ਰਾਹੁਲ ਨੇ ਟਵੀਟ ਕਰ ਘੇਰੀ ਮੋਦੀ ਸਰਕਾਰ, ਕਿਹਾ- ‘ਅੰਨਦਾਤਾ ਮੰਗੇ ਅਧਿਕਾਰ, ਸਰਕਾਰ ਕਰੇ ਅੱਤਿਆਚਾਰ’
Saturday, Mar 06, 2021 - 11:14 AM (IST)
ਨਵੀਂ ਦਿੱਲੀ— ਕੇਂਦਰ ਦੇ ਤਿੰਨੋਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਅੱਜ ਯਾਨੀ ਕਿ ਸ਼ਨੀਵਾਰ ਨੂੰ 100ਵੇਂ ਦਿਨ ’ਚ ਪ੍ਰਵੇਸ਼ ਕਰ ਗਿਆ ਹੈ। ਪਿਛਲੇ ਸਾਲ 26 ਨਵੰਬਰ ਤੋਂ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦੇ ਸਮਰਥਨ ’ਚ ਵਿਰੋਧੀ ਪਾਰਟੀ ਕਾਂਗਰਸ ਕੇਂਦਰ ਸਰਕਾਰ ’ਤੇ ਹਮਲਾਵਰ ਹੈ। ਕਾਂਗਰਸ ਪਾਰਟੀ ਲਗਾਤਾਰ ਕੇਂਦਰ ਸਰਕਾਰ ਤੋਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਕਰ ਰਹੀ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਖੇਤੀ ਕਾਨੂੰਨਾਂ ਨੂੰ ਲੈ ਕੇ ਮੋਦੀ ਸਰਕਾਰ ਨੂੰ ਘੇਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਤਿੰਨੋਂ ਖੇਤੀ ਕਾਨੂੰਨ ਤਾਂ ਸਰਕਾਰ ਨੂੰ ਵਾਪਸ ਕਰਨੇ ਹੀ ਹੋਣਗੇ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਦੇ 100 ਦਿਨ ਹੋਣ 'ਤੇ ਬੋਲੇ ਰਾਹੁਲ- ਤਿੰਨੋਂ ਕਾਨੂੰਨ ਵਾਪਸ ਲੈਣੇ ਹੀ ਹੋਣਗੇ
ਰਾਹੁਲ ਨੇ ਅੱਜ ਟਵੀਟ ਕਰਦੇ ਹੋਏ ਲਿਖਿਆ ਕਿ ਦੇਸ਼ ਦੀ ਸਰਹੱਦ ’ਤੇ ਜਾਨ ਵਿਛਾਉਂਦੇ ਹਨ ਜਿਨ੍ਹਾਂ ਦੇ ਪੁੱਤ, ਉਨ੍ਹਾਂ ਲਈ ਮੇਖਾਂ ਵਿਛਾਈਆਂ ਹਨ ਦਿੱਲੀ ਦੀ ਸਰਹੱਦ ’ਤੇ। ਅੰਨਦਾਤਾ ਮੰਗੇ ਅਧਿਕਾਰ, ਸਰਕਾਰ ਕਰੇ ਅੱਤਿਆਚਾਰ! ਦੱਸ ਦੇਈਏ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਵੱਡੀ ਗਿਣਤੀ ’ਚ ਕਿਸਾਨ ਡਟੇ ਹੋਏ ਹਨ। ਗਾਜ਼ੀਪੁਰ ਸਰਹੱਦ ’ਤੇ ਕਿਸਾਨਾਂ ਦੀ ਵਧਦੀ ਗਿਣਤੀ ਨੂੰ ਵੇਖਦੇ ਹੋਏ ਮੇਖਾਂ ਲਾਈਆਂ ਗਈਆਂ ਸਨ, ਹਾਲਾਂਕਿ ਸਰਕਾਰ ਦੀ ਕਿਰਕਿਰੀ ਮਗਰੋਂ ਇਨ੍ਹਾਂ ਨੂੰ ਹਟਾ ਲਿਆ ਗਿਆ ਸੀ।
ਇਹ ਵੀ ਪੜ੍ਹੋ: ਕਿਸਾਨੀ ਘੋਲ ਦੇ 100 ਦਿਨ ਪੂਰੇ, KMP ਐਕਸਪ੍ਰੈੱਸ ਵੇਅ ’ਤੇ ਅੱਜ ਕਿਸਾਨ ਕਰਨਗੇ ‘ਨਾਕਾਬੰਦੀ’
ਦੱਸਣਯੋਗ ਹੈ ਕਿ ਕਿਸਾਨ ਬੀਤੀ 26 ਨਵੰਬਰ ਤੋਂ ਦਿੱਲੀ ਦੀਆਂ ਸਰਹੱਦਾਂ- ਸਿੰਘੂ, ਟਿਕਰੀ ਅਤੇ ਗਾਜ਼ੀਪੁਰ ’ਤੇ ਵੱਡੀ ਗਿਣਤੀ ’ਚ ਡਟੇ ਹੋਏ ਹਨ। ਇਨ੍ਹਾਂ ਕਿਸਾਨਾਂ ਵਿਚ ਮੁੱਖ ਰੂਪ ਨਾਲ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨ ਸ਼ਾਮਲ ਹਨ। ਓਧਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦਾ ਅੰਦੋਲਨ ਖਤਮ ਨਹੀਂ ਹੋਣ ਜਾ ਰਿਹਾ, ਸਗੋਂ ਉਹ ਹੋਰ ਮਜ਼ਬੂਤੀ ਨਾਲ ਵਧ ਰਹੇ ਹਨ। ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ 11ਦੌਰ ਦੀ ਗੱਲਬਾਤ ਦੇ ਬਾਵਜੂਦ ਕਿਸੇ ਸਮਝੌਤੇ ਤੱਕ ਨਹੀਂ ਪੁੱਜ ਸਕੇ ਹਨ। ਕਿਸਾਨਾਂ ਨੇ ਤਿੰਨੋਂ ਕਾਨੂੰਨਾਂ ਦੇ ਰੱਦ ਹੋਣ ਤੱਕ ਪਿੱਛੇ ਹਟਣ ਤੋਂ ਇਨਕਾਰ ਕੀਤਾ ਹੈ। ਕਿਸਾਨਾਂ ਨੂੰ ਡਰ ਹੈ ਕਿ ਨਵੇਂ ਖੇਤੀ ਕਾਨੂੰਨਾਂ ਨਾਲ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਸੁਰੱਖਿਆ ਅਤੇ ਮੰਡੀ ਵਿਵਸਥਾ ਖਤਮ ਹੋ ਜਾਵੇਗੀ। ਜਿਸ ਨਾਲ ਉਹ ਵੱਡੇ ਕਾਰਪੋਰੇਟ ਦੀ ਰਹਿਮ ’ਤੇ ਨਿਰਭਰ ਹੋ ਜਾਣਗੇ।