾਰ ਦੀ ਚਾਰ ਸਾਲਾ ਬੇਟੀ ਨੂੰ ਵਰਗਲਾ ਕੇ ਇਕ ਸੁੰਨਸਾਨ ਜਗ੍ਹਾ 'ਤੇ ਲਿਜਾ ਕੇ ਉਸ ਨਾਲ ਜਬਰ ਜਨਾਹ ਕੀਤਾ। ਉਸ ਨੇ ਲੜਕੀ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਆਪਣੇ ਜਿਨਸੀ ਸ਼ੋਸ਼ਣ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਦੇ ਪਰਿਵਾਰ ਸਮੇਤ ਸਾਰਿਆਂ ਨੂੰ ਮਾਰ ਦੇਵੇਗਾ। ਪੀੜਤ ਲੜਕੀ ਨੇ ਆਪਣੀ ਮਾਂ ਨੂੰ ਹੱਡ ਬੀਤੀ ਦੱਸੀ, ਜਿਨ੍ਹਾਂ ਨੇ ਗਿਆਨੇਂਦਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ। ਸਤੀਸ਼ ਸ਼ਰਮਾ ਨੇ ਦੱਸਿਆ ਕਿ ਪੁਲਸ ਜਾਂਚ ਪੂਰੀ ਕਰਨ ਤੋਂ ਬਾਅਦ ਦੋਸ਼ ਪੱਤਰ ਇਕ ਜੁਲਾਈ 2022 ਨੂੰ ਦਾਖਲ ਕੀਤਾ ਗਿਆ ਸੀ। ਅਦਾਲਤ ਨੇ ਆਪਣੇ ਹੁਕਮ ਵਿਚ ਕਿਹਾ ਕਿ ਜੁਰਮਾਨੇ ਦੀ ਰਾਸ਼ੀ ਪੀੜਤਾ ਨੂੰ ਦੱਤੀ ਜਾਵੇ।