ਮਹਾਕੁੰਭ ਮੇਲੇ ਲਈ 1300 ਤੋਂ ਵੱਧ ਟਰੇਨਾਂ ਚਲਾਏਗਾ ਰੇਲਵੇ

Saturday, Nov 30, 2024 - 12:57 PM (IST)

ਮਹਾਕੁੰਭ ਮੇਲੇ ਲਈ 1300 ਤੋਂ ਵੱਧ ਟਰੇਨਾਂ ਚਲਾਏਗਾ ਰੇਲਵੇ

ਪ੍ਰਯਾਗਰਾਜ- ਅਗਲੇ ਸਾਲ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਚ ਹੋਣ ਵਾਲੇ ਮਹਾਕੁੰਭ ਮੇਲੇ 'ਚ 40 ਕਰੋੜ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ। ਇਹ ਮਹਾਕੁੰਭ ਮੇਲਾ 13 ਜਨਵਰੀ ਤੋਂ 26 ਫਰਵਰੀ ਤੱਕ ਚੱਲੇਗਾ। ਮੇਲੇ ਦੌਰਾਨ 6 ਮੁੱਖ ਇਸ਼ਨਾਨਾਂ ਦੌਰਾਨ 140 ਨਿਯਮਿਤ ਟਰੇਨਾਂ ਤੋਂ ਇਲਾਵਾ ਰੇਲਵੇ 1,225 ਵਿਸ਼ੇਸ਼ ਟਰੇਨਾਂ ਚਲਾਏਗਾ। ਰੇਲਵੇ ਦੇ ਬੁਲਾਰੇ ਨੇ ਕਿਹਾ ਕਿ ਅਯੁੱਧਿਆ ਅਤੇ ਕਾਸ਼ੀ ਦੀ ਯਾਤਰਾ ਕਰਨ ਦੇ ਚਾਹਵਾਨ ਸ਼ਰਧਾਲੂਆਂ ਦੀ ਸਹੂਲਤ ਲਈ ਰੇਲਵੇ ਪ੍ਰਯਾਗਰਾਜ, ਪ੍ਰਯਾਗ, ਅਯੁੱਧਿਆ, ਵਾਰਾਣਸੀ, ਰਾਮਬਾਗ ਆਦਿ ਵਰਗੇ ਵੱਡੇ ਸਟੇਸ਼ਨਾਂ 'ਤੇ ਸਟਾਪੇਜ਼ ਨਾਲ ਫਾਸਟ ਮੇਮੂ ਸੇਵਾ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ। ਮੇਲਾ ਖੇਤਰ ਦੇ ਨਾਲ-ਨਾਲ ਸਾਰੇ ਸਟੇਸ਼ਨਾਂ 'ਤੇ ਕੁੱਲ 542 ਟਿਕਟਿੰਗ ਪੁਆਇੰਟ ਪ੍ਰਦਾਨ ਕੀਤੇ ਗਏ ਹਨ। ਬੁਲਾਰੇ ਨੇ ਦੱਸਿਆ ਕਿ ਇਹ ਕਾਊਂਟਰ ਰੋਜ਼ਾਨਾ 9.76 ਲੱਖ ਟਿਕਟਾਂ ਦੀ ਵੰਡ ਕਰ ਸਕਦੇ ਹਨ।

ਚਿੱਤਰਕੁਟ ਜਾਣ ਦੇ ਚਾਹਵਾਨ ਸ਼ਰਧਾਲੂਆਂ ਲਈ ਇਕ ਹੋਰ ਰਿੰਗ ਰੇਲ ​​ਸੇਵਾ ਦੀ ਯੋਜਨਾ ਬਣਾਈ ਗਈ ਹੈ, ਜੋ ਝਾਂਸੀ, ਬਾਂਦਾ, ਚਿੱਤਰਕੁਟ, ਮਾਨਿਕਪੁਰ, ਪ੍ਰਯਾਗਰਾਜ, ਫਤਿਹਪੁਰ, ਗੋਵਿੰਦਪੁਰੀ ਅਤੇ ਓਰਈ ਨੂੰ ਕਵਰ ਕਰੇਗੀ। ਇਨ੍ਹਾਂ 1,225 ਸਪੈਸ਼ਲ ਟਰੇਨਾਂ 'ਚੋਂ 825 ਛੋਟੇ ਰੂਟਾਂ ਲਈ ਹਨ, ਜਦਕਿ 400 ਲੰਬੀ ਦੂਰੀ ਦੀਆਂ ਰਿਜ਼ਰਵਡ ਟਰੇਨਾਂ ਹਨ। ਬੁਲਾਰੇ ਨੇ ਅੱਗੇ ਕਿਹਾ ਇਹ ਕੁੰਭ 2019 ਦੌਰਾਨ ਚਲਾਈਆਂ ਗਈਆਂ ਟਰੇਨਾਂ ਨਾਲੋਂ ਲਗਭਗ 177 ਫ਼ੀਸਦੀ ਵੱਧ ਹੈ, ਜਦੋਂ 533 ਛੋਟੀ ਦੂਰੀ ਦੀਆਂ ਅਤੇ 161 ਲੰਬੀ ਦੂਰੀ ਦੀਆਂ ਰਾਖਵੀਆਂ ਟਰੇਨਾਂ ਚਲਾਈਆਂ ਗਈਆਂ ਸਨ। ਰੇਲਵੇ ਨੇ ਸ਼ਰਧਾਲੂਆਂ ਦੀ ਮਦਦ ਲਈ ਇਕ ਟੋਲ-ਫ੍ਰੀ ਨੰਬਰ-1800-4199-139- ਸ਼ੁਰੂ ਕੀਤਾ ਹੈ। ਕੁੰਭ 2025 ਮੋਬਾਈਲ ਐਪ ਵੀ ਵਿਕਸਿਤ ਕੀਤੀ ਜਾ ਰਹੀ ਹੈ। ਇਹ 24x7 ਕਾਲ ਸੈਂਟਰ ਵਲੋਂ ਸਹਿਯੋਗੀ ਹੋਵੇਗੀ।

ਬੁਲਾਰੇ ਨੇ ਦੱਸਿਆ ਕਿ ਰੇਲਵੇ 933.62 ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟ ਚਲਾ ਰਿਹਾ ਹੈ, ਜਿਸ 'ਚ ਯਾਤਰੀਆਂ ਦੀਆਂ ਸਹੂਲਤਾਂ ਵਿਚ ਵਾਧਾ ਕਰਨ ਲਈ 494.90 ਕਰੋੜ ਰੁਪਏ ਅਤੇ ਰੋਡ ਓਵਰਬ੍ਰਿਜਾਂ ਅਤੇ ਅੰਡਰਬ੍ਰਿਜਾਂ ਦੇ ਨਿਰਮਾਣ ਲਈ 438.72 ਕਰੋੜ ਰੁਪਏ ਸ਼ਾਮਲ ਹਨ। ਸਟੇਸ਼ਨ ਦੀ ਨਵੀਂ ਇਮਾਰਤ ਅਤੇ ਸੀ. ਸੀ. ਟੀ. ਵੀ ਪ੍ਰਬੰਧਾਂ ਸਮੇਤ 79 ਯਾਤਰੀਆਂ ਦੀਆਂ ਸਹੂਲਤਾਂ 'ਤੇ ਕੰਮ ਚੱਲ ਰਿਹਾ ਹੈ।


author

Tanu

Content Editor

Related News