ਭਿਆਨਕ ਸੜਕ ਹਾਦਸੇ 'ਚ ਪੰਜ ਲੋਕਾਂ ਦੀ ਮੌਤ, ਰਾਜਪਾਲ ਤੇ ਮੁੱਖ ਮੰਤਰੀ ਨੇ ਪ੍ਰਗਟਾਇਆ ਦੁੱਖ
Sunday, Oct 06, 2024 - 07:03 PM (IST)
ਜੈਪੁਰ : ਰਾਜਸਥਾਨ ਵਿਚ ਦੌਸਾ ਜ਼ਿਲ੍ਹੇ ਦੇ ਲਾਲਸੋਤ ਥਾਣਾ ਖੇਤਰ ਵਿਚ ਐਤਵਾਰ ਨੂੰ ਇਕ ਤੇਜ਼ ਰਫਤਾਰ ਡੰਪਰ ਨੇ ਕਈ ਦੋਪਹੀਆ ਵਾਹਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਜਦਕਿ 10 ਹੋਰ ਜ਼ਖਮੀ ਹੋ ਗਏ। ਰਾਜਸਥਾਨ ਦੇ ਰਾਜਪਾਲ ਅਤੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਇਸ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ।
ਲਾਲਸੋਤ ਥਾਣਾ ਇੰਚਾਰਜ ਮਹਾਵੀਰ ਸਿੰਘ ਨੇ ਦੱਸਿਆ ਕਿ ਦੌਸਾ ਤੋਂ ਜੈਪੁਰ ਵੱਲ ਆ ਰਹੇ ਤੇਜ਼ ਰਫਤਾਰ ਡੰਪਰ ਨੇ ਬੱਸ ਸਟੈਂਡ ਦੇ ਕੋਲ ਇਕ ਬੱਸ ਨੂੰ ਟੱਕਰ ਮਾਰਨ ਤੋਂ ਬਾਅਦ ਹੋਰ ਵਾਹਨਾਂ ਨੂੰ ਲਪੇਟ ਵਿਚ ਲੈ ਲਿਆ, ਜਿਸ ਕਾਰਨ ਦੋਪਹੀਆ ਵਾਹਨਾਂ 'ਤੇ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ, ਜਦਕਿ 10 ਹੋਰ ਲੋਕ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹਾਦਸਾ ਡੰਪਰ ਦੀ ਬ੍ਰੇਕ ਫੇਲ ਹੋਣ ਕਾਰਨ ਵਾਪਰਿਆ ਹੈ। ਸਿੰਘ ਨੇ ਦੱਸਿਆ ਕਿ ਪੰਜ ਮ੍ਰਿਤਕਾਂ ਵਿੱਚੋਂ ਚਾਰ ਦੀ ਪਛਾਣ ਲਕਸ਼ਮੀ ਮਹਾਵਰ (ਸੱਤ), ਮਹੇਸ਼ ਚੰਦਰ ਸ਼ਰਮਾ (45), ਰਾਮ ਹਰੀ ਯੋਗੀ (42) ਅਤੇ ਰੇਵਦ ਮੱਲ ਮਹਾਵਰ (40) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਹਾਦਸੇ 'ਚ ਜਾਨ ਗਵਾਉਣ ਵਾਲਿਆਂ 'ਚ ਇਕ ਔਰਤ ਵੀ ਸ਼ਾਮਲ ਹੈ, ਜਿਸ ਦੀ ਸ਼ਨਾਖਤ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਕ ਔਰਤ ਸਮੇਤ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੌਸਾ 'ਚ ਇਲਾਜ ਦੌਰਾਨ ਰੇਵਦ ਮੱਲ ਮਹਾਵਰ ਦੀ ਮੌਤ ਹੋ ਗਈ। ਥਾਣਾ ਸਦਰ ਦੇ ਇੰਚਾਰਜ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਸਿੰਘ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਰਾਜਪਾਲ ਹਰੀਭਾਊ ਬਾਗੜੇ ਨੇ ਦੌਸਾ ਜ਼ਿਲ੍ਹੇ ਦੇ ਲਾਲਸੋਤ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇੱਕ ਬਿਆਨ ਵਿੱਚ ਉਨ੍ਹਾਂ ਨੇ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਦੁਖੀ ਪਰਿਵਾਰ ਨੂੰ ਇਹ ਘਾਟਾ ਸਹਿਣ ਦਾ ਬਲ ਬਖਸ਼ਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਉਨ੍ਹਾਂ ਨੇ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਦੇ ਜਲਦੀ ਠੀਕ ਹੋਣ ਦੀ ਵੀ ਕਾਮਨਾ ਕੀਤੀ ਹੈ। ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ 'ਐਕਸ' 'ਤੇ ਇੱਕ ਪੋਸਟ 'ਚ, ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਜ਼ਖਮੀਆਂ ਦਾ ਸਹੀ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਸ਼ਰਮਾ ਨੇ ਲਿਖਿਆ ਕਿ ਦੌਸਾ ਜ਼ਿਲੇ 'ਚ ਹੋਏ ਭਿਆਨਕ ਸੜਕ ਹਾਦਸੇ 'ਚ ਕਈ ਨਾਗਰਿਕਾਂ ਦੇ ਜਾਨੀ ਨੁਕਸਾਨ ਅਤੇ ਜ਼ਖਮੀ ਹੋਣ ਦੀ ਖਬਰ ਬੇਹੱਦ ਦੁਖਦ ਹੈ। ਉਨ੍ਹਾਂ ਕਿਹਾ, ''ਮੈਂ ਭਗਵਾਨ ਸ਼੍ਰੀ ਰਾਮ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਜ਼ਖਮੀਆਂ ਨੂੰ ਜਲਦੀ ਸਿਹਤਯਾਬ ਕਰਨ। ਓਮ ਸ਼ਾਂਤੀ!”