ਲਾਕਡਾਊਨ ਦੌਰਾਨ ਜਨਮੇ ਜੁੜਵਾ ਬੱਚੇ, ਮਾਂ ਨੇ ਰੱਖੇ ਨਾਂ 'ਕੋਰੋਨਾ-ਕੋਵਿਡ'
Wednesday, Apr 01, 2020 - 04:09 PM (IST)
ਰਾਏਪੁਰ-ਖਤਰਨਾਕ ਕੋਰੋਨਾਵਾਇਰਸ ਕਾਰਨ ਪੂਰੇ ਦੇਸ਼ 'ਚ ਡਰ ਦਾ ਮਾਹੌਲ ਹੈ। ਸਰਕਾਰ ਨੇ ਇਸ 'ਤੇ ਕਾਬੂ ਪਾਉਣ ਲਈ 14 ਅਪ੍ਰੈਲ ਤੱਕ ਲਾਕਡਾਊਨ ਕਰ ਦਿੱਤਾ ਸੀ। ਇਸ ਦੌਰਾਨ ਬੀਤੇ 27 ਮਾਰਚ ਨੂੰ ਰਾਏਪੁਰ ਦੇ ਅੰਬੇਡਕਰ ਹਸਪਤਾਲ 'ਚ ਇਕ ਔਰਤ ਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ। ਲੋਕਾਂ ਦੇ ਮਨ ਤੋਂ ਮਹਾਮਾਰੀ ਦੇ ਡਰ ਨੂੰ ਦੂਰ ਕਰਨ ਲਈ ਜੁੜਵਾ ਬੱਚਿਆ ਦੀ ਮਾਂ ਅਤੇ ਉਸ ਦੇ ਪਰਿਵਾਰ ਨੇ ਬੱਚਿਆਂ ਦਾ ਨਾਂ ਕੋਰੋਨਾ ਅਤੇ ਕੋਵਿਡ ਰੱਖ ਦਿੱਤਾ।
ਜੁੜਵਾ ਬੱਚਿਆਂ ਦੀ ਮਾਂ ਪ੍ਰੀਤੀ ਵਰਮਾ ਨੇ ਦੱਸਿਆ ਹੈ ਕਿ ਇਸ ਸਮੇਂ ਪੂਰਾ ਦੇਸ਼ ਕੋਰੋਨਾ ਖਿਲਾਫ ਜੰਗ ਲੜ ਰਿਹਾ ਹੈ। ਭਾਰਤ ਦੇ ਇਤਿਹਾਸ 'ਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਜਦੋਂ ਯਾਤਰੀ ਟ੍ਰੇਨਾਂ ਦੀ ਆਵਾਜਾਈ ਵੀ ਬੰਦ ਕਰ ਦਿੱਤੀ ਗਈ ਹੈ ਅਤੇ ਲੋਕ ਘਰਾਂ 'ਚ ਬੰਦ ਹਨ। ਅਜਿਹੇ 'ਚ ਮੇਰੇ ਲਈ 27 ਮਾਰਚ ਦੀ ਰਾਤ ਵਿਸ਼ੇਸ਼ ਮਹੱਤਵ ਰੱਖਦਾ ਹੈ, ਜਦੋਂ ਇਕ ਪਾਸੇ ਜਿੱਥੇ ਲੋਕ ਕੋਰੋਨਾਵਾਇਰਸ ਤੋਂ ਪਰੇਸ਼ਾਨ ਸੀ ਅਤੇ ਦੂਜੇ ਪਾਸੇ ਉਸ ਦੇ ਘਰ ਜੁੜਵਾ ਬੱਚਿਆ ਦਾ ਜਨਮ ਹੋਇਆ ਹੈ। ਪਰਿਵਾਰ ਸਮੇਤ ਜੁੜਵਾ ਬੱਚਿਆ ਦੇ ਮਾਤਾ-ਪਿਤਾ ਨੇ ਕੁੜੀ ਦਾ ਨਾਂ ਕੋਰੋਨਾ ਅਤੇ ਮੁੰਡੇ ਦਾ ਨਾਂ ਕੋਵਿਡ ਰੱਖਿਆ ਹੈ।
ਦੱਸਣਯੋਗ ਹੈ ਕਿ ਦੇਸ਼ 'ਚ ਹੁਣ ਤੱਕ ਇਸ ਖਤਰਨਾਕ ਵਾਇਰਸ ਕਾਰਨ 35 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,300 ਤੋਂ ਵਧੇਰੇ ਲੋਕ ਇਸ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ 24 ਮਾਰਚ ਨੂੰ 21 ਦਿਨਾਂ ਦਾ ਲਾਕ ਡਾਊਨ ਸ਼ੁਰੂ ਹੋਇਆ ਹੈ, ਜੋ ਕਿ 14 ਅਪ੍ਰੈਲ ਤੱਕ ਜਾਰੀ ਰਹੇਗਾ।