ਹਸਪਤਾਲ ਜਾ ਰਹੀ ਗਰਭਵਤੀ ਔਰਤ ਦੀ ਗੱਡੀ ਹੋਈ ਖਰਾਬ, ਰਸਤੇ ''ਚ ਹੀ ਦਿੱਤਾ ਬੱਚੀ ਨੂੰ ਜਨਮ
Tuesday, May 05, 2020 - 11:18 AM (IST)

ਜੋਧਪੁਰ- ਜੋਧਪੁਰ ਸ਼ਹਿਰ ਦੇ ਪ੍ਰਤਾਪ ਨਗਰ ਅਤੇ ਦੇਵ ਨਗਰ ਇਲਾਕੇ 'ਚ ਕੋਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ ਵਧਣ ਤੋਂ ਬਾਅਦ ਸਖਤੀ ਵਧਾ ਦਿੱਤੀ ਗਈ ਹੈ। ਸੋਮਵਾਰ ਸ਼ਾਮ ਨੂੰ ਜੋਧਪੁਰ ਦੇ ਦੇਵ ਨਗਰ ਥਾਣਾ ਖੇਤਰ ਸਥਿਤ ਆਖਲੀਆ ਚੌਰਾਹੇ 'ਤੇ ਇਕ ਔਰਤ ਨੇ ਨਿੱਜੀ ਗੱਡੀ ਦੇ ਅੰਦਰ ਹੀ ਬੱਚੀ ਨੂੰ ਜਨਮ ਦਿੱਤਾ। ਗਰਭਵਤੀ ਔਰਤ ਨਿੱਜੀ ਵਾਹਨ 'ਚ ਬਾੜਮੇਰ ਦੇ ਨਾਗਾਣਾ ਪਿੰਡ ਤੋਂ ਜੋਧਪੁਰ ਦੇ ਸਰਕਾਰੀ ਹਸਪਤਾਲ 'ਚ ਜਾ ਰਹੀਸੀ, ਉਦੋਂ ਆਖਲੀਆ ਚੌਰਾਹੇ 'ਤੇ ਗੱਡੀ ਖਰਾਬ ਹੋ ਗਈ। ਕਾਫ਼ੀ ਦੇਰ ਤੱਕ ਗੱਡੀ ਉਸੇ ਜਗਾ ਖੜੀ ਰਹੀ। ਇਸ ਵਿਚ ਔਰਤ ਨੂੰ ਦਰਦ ਹੋਈ ਅਤੇ ਔਰਤ ਨੇ ਨਿੱਜੀ ਵਾਹਨ 'ਚ ਹੀ ਬੱਚੀ ਨੂੰ ਜਨਮ ਦੇ ਦਿੱਤਾ।
ਔਰਤ ਦੇ ਭਰਾ ਸ਼ੈਤਾਨ ਸਿੰਘ ਨੇ ਦੱਸਿਆ ਕਿ ਆਖਲੀਆ ਚੌਰਾਹੇ 'ਤੇ ਕਰਫਿਊ ਇਲਾਕੇ 'ਚ ਤਾਇਨਾਤ ਮਹਿਲਾ ਕਾਂਸਟੇਬਲ ਨੇ ਗਰਭਵਤੀ ਭੈਣ ਦੀ ਸੁਰੱਖਿਅਤ ਡਿਲਿਵਰੀ ਕਰਵਾਈ। ਨੇੜੇ ਖੜੇ ਪੁਲਸ ਅਧਿਕਾਰੀ ਅਤੇ ਜਵਾਨਾਂ ਨੇ ਦਰਦ ਬਾਰੇ ਸੁਣਦੇ ਹੀ ਨਿੱਜੀ ਵਾਹਨ ਨੂੰ ਚਾਰੇ ਪਾਸਿਓਂ ਟੈਂਟ ਲਗਾ ਕੇ ਕਵਰ ਕਰ ਲਿਆ। ਡੀ.ਸੀ.ਪੀ. ਵੈਸਟ ਪ੍ਰੀਤੀ ਚੰਦਰਾ ਨੇ ਦੱਸਿਆ ਕਿ ਡਿਲਿਵਰੀ ਦੀ ਸੂਚਨਾ ਮਿਲਦੇ ਹੀ ਦੇਵ ਨਗਰ ਥਾਣਾ ਪੁਲਸ ਵਲੋਂ ਡਾਕਟਰ ਅਤੇ ਐਂਬੂਲੈਂਸ ਨੂੰ ਸੂਚਨਾ ਦਿੱਤੀ ਗਈ। ਡਿਲਿਵਰੀ ਤੋਂ ਬਾਅਦ ਨਵਜਾਤ ਬੱਚੀ ਅਤੇ ਉਸ ਦੀ ਮਾਂ ਨੂੰ ਐਂਬੂਲੈਂਸ 'ਤੇ ਸਰਕਾਰੀ ਹਸਪਤਾਲ ਭੇਜਿਆ ਗਿਆ। ਮਾਂ ਅਤੇ ਬੱਚੀ ਦੋਵੇਂ ਸਿਹਤਮੰਦ ਦੱਸੇ ਜਾ ਰਹੇ ਹਨ।