ਸਿਆਸਤ ’ਚ ਸਭ ਕੁਝ ਹਾਸਲ ਕਰਨ ਵਾਲੇ ਰਾਹੁਲ ਬੈਕ ਸੀਟ ਦਾ ਡਰਾਈਵਰ ਬਣ ਕੇ ਖੁਸ਼
Sunday, Feb 25, 2024 - 12:58 PM (IST)
ਨਵੀਂ ਦਿੱਲੀ- 2002 ’ਚ ਸਿਆਸਤ ’ਚ ਆਉਣ ਪਿੱਛੋਂ ਰਾਹੁਲ ਗਾਂਧੀ ਨੂੰ ਸਭ ਕੁਝ ਇੱਕ ਥਾਲੀ ’ਚ ਸਜਾ ਕੇ ਮਿਲਿਆ ਸੀ। ਪਾਰਟੀ 2 ਸਾਲਾਂ ਦੇ ਥੋੜ੍ਹੇ ਸਮੇਂ ਅੰਦਰ ਹੀ ਸੱਤਾ ’ਚ ਆ ਗਈ । ਉਹ 2004 ’ਚ ਅਮੇਠੀ ਤੋਂ ਲੋਕ ਸਭਾ ਲਈ ਵੀ ਚੁਣੇ ਗਏ। ਪਾਰਟੀ ’ਚ ਆਪਣੀ ਆਵਾਜ਼ ਬੁਲੰਦ ਕਰਨ ਪਿੱਛੋਂ ਉਨ੍ਹਾਂ ਆਪਣਾ ਮਾਲਕ ਖੁੱਦ ਬਣਨਾ ਚੁਣਿਆ।
ਉਨ੍ਹਾਂ ਏ. ਕੇ. ਐਂਟਨੀ ਵਰਗੇ ਆਪਣੇ ‘ਗੁਰੂ’ ਜਾਂ ਇੱਥੋਂ ਤੱਕ ਕਿ ਆਪਣੀ ਮਾਂ ਨੂੰ ਵੀ ਸੁਣਨ ਤੋਂ ਇਨਕਾਰ ਕਰ ਦਿੱਤਾ । ਸਰਕਾਰਾਂ ਨੂੰ ਕਿਵੇਂ ਚਲਾਇਆ ਜਾਂਦਾ ਹੈ, ਬਾਰੇ ਸਿਖਲਾਈ ਲੈਣ ਲਈ ਲਈ ਕਿਸੇ ਮੰਤਰਾਲਾ ’ਚ ਸ਼ਾਮਲ ਹੋਣ ਤੋਂ ਵੀ ਇਨਕਾਰ ਕਰ ਦਿੱਤਾ।
ਉਨ੍ਹਾਂ ਜਨਤਕ ਤੌਰ ’ਤੇ ਭਾਸ਼ਣ ਕਰਨ ਤੇ ਹਿੰਦੀ ’ਚ ਮੁਹਾਰਤ ਹਾਸਲ ਕਰਨ ਦੀ ਸਿਖਲਾਈ ਲੈਣ ਤੋਂ ਵੀ ਨਾਂਹ ਕਰ ਦਿੱਤੀ। ਉਨ੍ਹਾਂ ਦੀ ਮਾਤਾ ਨੇ ਕੁਝ ਬਿਹਤਰ ਪ੍ਰਦਰਸ਼ਨ ਕੀਤਾ। ਬਿਨਾਂ ਤਿਆਰੀ ਦੇ ਬੋਲ ਕੇ ਸਿਆਸੀ ਨੁਕਸਾਨ ਝੱਲਣ ਦੀ ਬਜਾਏ ਉਹ ਪੜ੍ਹ ਕੇ ਹਿੰਦੀ ਬੋਲਦੀ ਰਹੀ। ਉਨ੍ਹਾਂ ਆਪਣੇ ਹਿੰਦੀ ਅਧਿਆਪਕ ਜਨਾਰਦਨ ਦਿਵੇਦੀ ਨੂੰ ਦੋ ਵਾਰ ਰਾਜ ਸਭਾ ਦਾ ਮੈਂਬਰ ਵੀ ਬਣਾਇਆ।
ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਅਤੇ ਇਸ ਦੇ ਸਹਿਯੋਗੀ 2011-2012 ’ਚ ਡਾ. ਮਨਮੋਹਨ ਸਿੰਘ ਨੂੰ ਭਾਰਤ ਦਾ ਰਾਸ਼ਟਰਪਤੀ ਬਣਾਉਣ ਅਤੇ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਵਜੋਂ ਸਰਕਾਰ ਦੀ ਵਾਗਡੋਰ ਸੰਭਾਲਣ ਦੇ ਹੱਕ ’ਚ ਸਨ ਪਰ ਉਨ੍ਹਾਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ ਕਿ ਉਹ ਆਪਣੀ ਅਗਵਾਈ ਹੇਠ ਲੜੀ ਗਈ ਚੋਣ ਜਿੱਤ ਕੇ ਹੀ ਪ੍ਰਧਾਨ ਮੰਤਰੀ ਬਣਨਾ ਚਾਹੁਣਗੇ।
ਆਖਰ ਉਹ ਦਸੰਬਰ 2017 ’ਚ ਕਾਂਗਰਸ ਦੇ ਪ੍ਰਧਾਨ ਬਣੇ। ਪਾਰਟੀ ਨੂੰ 2019 ਦੀਆਂ ਲੋਕ ਸਭਾ ਚੋਣਾਂ ’ਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਉਹ ਆਪਣੇ ਗੜ੍ਹ ਅਮੇਠੀ ਤੋਂ ਹਾਰ ਗਏ।
ਉਨ੍ਹਾਂ ਜੁਲਾਈ, 2019 ’ਚ ਅਚਾਨਕ ਅਹੁਦਾ ਛੱਡ ਦਿੱਤਾ। ਦਿਲਚਸਪ ਗੱਲ ਇਹ ਹੈ ਕਿ ਕਿਸੇ ਨੇ ਵੀ ਉਨ੍ਹਾਂ ਲਈ ਹੰਝੂ ਨਹੀਂ ਵਹਾਏ ਅਤੇ ਨਾ ਹੀ ਉਨ੍ਹਾਂ ਨੂੰ ਅਹੁਦੇ 'ਤੇ ਬਣੇ ਰਹਿਣ ਲਈ ਕਿਹਾ। ਉਹ ਮਲਿਕਾਰਜੁਨ ਖੜਗੇ ਨੂੰ ਰਾਸ਼ਟਰੀ ਪ੍ਰਧਾਨ ਬਣਾ ਕੇ ਖੁੱਦ ਪਾਰਟੀ ਦਾ ਬੈਕ-ਸੀਟ ਡਰਾਈਵਰ ਬਣ ਕੇ ਖੁਸ਼ ਹਨ। ਪਾਰਟੀ ਦੇ ਕਈ ਨੇਤਾਵਾਂ ਨੂੰ ਲੱਗਦਾ ਹੈ ਕਿ ਉਹ ਅਜਿਹੇ ਵਿਅਕਤੀ ਵਜੋਂ ਜਾਣੇ ਜਾਣਗੇ ਜੋ ਗਠਜੋੜ ਬਣਾਉਣ ਲਈ ਬਹੁਤ ਦੇਰ ਨਾਲ 2024 ਵਿੱਚ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਖਤਮ ਕਰ ਰਹੇ ਹਨ।
‘ਭਾਰਤ ਜੋੜੋ ਨਿਆਏ ਯਾਤਰਾ’ ਦੌਰਾਨ ਉਨ੍ਹਾਂ ਦੇ ਤਾਜ਼ਾ ਭਾਸ਼ਣਾਂ ਖਾਸ ਕਰ ਕੇ ਯੂ.ਪੀ ' ’ਚ ਦਿੱਤੇ ਭਾਸ਼ਣਾਂ ਨੇ ਪਾਰਟੀ ਦੇ ਬਹੁਤ ਸਾਰੇ ਲੋਕਾਂ ਨੂੰ ਚਿੰਤਤ ਕੀਤਾ ਹੈ। ਜਿਸ ਤਰ੍ਹਾਂ ਦੀ ਭਾਸ਼ਾ ਅਤੇ ਸ਼ਬਦ ਉਨ੍ਹਾਂ ਬੋਲੇ, ਨੇ ਕਾਂਗਰਸ ਤੋਂ ਬਾਹਰ ਉਨ੍ਹਾਂ ਦੇ ਆਪਣੇ ਸਮਰਥਕਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਉਹ 5 ਦਿਨਾਂ ਦੀ ਛੁੱਟੀ ਲੈ ਕੇ ਕਿਸੇ ਯੂਨੀਵਰਸਿਟੀ ’ਚ ਲੈਕਚਰ ਦੇਣ ਲਈ ਬਰਤਾਨੀਆ ਜਾਣ ਦੀ ਯੋਜਨਾ ਬਣਾ ਰਹੇ ਹਨ।