21 ਦਿਨਾਂ ਦੀ ਫਰਲੋ ਖ਼ਤਮ ਹੋਣ 'ਤੇ ਮੁੜ ਜੇਲ੍ਹ ਪਰਤਿਆ ਡੇਰਾ ਮੁਖੀ ਰਾਮ ਰਹੀਮ
Monday, Feb 28, 2022 - 01:55 PM (IST)
ਰੋਹਤਕ- ਡੇਰਾ ਮੁਖੀ ਰਾਮ ਰਹੀਮ 21 ਦਿਨਾਂ ਦੀ ਫਰਲੋ ਖ਼ਤਮ ਹੋਣ ਤੋਂ ਬਾਅਦ ਸੋਮਵਾਰ ਨੂੰ ਸੁਨਾਰੀਆ ਜੇਲ੍ਹ ਵਾਪਸ ਆ ਗਿਆ ਹੈ। ਰਾਮ ਰਹੀਮ ਦੇ ਜੇਲ੍ਹ ਪਹੁੰਚਣ ਦੇ ਮੱਦੇਨਜ਼ਰ ਸੁਰੱਖਿਆ ਵਧਾ ਦਿੱਤੀ ਗਈ ਸੀ ਅਤੇ ਨੇੜੇ-ਤੇੜੇ ਦੇ ਖੇਤਰ 'ਚ ਘੇਰਾਬੰਦੀ ਕੀਤੀ ਗਈ ਸੀ। ਫਰਲੋ ਖ਼ਤਮ ਹੋਣ ਤੋਂ ਬਾਅਦ ਰਾਮ ਰਹੀਮ ਸੋਮਵਾਰ ਨੂੰ ਕਰੀਬ 11 ਵਜੇ ਗੁਰੂਗ੍ਰਾਮ ਸਥਿਤ ਡੇਰੇ 'ਚੋਂ ਨਿਕਲਿਆ। ਕਰੀਬ 50 ਮਿੰਟ ਦਾ ਸਫ਼ਰ ਤੈਅ ਕਰ ਕੇ ਰਾਮ ਰਹੀਮ ਸੁਨਾਰੀਆ ਜੇਲ੍ਹ ਪਹੁੰਚ ਗਿਆ। ਉਸ ਨਾਲ 10 ਗੱਡੀਆਂ ਦਾ ਕਾਫ਼ਲਾ ਸੀ। ਜੇਲ੍ਹ ਅਤੇ ਨੇੜੇ-ਤੇੜੇ ਦੇ ਇਲਾਕਿਆਂ 'ਚ ਸੁਰੱਖਿਆ ਲਈ 100 ਤੋਂ ਵਧ ਪੁਲਸ ਮੁਲਾਜ਼ਮਾਂ ਨੂੰ ਲਗਾਇਆ ਗਿਆ ਸੀ।
ਇਹ ਵੀ ਪੜ੍ਹੋ : ਯੂਕ੍ਰੇਨ-ਰੂਸ ਜੰਗ : 'ਆਪਰੇਸ਼ਨ ਗੰਗਾ' ਦੇ ਅਧੀਨ 249 ਭਾਰਤੀਆਂ ਨੂੰ ਲੈ ਕੇ 5ਵੀਂ ਫਲਾਈਟ ਪੁੱਜੀ ਭਾਰਤ
7 ਫਰਵਰੀ ਨੂੰ ਮਿਲੀ ਸੀ ਫਰਲੋ
ਦੱਸਣਯੋਗ ਹੈ ਕਿ ਰਾਮ ਰਹੀਮ ਨੂੰ ਬੀਤੀ 7 ਫਰਵਰੀ ਨੂੰ ਫਰਲੋ ਦਿੱਤੀ ਗਈ ਸੀ। ਪੰਜਾਬ ਚੋਣਾਂ ਤੋਂ ਪਹਿਲਾਂ 21 ਦਿਨ ਦੀ ਫਰਲੋ ’ਤੇ ਬਾਹਰ ਆਏ ਸਨ। ਚੋਣਾਂ ਤੋਂ ਠੀਕ ਪਹਿਲਾਂ ਮਿਲੀ ਫਰਲੋ ’ਤੇ ਵਿਰੋਧੀ ਧਿਰ ਨੇ ਕਈ ਸਵਾਲ ਖੜ੍ਹੇ ਕੀਤੇ ਸਨ ਅਤੇ ਹਰਿਆਣਾ ਸਰਕਾਰ ਨੂੰ ਘੇਰਿਆ ਸੀ।
ਇਹ ਵੀ ਪੜ੍ਹੋ : ਵਿਗਿਆਨੀਆਂ ਦਾ ਦਾਅਵਾ- ਕੋਰੋਨਾ ਕਾਰਨ ਗਰਭ ’ਚ ਆਕਸੀਜਨ ਦੀ ਘਾਟ ਨਾਲ ਜਾ ਸਕਦੀ ਹੈ ਬੱਚੇ ਦੀ ਜਾਨ
ਰਾਮ ਰਹੀਮ ਜੇਲ੍ਹ ’ਚ ਬੰਦ ਕਿਉਂ?
ਰਾਮ ਰਹੀਮ ਸਿਰਸਾ ਸਥਿਤ ਆਪਣੇ ਡੇਰੇ ’ਚ ਸਾਧਵੀਆਂ ਨਾਲ ਜਬਰ-ਜ਼ਿਨਾਹ ਦੇ ਮਾਮਲੇ ’ਚ 20 ਸਾਲ ਦੀ ਸਜ਼ਾ ਕੱਟ ਰਹੇ ਹਨ। ਰਾਮ ਰਹੀਮ ਨੂੰ ਪੰਚਕੂਲਾ ਦੀ ਇਕ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ ਅਗਸਤ 2017 ’ਚ ਮਾਮਲੇ ’ਚ ਦੋਸ਼ੀ ਕਰਾਰ ਦਿੱਤਾ ਸੀ। ਇਸ ਤੋਂ ਇਲਾਵਾ ਰਾਮ ਰਹੀਮ ਨੂੰ ਸਾਬਕਾ ਡੇਰਾ ਪ੍ਰਬੰਧਕ ਰੰਜੀਤ ਸਿੰਘ ਦੇ ਕਤਲ ਦੇ ਮਾਮਲੇ ’ਚ ਵੀ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ