ਰਾਹੁਲ ਗਾਂਧੀ ਨਰਿੰਦਰ ਮੋਦੀ ਨਾਲ ਮੁਕਾਬਲੇ ਲਈ ਤਿਆਰ

Saturday, Mar 24, 2018 - 09:31 AM (IST)

ਨਵੀ ਦਿੱਲੀ— ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਕਾਬਲੇ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਦਾਅਵਾ ਕੀਤਾ ਹੈ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਿਥਵੀ ਰਾਜ ਚਵਾਨ ਨੇ। ਬੀਤੀਆਂ ਆਮ ਚੋਣਾਂ ਵਿਚ ਕਾਂਗਰਸ ਦੇ ਕਿਸੇ ਵੱਡੇ ਨੇਤਾ ਦੇ ਪ੍ਰਭਾਵਸ਼ਾਲੀ ਢੰਗ ਨਾਲ ਹਿੰਦੀ ਨਾ ਬੋਲਣ ਨੂੰ ਅਸਫਲਤਾ ਦਾ ਇਕ ਕਾਰਨ ਦੱਸਦੇ ਹੋਏ ਉਨ੍ਹਾਂ ਕਾਂਗਰਸ ਮਹਾਸੰਮੇਲਨ ਵਿਚ ਰਾਹੁਲ ਗਾਂਧੀ ਦੇ ਹਿੰਦੀ ਵਿਚ ਭਾਸ਼ਣ ਵੱਲ ਧਿਆਨ ਦਿਵਾਇਆ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਰਾਹੁਲ ਨੇ ਹਮਲਾ ਕੀਤਾ, ਜਿਸ ਤਰ੍ਹਾਂ ਉਨ੍ਹਾਂ ਪ੍ਰਭਾਵਸਾਲੀ ਢੰਗ ਨਾਲ ਹਿੰਦੀ ਬੋਲੀ, ਉਸ ਤੋਂ ਇਹ ਸੰਦੇਸ਼ ਗਿਆ ਹੈ ਕਿ ਉਹ ਹੁਣ ਜ਼ਿਆਦਾ ਤਿਆਰ ਹਨ। ਉਨ੍ਹਾਂ ਕਿਹਾ ਕਿ ਰਾਹੁਲ ਹੁਣ ਮੋਦੀ ਵਰਗਾ ਭਾਸ਼ਣ ਦੇਣ ਵਿਚ ਸਮਰੱਥ ਹਨ। ਰਾਹੁਲ ਮੋਦੀ ਦਾ ਸਾਹਮਣਾ ਕਰਨ ਲਈ ਤਿਆਰ ਹਨ। ਹੁਣ ਉਹ ਚਾਹੁਣ ਜਾਂ ਨਾ ਚਾਹੁਣ, ਉਨ੍ਹਾਂ ਨੂੰ ਮੋਦੀ ਦਾ ਸਾਹਮਣਾ ਤਾਂ ਕਰਨਾ ਹੀ ਪਵੇਗਾ ਕਿਉਂਕਿ ਪਾਰਟੀ ਕੋਲ ਕੋਈ ਹੋਰ ਚਿਹਰਾ ਵੀ ਨਹੀਂ ਹੈ।
ਚਵਾਨ ਨੇ ਕਿਹਾ ਕਿ ਅਖੀਰ ਇਹੀ ਉਹ ਗੱਲ ਹੈ ਜਿਥੇ ਪਿਛਲੀਆਂ ਚੋਣਾਂ ਵਿਚ ਅਸੀਂ ਅਸਫਲ ਹੋਏ ਸਨ। ਅਸੀਂ ਲੋਕ (ਪਾਰਟੀ ਦੇ ਬਹੁਤ ਸਾਰੇ ਸੀਨੀਅਰ ਨੇਤਾ) ਅੰਗਰੇਜ਼ੀ ਵੱਲ ਕਾਫੀ ਝੁਕੇ ਹੋਏ ਹਨ। ਭਾਵੇਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸੋਨੀਆ ਗਾਂਧੀ ਜਾਂ ਪੀ. ਚਿਦਾਂਬਰਮ ਹੋਣ, ਅਸੀਂ ਸਭ ਅੰਗਰੇਜ਼ੀ ਵਿਚ ਸੋਚ ਕੇ ਹਿੰਦੀ ਬੋਲਦੇ ਹਾਂ। ਉਹ (ਰਾਹੁਲ) ਆਪਣੀ ਭਾਸ਼ਣ ਰਾਹੀਂ ਸਿੱਧੇ ਲੋਕਾਂ ਨਾਲ ਜੁੜ ਰਹੇ ਸਨ, ਜੋ ਬਹੁਤ ਵੱਡੀ ਗੱਲ ਹੈ। ਮਹਾਸੰਮੇਲਨ ਵਿਚ ਰਾਹੁਲ ਵਲੋਂ ਕਾਂਗਰਸ ਨੇਤਾਵਾਂ ਅਤੇ ਵਰਕਰਾਂ ਦਰਮਿਆਨ ਕੰਧ ਡਿਗਾਉਣ ਦੀ ਜਿਹੜੀ ਗੱਲ ਕਹੀ ਗਈ, ਉਸ ਬਾਰੇ ਚਵਾਨ ਦਾ ਮੰਨਣਾ ਹੈ ਕਿ ਇਸ ਗੱਲ ਦੀ ਪਾਰਟੀ ਦੇ ਅੰਦਰ ਤੇ ਬਾਹਰ ਲੋਕ ਵੱਖ-ਵੱਖ ਤਰ੍ਹਾਂ ਨਾਲ ਵਿਆਖਿਆ ਕਰ ਰਹੇ ਹਨ।


Related News