ਰਾਜਸਥਾਨ: ਚਿਤੌੜਗੜ੍ਹ ’ਚ 3 ਅੱਤਵਾਦੀ ਗ੍ਰਿਫਤਾਰ, RDX-ਟਾਈਮਰ ਸੈੱਟ ਬਰਾਮਦ
Thursday, Mar 31, 2022 - 11:22 AM (IST)
ਜੈਪੁਰ- ਰਾਜਧਾਨੀ ਜੈਪੁਰ ’ਚ ਸੀਰੀਅਰ ਬੰਬ ਧਮਾਕੇ ਕਰਨ ਦੀ ਇਕ ਵੱਡੀ ਸਾਜਿਸ਼ ਨਾਕਾਮ ਹੋਈ ਹੈ। ਚਿਤੌੜਗੜ੍ਹ ਜ਼ਿਲ੍ਹੇ ’ਚ ਪੁਲਸ ਨੇ ਇਕ ਅੱਤਵਾਦੀ ਸੰਗਠਨ ਦੇ 3 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਕੋਲ ਭਾਰੀ ਮਾਤਰਾ ’ਚ ਬੰਬ ਬਣਾਉਣ ਵਾਲੀ ਸਮੱਗਰੀ, ਟਾਈਮਰ ਸੈੱਟ ਅਤੇ RDX ਬਰਾਮਦ ਕੀਤਾ ਗਿਆ ਹੈ। ਪੁਲਸ ਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਜ਼ਿਲ੍ਹੇ ਦੀ ਨਿਮਬਾਹੇੜਾ ਸਦਰ ਥਾਣਾ ਪੁਲਸ ਨੇ ਬੁੱਧਵਾਰ ਨੂੰ ਨਾਕਾਬੰਦੀ ਦੌਰਾਨ ਮੱਧ ਪ੍ਰਦੇਸ਼ ਵੱਲੋਂ ਆਈ ਕਾਰ ਨੂੰ ਰੋਕ ਕੇ ਉਸ ਦੀ ਤਲਾਸ਼ੀ ਲੈਣ ’ਤੇ ਬੈਗ ’ਚੋਂ RDX ਵਰਗਾ ਮੈਟਰੀਅਲ, ਫਿਊਜ਼ ਵਾਇਰ ਅਤੇ ਟਾਈਮਰ ਸੈੱਟ ਕਰਨ ਲਈ ਘੜੀ ਦੇ ਨਾਲ ਨਕਦੀ ਬਰਾਮਦ ਕੀਤੀ ਗਈ।
ਸ਼ੁਰੂਆਤੀ ਪੁੱਛ-ਗਿੱਛ ’ਚ ਤਿੰਨੋਂ ਖ਼ੁਦ ਨੂੰ ਮੱਧ ਪ੍ਰਦੇਸ਼ ਦੇ ਰਤਲਾਮ ਸ਼ਹਿਰ ਦਾ ਵਾਸੀ ਦੱਸਦੇ ਹੋਏ ਅੱਤਵਾਦੀ ਸੰਗਠਨ ਅਲਸਫਾ ਨਾਲ ਜੁੜਿਆ ਹੋਣਾ ਦੱਸਿਆ ਅਤੇ ਇਹ ਸਮੱਗਰੀ ਜੈਪੁਰ ’ਚ ਕਿਸੇ ਵਿਅਕਤੀ ਨੂੰ ਸੌਂਪਣ ਵਾਲੇ ਸਨ ਪਰ ਇਨ੍ਹਾਂ ਦੇ ਆਕਾਵਾਂ ਦੇ ਨਿਸ਼ਾਨੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਭੀੜ ਵਾਲੇ ਖੇਤਰ ਹੋਣਾ ਦੱਸਿਆ ਜਾ ਰਿਹਾ ਹੈ। ਦਰਅਸਲ ਪੁਲਸ ਨੇ ਇਨ੍ਹਾਂ ਲੋਕਾਂ ਨੂੰ ਅਫੀਮ ਤਸਕਰੀ ਦੇ ਸ਼ੱਕ ’ਚ ਰੋਕਿਆ ਅਤੇ ਤਲਾਸ਼ੀ ਲਈ ਤਾਂ ਇਨ੍ਹਾਂ ਦੇ ਅੱਤਵਾਦੀ ਹੋਣ ਦਾ ਪਤਾ ਲੱਗਾ। ਹੁਣ ਇਸ ਪੂਰੇ ਮਾਮਲੇ ’ਚ ਪੁਲਸ ਅਤੇ ਏ. ਟੀ. ਐੱਸ. ਦੋਵੇਂ ਜੁੜ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਏ. ਟੀ. ਐੱਸ. ਦੀ ਟੀਮ ਵੀਰਵਾਰ ਨੂੰ ਅੱਤਵਾਦੀ ਸੰਗਠਨ ਅਤੇ ਫੜੇ ਗਏ ਅੱਤਵਾਦੀਆਂ ਬਾਰੇ ਵੱਡਾ ਖ਼ੁਲਾਸਾ ਕਰ ਸਕਦੀ ਹੈ।