ਕੈਨੇਡਾ 'ਚ ਇੰਦਰਾ ਗਾਂਧੀ ਦੇ ਕਤਲ ਸੰਬੰਧੀ ਝਾਕੀ 'ਤੇ ਭੜਕੀ ਕਾਂਗਰਸ, ਵਿਦੇਸ਼ ਮੰਤਰੀ ਨੂੰ ਕੀਤੀ ਇਹ ਅਪੀਲ
Thursday, Jun 08, 2023 - 12:34 PM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇ ਕੈਨੇਡਾ 'ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਨੂੰ ਦਰਸਾਉਂਦੇ ਹੋਏ ਝਾਕੀ ਕੱਢੇ ਜਾਣ ਦੀ ਘਟਨਾ ਦੀ ਨਿੰਦਾ ਕਰਦੇ ਹੋਏ ਵੀਰਵਾਰ ਨੂੰ ਕਿਹਾ ਕਿ ਭਾਰਤ ਸਰਕਾਰ ਨੂੰ ਇਹ ਮੁੱਦਾ ਕੈਨੇਡਾ ਦੇ ਸਾਹਮਣੇ ਮਜ਼ਬੂਤੀ ਨਾਲ ਉਠਾਉਣਾ ਚਾਹੀਦਾ। ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕਰ ਕੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਇਹ ਅਪੀਲ ਕੀਤੀ। ਮੀਡੀਆ 'ਚ ਆਈਆਂ ਖ਼ਬਰਾਂ ਅਨੁਸਾਰ, ਕੈਨੇਡਾ ਦੇ ਬ੍ਰੇਮਪਟਨ 'ਚ ਖਾਲਿਸਤਾਨ ਸਮਰਥਕਾਂ ਨੇ ਹਾਲ ਹੀ 'ਚ ਇੰਦਰਾ ਗਾਂਧੀ ਦੇ ਕਤਲ ਨੂੰ ਦਰਸਾਉਂਦੇ ਹੋਏ ਝਾਕੀ ਕੱਢੀ।
I entirely agree! This is despicable and @DrSJaishankar should take it up strongly with the Canadian authorities. https://t.co/LrketZk9OS
— Jairam Ramesh (@Jairam_Ramesh) June 8, 2023
ਇਸ ਦਾ ਵੀਡੀਓ ਸਾਂਝਾ ਕਰਦੇ ਹੋਏ ਕਾਂਗਰਸ ਨੇਤਾ ਮਿਲਿੰਦ ਦੇਵਰਾ ਨੇ ਟਵੀਟ ਕੀਤਾ,''ਇਕ ਭਾਰਤੀ ਵਜੋਂ ਇਹ ਦੇਖ ਕੇ ਮੈਨੂੰ ਦਰਦ ਹੋਇਆ ਕਿ ਕੈਨੇਡਾ ਦੇ ਬ੍ਰੇਮਪਟਨ 'ਚ 5 ਕਿਲੋਮੀਟਰ ਲੰਮੀ ਪਰੇਡ ਕੱਢੀ ਗਈ, ਜਿਸ 'ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਨੂੰ ਦਰਸਾਇਆ ਗਿਆ। ਇਹ ਕਿਸੇ ਦਾ ਪੱਖ ਲੈਣ ਦੀ ਗੱਲ ਨਹੀਂ ਹੈ ਸਗੋਂ ਰਾਸ਼ਟਰ ਦੇ ਇਤਿਹਾਸ ਅਤੇ ਸਾਬਕਾ ਪ੍ਰਧਾਨ ਮੰਤਰੀ ਦੇ ਕਤਲ ਨਾਲ ਹੋਏ ਦਰਦ ਦੇ ਸਨਮਾਨ ਦੀ ਗੱਲ ਹੈ।'' ਉਨ੍ਹਾਂ ਕਿਹਾ,''ਕੱਟੜਵਾਦ ਦੀ ਵਿਸ਼ਵ ਪੱਧਰ 'ਤੇ ਨਿੰਦਾ ਕੀਤੀ ਜਾਣੀ ਚਾਹੀਦੀ ਅਤੇ ਇਸ ਦਾ ਮਿਲ ਕੇ ਸਾਹਮਣਾ ਕੀਤਾ ਜਾਣਾ ਚਾਹੀਦਾ।'' ਦੇਵਰਾ ਦੇ ਇਸ ਟਵੀਟ ਨੂੰ ਰਟਵੀਟ ਕਰਦੇ ਹੋਏ ਰਮੇਸ਼ ਨੇ ਕਿਹਾ,''ਮੈਂ ਪੂਰੀ ਤਰ੍ਹਾਂ ਸਹਿਮਤ ਹਾਂ। ਇਹ ਘਿਨਾਉਣਾ ਹੈ। ਡਾ. ਜੈਸ਼ੰਕਰ ਨੂੰ ਅਪੀਲ ਕਰਦਾ ਹਾਂ ਕਿ ਕੈਨੇਡਾ ਦੇ ਸਾਹਮਣੇ ਇਸ ਮੁੱਦੇ ਨੂੰ ਮਜ਼ਬੂਤੀ ਨਾਲ ਚੁੱਕਿਆ ਜਾਣਾ ਚਾਹੀਦਾ।'' ਦੱਸਣਯੋਗ ਹੈ ਕਿ 31 ਅਕਤੂਬਰ 1984 ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਉਨ੍ਹਾਂ ਦੇ ਸੁਰੱਖਿਆ ਕਰਮੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।