ਰਾਹੁਲ ਨੇ ਲੋਕ ਸਭਾ ''ਚ ਦਿੱਤਾ ਅਜਿਹਾ ਬਿਆਨ ਕਿ ਭੜਕੇ ਸਿੱਖਿਆ ਮੰਤਰੀ, ਕਿਹਾ- ਮੈਨੂੰ ਸਰਟੀਫਿਕੇਟ ਦੀ ਜ਼ਰੂਰਤ ਨਹੀਂ

Monday, Jul 22, 2024 - 01:06 PM (IST)

ਨਵੀਂ ਦਿੱਲੀ (ਭਾਸ਼ਾ)- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਮੈਡੀਕਲ ਦਾਖ਼ਲਾ ਪ੍ਰੀਖਿਆ 'ਨੀਟ' ਵਿਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਸਦਨ ਵਿਚ ਸਰਕਾਰ 'ਤੇ ਹਮਲਾ ਬੋਲਿਆ। ਰਾਹੁਲ ਨੇ ਦਾਅਵਾ ਕੀਤਾ ਕਿ ਦੇਸ਼ ਦੇ ਕਰੋੜਾਂ ਵਿਦਿਆਰਥੀ ਅਤੇ ਦੇਸ਼ ਵਾਸੀਆਂ ਨੂੰ ਇਸ ਗੱਲ ਦਾ ਯਕੀਨ ਹੋ ਗਿਆ ਹੈ ਕਿ ਭਾਰਤੀ ਪ੍ਰੀਖਿਆ ਪ੍ਰਣਾਲੀ ਇਕ 'ਫ੍ਰਾਡ' (ਧੋਖੇ ਵਾਲੀ) ਹੈ ਅਤੇ ਜਿਸ ਕੋਲ ਪੈਸਾ ਹੈ ਉਹ ਇਸ ਪੂਰੀ ਪ੍ਰਣਾਲੀ ਨੂੰ ਖਰੀਦ ਸਕਦਾ ਹੈ। ਇਸ 'ਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਪਲਟਵਾਰ ਕੀਤਾ ਅਤੇ ਸਵਾਲ ਕੀਤਾ ਕਿ ਕੀ 2010 'ਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੇ ਪ੍ਰਾਈਵੇਟ ਮੈਡੀਕਲ ਕਾਲਜਾਂ ਦੇ ਦਬਾਅ ਹੇਠ ਸਿੱਖਿਆ ਸੁਧਾਰ ਨਾਲ ਸਬੰਧਤ ਬਿੱਲ ਵਾਪਸ ਲੈ ਲਿਆ ਸੀ? ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਵੱਲੋਂ ਸਮੁੱਚੀ ਪ੍ਰੀਖਿਆ ਪ੍ਰਣਾਲੀ ਨੂੰ ‘ਬਕਵਾਸ’ ਕਹਿਣਾ ਮੰਦਭਾਗਾ ਹੈ। ਸਦਨ 'ਚ ਪ੍ਰਸ਼ਨ ਕਾਲ ਦੌਰਾਨ NEET ਦੇ ਵਿਸ਼ੇ 'ਤੇ ਪੂਰਕ ਸਵਾਲ ਪੁੱਛਦੇ ਹੋਏ ਰਾਹੁਲ ਗਾਂਧੀ ਨੇ ਕਿਹਾ,''ਪ੍ਰੀਖਿਆ ਪ੍ਰਣਾਲੀ 'ਚ ਕਈ ਖਾਮੀਆਂ ਹਨ। ਮੰਤਰੀ ਨੇ ਆਪਣੇ ਆਪ ਨੂੰ ਛੱਡ ਕੇ ਸਾਰਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ... ਮੈਨੂੰ ਨਹੀਂ ਲੱਗਦਾ ਕਿ ਜੋ ਚੱਲ ਰਿਹਾ ਹੈ, ਉਸ ਦੀ ਬੁਨਿਆਦੀ ਜਾਣਕਾਰੀ ਵੀ ਉਨ੍ਹਾਂ ਨੂੰ ਹੈ।''  ਉਨ੍ਹਾਂ ਦਾਅਵਾ ਕੀਤਾ ਕਿ ਅੱਜ ਕਰੋੜਾਂ ਵਿਦਿਆਰਥੀ ਚਿੰਤਤ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਯਕੀਨ ਹੋ ਗਿਆ ਹੈ ਕਿ ਭਾਰਤੀ ਪ੍ਰੀਖਿਆ ਪ੍ਰਣਾਲੀ ਇੱਕ 'ਧੋਖਾਧੜੀ' ਹੈ।

ਕਾਂਗਰਸ ਆਗੂ ਨੇ ਕਿਹਾ,''ਕਰੋੜਾਂ ਲੋਕ ਮੰਨਣਾ ਹੈ ਕਿ ਜੇਕਰ ਤੁਹਾਡੇ ਕੋਲ ਪੈਸਾ ਹੈ, ਤੁਸੀਂ ਅਮੀਰ ਹੋ ਤਾਂ ਤੁਸੀਂ ਭਾਰਤੀ ਪ੍ਰੀਖਿਆ ਪ੍ਰਣਾਲੀ ਨੂੰ ਖਰੀਦ ਸਕਦੇ ਹੋ। ਇਹੀ ਭਾਵਨਾ ਵਿਰੋਧੀ ਧਿਰ ਦੀ ਵੀ ਹੈ।'' ਉਨ੍ਹਾਂ ਸਵਾਲ ਕੀਤਾ ਕਿ ਸਰਕਾਰ ਸਿਸਟਮਿਕ ਪੱਧਰ 'ਤੇ ਚੀਜ਼ਾਂ ਨੂੰ ਠੀਕ ਕਰਨ ਲਈ ਕੀ ਕਰ ਰਹੀ ਹੈ। ਇਸ 'ਤੇ ਪ੍ਰਧਾਨ ਨੇ ਕਿਹਾ,''ਮੈਨੂੰ ਬੌਧਿਕਤਾ ਅਤੇ ਸੰਸਕਾਰ ਦਾ ਸਰਟੀਫਿਕੇਟ ਕਿਸੇ ਤੋਂ ਨਹੀਂ ਚਾਹੀਦਾ। ਦੇਸ਼ ਦੇ ਲੋਕਤੰਤਰ ਨੇ ਸਾਡੇ ਪ੍ਰਧਾਨ ਮੰਤਰੀ ਨੂੰ ਚੁਣਿਆ ਹੈ, ਮੈਂ ਇੱਥੇ ਉਨ੍ਹਾਂ ਦੇ ਫੈਸਲੇ ਦਾ ਜਵਾਬ ਦੇ ਰਿਹਾ ਹਾਂ।'' ਸਿੱਖਿਆ ਮੰਤਰੀ ਨੇ ਕਿਹਾ, ''ਇਹ ਕਿਹਾ ਗਿਆ ਹੈ ਕਿ ਦੇਸ਼ ਦੀ ਭਾਰਤੀ ਪ੍ਰੀਖਿਆ ਪ੍ਰਣਾਲੀ ਬਕਵਾਸ ਹੈ, ਇਸ ਤੋਂ ਵੱਧ ਮੰਦਭਾਗਾ ਬਿਆਨ ਹੋਰ ਕੁਝ ਨਹੀਂ ਹੋ ਸਕਦਾ। ਮੈਂ ਇਸ ਦੀ ਨਿੰਦਾ ਕਰਦਾ ਹਾਂ।'' ਕਾਂਗਰਸ 'ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ,''ਜਿਨ੍ਹਾਂ ਲੋਕਾਂ ਨੇ ਰਿਮੋਟ ਨਾਲ ਸਰਕਾਰਾਂ ਚਲਾਈਆਂ ਹਨ, ਉਨ੍ਹਾਂ ਦੇ ਸਮੇਂ ਦੇ ਸਿੱਖਿਆ ਮੰਤਰੀ 2010 'ਚ ਤਿੰਨ ਬਿੱਲ ਲੈ ਕੇ ਆਏ ਸਨ, ਜਿਨ੍ਹਾਂ 'ਚੋਂ ਇਕ ਸਿੱਖਿਆ 'ਚ ਸੁਧਾਰ ਨਾਲ ਸਬੰਧਤ ਬਿੱਲ ਸੀ।'' ਪ੍ਰਧਾਨ ਦਾ ਕਹਿਣਾ ਸੀ,''ਸਾਡੀ ਸਰਕਾਰ ਦੀ ਹਿੰਮਤ ਹੈ ਕਿ ਅਸੀਂ (ਪੇਪਰ ਲੀਕ 'ਤੇ) ਕਾਨੂੰਨ ਬਣਾਇਆ ਪਰ ਕਾਂਗਰਸ ਅਤੇ ਵਿਰੋਧੀ ਧਿਰ ਦੇ ਨੇਤਾ ਦੀ ਕੀ ਮਜ਼ਬੂਰੀ ਸੀ ਕਿ ਉਨ੍ਹਾਂ ਦੇ ਸਮੇਂ ਲਿਆਂਦੇ ਗਏ ਬਿੱਲ ਨੂੰ ਵਾਪਸ ਲੈ ਲਿਆ ਗਿਆ? ਕੀ ਇਸ ਨੂੰ ਪ੍ਰਾਈਵੇਟ ਮੈਡੀਕਲ ਕਾਲਜਾਂ ਅਤੇ ਉਨ੍ਹਾਂ ਦੀ ਰਿਸ਼ਵਤਖੋਰੀ ਦੇ ਦਬਾਅ ਹੇਠ ਵਾਪਸ ਲਿਆ ਗਿਆ ਸੀ?'' ਸਦਨ 'ਚ ਹੰਗਾਮੇ ਦਰਮਿਆਨ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਸਦਨ 'ਚ ਸਾਰਥਕ ਚਰਚਾ ਹੋਣੀ ਚਾਹੀਦੀ ਹੈ ਪਰ ਸਾਰੀਆਂ ਪ੍ਰੀਖਿਆਵਾਂ 'ਤੇ ਸਵਾਲ ਉਠਾਉਣਾ ਸਹੀ ਨਹੀਂ ਹੈ। ਉਨ੍ਹਾਂ ਦਾ ਕਹਿਣਾ ਸੀ,''ਸੂਬਿਆਂ 'ਚ ਵੱਖ-ਵੱਖ ਦਲਾਂ ਦੀਆਂ ਸਰਕਾਰਾਂ ਰਹੀਆਂ ਹਨ, ਜਿੱਥੇ ਪ੍ਰੀਖਿਆਵਾਂ 'ਤੇ ਪ੍ਰਸ਼ਨ ਉੱਠੇ... ਅਸੀਂ ਇਸ ਲਈ ਇੱਥੇ ਬੈਠੇ ਹਾਂ ਕਿ ਵਿਦਿਆਰਥੀਆਂ ਦੇ ਭਵਿੱਖ 'ਤੇ ਸਵਾਲ ਨਾ ਉੱਠਣ। ਇਸ ਲਈ ਅਜਿਹੀ ਵਿਵਸਥਾ ਵਿਕਸਿਤ ਕਰੋ ਕਿ ਪ੍ਰੀਖਿਆ 'ਤੇ ਸਵਾਲ ਨਾ ਉੱਠੇ... ਸਭ ਸੁਝਾਅ ਦਿਓ। ਸਰਕਾਰ ਵੀ ਉੱਤਮ ਸੁਝਾਅ ਨੂੰ ਮੰਨੇਗੀ।'' ਬਿਰਲਾ ਨੇ ਕਿਹਾ,''ਅਸੀਂ ਸਾਰੀਆਂ ਪ੍ਰੀਖਿਆਵਾਂ 'ਤੇ ਸਵਾਲ ਚੁੱਕਾਂਗੇ ਤਾਂ ਪਾਸ ਹੋਣ ਵਾਲੇ ਬੱਚਿਆਂ ਦੇ ਭਵਿੱਖ 'ਤੇ, ਭਾਰਤ ਦੀ ਪ੍ਰੀਖਿਆ ਵਿਵਸਥਾ 'ਤੇ ਗੰਭੀਰ ਅਸਰ ਹੋਵੇਗਾ, ਜੋ ਸਦਨ ਲਈ ਚਿੰਤਾ ਦਾ ਵਿਸ਼ਾ ਹੈ।''

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


DIsha

Content Editor

Related News