ਸੇਵਾਮੁਕਤ ਨੇਵੀ ਅਧਿਕਾਰੀ ਨਾਲ ਰਾਜਨਾਥ ਨੇ ਕੀਤੀ ਗੱਲ, ਕਿਹਾ- ਸਾਬਕਾ ਫੌਜੀ 'ਤੇ ਹਮਲਾ ਸਵੀਕਾਰਯੋਗ ਨਹੀਂ
Saturday, Sep 12, 2020 - 07:22 PM (IST)
ਨਵੀਂ ਦਿੱਲੀ : ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਨੇਵੀ ਦੇ ਸਾਬਕਾ ਅਧਿਕਾਰੀ ਮਦਨ ਸ਼ਰਮਾ ਨਾਲ ਫੋਨ 'ਤੇ ਗੱਲ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਪੂਰੇ ਘਟਨਾਕ੍ਰਮ ਦੀ ਜਾਣਕਾਰੀ ਲਈ ਅਤੇ ਕਿਹਾ ਕਿ ਬੁਜ਼ੁਰਗ ਫੌਜੀ 'ਤੇ ਅਜਿਹਾ ਹਮਲਾ ਸਵੀਕਾਰਯੋਗ ਨਹੀਂ ਹੈ। ਤੁਹਾਨੂੰ ਦੱਸ ਦਈਏ ਕਿ ਸਾਬਕਾ ਅਧਿਕਾਰੀ ਨੇ ਠਾਕਰੇ 'ਤੇ ਬਣਾਏ ਗਏ ਇੱਕ ਕਾਰਟੂਨ ਨੂੰ ਵਟਸਐਪ 'ਤੇ ਸ਼ੇਅਰ ਕੀਤਾ ਸੀ, ਜਿਸ ਤੋਂ ਬਾਅਦ ਸ਼ਿਵ ਸੈਨਾ ਦੇ ਕਰਮਚਾਰੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਜ਼ਖ਼ਮੀ ਕਰ ਦਿੱਤਾ ਸੀ।
ਇਸ ਘਟਨਾ ਬਾਰੇ ਸਾਬਕਾ ਨੇਵੀ ਅਧਿਕਾਰੀ ਮਦਨ ਸ਼ਰਮਾ ਨੇ ਦੱਸਿਆ, ਕਾਰਟੂਨ ਨੂੰ ਫਾਰਵਰਡ ਕਰਨ ਤੋਂ ਬਾਅਦ ਮੈਨੂੰ ਧਮਕੀ ਭਰੇ ਫੋਨ ਕਾਲ ਆਏ। ਉਸ ਤੋਂ ਬਾਅਦ ਸ਼ੁੱਕਰਵਾਰ ਨੂੰ 8-10 ਲੋਕਾਂ ਨੇ ਮੇਰੇ ਤੇ ਹਮਲਾ ਕੀਤਾ। ਮੈਂ ਪੂਰੀ ਜਿੰਦਗੀ ਦੇਸ਼ ਦੀ ਸੇਵਾ ਕੀਤੀ ਹੈ। ਅਜਿਹੀ ਸਰਕਾਰ ਨੂੰ ਸੱਤਾ 'ਚ ਰਹਿਣ ਦਾ ਕੋਈ ਹੱਕ ਨਹੀਂ ਹੈ। ਹਮਲੇ ਤੋਂ ਬਾਅਦ ਮਦਨ ਸ਼ਰਮਾ ਨੇ ਕਾਂਦਿਵਲੀ ਦੇ ਸਮਤਾ ਨਗਰ ਪੁਲਸ ਥਾਣੇ 'ਚ ਸ਼ਿਵ ਸੈਨਾ ਦੇ ਕਮਲੇਸ਼ ਕਦਮ ਅਤੇ ਉਨ੍ਹਾਂ ਦੇ 8 ਤੋਂ 10 ਸਾਥੀਆਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ।
ਜਿਸ ਤੋਂ ਬਾਅਦ ਪੁਲਸ ਨੇ ਆਈ.ਪੀ.ਸੀ. ਦੀ ਧਾਰਾ 325 ਦੇ ਤਹਿਤ ਗੰਭੀਰ ਸੱਟ ਪਹੁੰਚਾਉਣ ਨੂੰ ਲੈ ਕੇ ਮਾਮਲਾ ਦਰਜ ਕਰਦੇ ਹੋਏ ਸ਼ਿਵ ਸੈਨਾ ਦੇ 6 ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਸੀ ਪਰ ਕੁੱਝ ਦੇਰ ਬਾਅਦ ਹੀ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ। ਕੁੱਟਮਾਰ ਕਰਨ ਵਾਲੇ ਕਰਮਚਾਰੀਆਂ 'ਚ ਸ਼ਿਵ ਸੈਨਾ ਲੀਡਰ ਕਮਲੇਸ਼ ਕਦਮ ਵੀ ਸ਼ਾਮਲ ਹਨ। ਸ਼ਿਵ ਸੈਨਾ ਦੇ ਕਰਮਚਾਰੀਆਂ ਵੱਲੋਂ ਸਾਬਕਾ ਨੇਵੀ ਅਫਸਰ ਨਾਲ ਕੁੱਟਮਾਰ ਦਾ ਇੱਕ ਸੀ.ਸੀ.ਟੀ.ਵੀ. ਫੁਟੇਜ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਦੋਸ਼ੀਆਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਸਾਬਕਾ ਨੇਵੀ ਅਫਸਰ ਦੇ ਪਰਿਵਾਰ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਹਨ। ਸਾਬਕਾ ਨੇਵੀ ਅਫਸਰ ਦੀ ਧੀ ਸ਼ੀਲਾ ਸ਼ਰਮਾ ਨੇ ਕਿਹਾ, 'ਮੈਂ ਇਸ ਘਟਨਾ ਤੋਂ ਬੇਹੱਦ ਦੁਖੀ ਹਾਂ। ਇਨ੍ਹਾਂ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਨਹੀਂ ਤਾਂ ਇਹ ਮੁੜ ਇਸੇ ਤਰ੍ਹਾਂ ਦੀਆਂ ਹਰਕਤਾਂ ਨੂੰ ਅੰਜਾਮ ਦੇ ਸਕਦੇ ਹਨ।' ਦੱਸ ਦਈਏ ਕਿ ਇਹ ਘਟਨਾ ਕਾਂਦਿਵਲੀ ਦੇ ਲੋਖੰਡਵਾਲਾ ਕਾੰਪਲੇਕਸ ਇਲਾਕੇ 'ਚ ਹੋਈ। ਫਿਲਹਾਲ ਸਾਬਕਾ ਅਧਿਕਾਰੀ ਸ਼ਰਮਾ ਦੀ ਅੱਖ 'ਚ ਸੱਟ ਲੱਗ ਗਈ ਅਤੇ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।