ਰਾਜਸਥਾਨ: ਜਲ ਜੀਵਨ ਘਪਲੇ ਮਾਮਲੇ ''ਚ ED ਨੇ 2.21 ਕਰੋੜ ਰੁਪਏ ਕੀਤੇ ਜ਼ਬਤ
Saturday, Nov 04, 2023 - 06:08 PM (IST)
ਨਵੀਂ ਦਿੱਲੀ- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸ਼ਨੀਵਾਰ ਨੂੰ ਕਿਹਾ ਕਿ ਜਲ ਜੀਵਨ ਮਿਸ਼ਨ ਘਪਲੇ ਦੇ ਮਾਮਲੇ 'ਚ ਰਾਜਸਥਾਨ 'ਚ 26 ਥਾਵਾਂ 'ਤੇ ਛਾਪੇਮਾਰੀ ਕਰਨ ਤੋਂ ਬਾਅਦ ਉਸ ਨੇ 2.21 ਕਰੋੜ ਰੁਪਏ ਦੀ ਰਕਮ ਜ਼ਬਤ ਕੀਤੀ ਹੈ। ED ਦੀਆਂ ਟੀਮਾਂ ਨੇ ਨਿੱਜੀ ਵਿਅਕਤੀਆਂ ਤੋਂ ਇਲਾਵਾ ਸੁਬੋਧ ਅਗਰਵਾਲ, ਏ. ਸੀ. ਐੱਸ. ਸਣੇ ਸੀਨੀਅਰ PHED ਅਧਿਕਾਰੀਆਂ ਦੇ ਸਰਕਾਰੀ ਅਤੇ ਰਿਹਾਇਸ਼ੀ ਸਥਾਨਾਂ ਦੀ ਤਲਾਸ਼ੀ ਲਈ।
ਈਡੀ ਦਾ ਮਾਮਲਾ ਏ. ਸੀ. ਬੀ ਰਾਜਸਥਾਨ ਵੱਲੋਂ ਸ਼੍ਰੀ ਸ਼ਿਆਮ ਟਿਊਬਵੈੱਲ ਕੰਪਨੀ ਦੇ ਪ੍ਰੋਪਰਾਈਟਰ ਪਦਮਚੰਦ ਜੈਨ, ਸ਼੍ਰੀ ਗਣਪਤੀ ਟਿਊਬਵੈੱਲ ਕੰਪਨੀ ਦੇ ਪ੍ਰੋਪਰਾਈਟਰ ਮਹੇਸ਼ ਮਿੱਤਲ ਅਤੇ ਪੀ. ਐਚ. ਈ. ਡੀ ਅਧਿਕਾਰੀਆਂ ਸਮੇਤ ਹੋਰਾਂ ਵਿਰੁੱਧ ਦਰਜ ਕੀਤੀ ਗਈ FIR 'ਤੇ ਆਧਾਰਿਤ ਹੈ। ED ਨੇ ਇਕ ਬਿਆਨ ਵਿਚ ਕਿਹਾ ਕਿ ਤਲਾਸ਼ੀ ਦੌਰਾਨ 48 ਲੱਖ ਰੁਪਏ ਦੀ ਬੇਹਿਸਾਬ ਨਕਦੀ ਅਤੇ 1.73 ਕਰੋੜ ਰੁਪਏ ਦੀ ਬੈਂਕ ਜਮਾਂ ਰਾਸ਼ੀ, ਜਾਇਦਾਦ ਦੇ ਦਸਤਾਵੇਜ਼, ਡਿਜੀਟਲ ਸਬੂਤ, ਹਾਰਡ ਡਿਸਕ, ਮੋਬਾਇਲ ਸਣੇ ਕਈ ਇਤਰਾਜ਼ਯੋਗ ਦਸਤਾਵੇਜ਼ ਜ਼ਬਤ ਕੀਤੇ ਗਏ।
ਈਡੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਉਕਤ ਠੇਕੇਦਾਰ ਇੰਡੀਅਨ ਰੇਲਵੇ ਕੰਸਟ੍ਰਕਸ਼ਨ ਇੰਟਰਨੈਸ਼ਨਲ ਲਿਮਟਿਡ ਵਲੋਂ ਜਾਰੀ ਕੀਤੇ ਜਾਅਲੀ ਕੰਮ ਪੂਰਾ ਹੋਣ ਦੇ ਪ੍ਰਮਾਣ ਪੱਤਰਾਂ ਦੇ ਆਧਾਰ 'ਤੇ ਅਤੇ ਸੀਨੀਅਰ ਪੀ. ਐਚ. ਈ. ਡੀ ਅਧਿਕਾਰੀਆਂ ਨੂੰ ਰਿਸ਼ਵਤ ਦੇ ਕੇ ਜਲ ਜੀਵਨ ਮਿਸ਼ਨ ਦੇ ਕੰਮਾਂ ਨਾਲ ਸਬੰਧਤ ਟੈਂਡਰ ਪ੍ਰਾਪਤ ਕਰਨ 'ਚ ਸ਼ਾਮਲ ਸਨ। ਈ.ਡੀ. ਨੇ ਇਕ ਬਿਆਨ 'ਚ ਕਿਹਾ ਕਿ ਕਈ ਵਿਚੋਲੇ ਆਦਮੀਆਂ ਅਤੇ ਪ੍ਰਾਪਰਟੀ ਡੀਲਰਾਂ ਨੇ ਜੇ. ਜੇ. ਐਮ ਘਪਲੇ ਤੋਂ ਗੈਰ-ਕਾਨੂੰਨੀ ਤੌਰ 'ਤੇ ਕਮਾਏ ਪੈਸੇ ਨੂੰ ਬਾਹਰ ਕੱਢਣ 'ਚ ਪੀ. ਐਚ. ਈ. ਡੀ ਅਧਿਕਾਰੀਆਂ ਦੀ ਮਦਦ ਕੀਤੀ ਹੈ।