ਰਾਹੁਲ ਨੇ ਭਾਜਪਾ ’ਤੇ ‘ਧਿਆਨ ਭਟਕਾਉਣ’ ਦਾ ਲਾਇਆ ਦੋਸ਼, ਕਿਹਾ-ਅਸੀਂ ਵਾਂਝਿਆਂ ਨੂੰ ਅਧਿਕਾਰ ਦਿਵਾ ਕੇ ਰਹਾਂਗੇ

Friday, Sep 26, 2025 - 12:26 AM (IST)

ਰਾਹੁਲ ਨੇ ਭਾਜਪਾ ’ਤੇ ‘ਧਿਆਨ ਭਟਕਾਉਣ’ ਦਾ ਲਾਇਆ ਦੋਸ਼, ਕਿਹਾ-ਅਸੀਂ ਵਾਂਝਿਆਂ ਨੂੰ ਅਧਿਕਾਰ ਦਿਵਾ ਕੇ ਰਹਾਂਗੇ

ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬਿਹਾਰ ’ਚ ‘ਅਤਿ ਪੱਛੜਿਆ ਨਿਆਂ ਸੰਕਲਪ ਪੱਤਰ’ ਜਾਰੀ ਕਰਨ ਦੇ ਇਕ ਦਿਨ ਬਾਅਦ ਵੀਰਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਚਾਹੇ ਜਿੰਨਾ ਧਿਆਨ ਭਟਕਾਉਣ ਦੀ ਸਾਜ਼ਿਸ਼ ਕਰ ਲਵੇ, ਮਹਾਗੱਠਜੋੜ ਅਤਿ ਪੱਛੜੇ, ਦਲਿਤ, ਆਦਿਵਾਸੀ, ਘੱਟਗਿਣਤੀ ਅਤੇ ਪੱਛੜੇ ਵਰਗ ਨੂੰ ਉਨ੍ਹਾਂ ਦਾ ਪੂਰਾ ਹੱਕ ਦਿਵਾਉਣ ਲਈ ਵਚਨਬੱਧ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਇਹ ਅਤਿ ਪੱਛੜਿਆਂ ਦੀ ਬਰਾਬਰੀ ਅਤੇ ਸਨਮਾਨ ਦੀ ਲੜਾਈ ਹੈ ਅਤੇ ਇਹੀ ਸੱਚਾ ਸਮਾਜਿਕ ਨਿਆਂ ਹੈ। ਰਾਹੁਲ ਗਾਂਧੀ ਅਤੇ ਮਹਾਗੱਠਜੋੜ ਦੇ ਹੋਰ ਪ੍ਰਮੁੱਖ ਨੇਤਾਵਾਂ ਨੇ ਬੁੱਧਵਾਰ ਨੂੰ ਪਟਨਾ ’ਚ ‘ਅਤਿ ਪੱਛੜਿਆ ਨਿਆਂ ਸੰਕਲਪ ਪੱਤਰ’ ਜਾਰੀ ਕੀਤਾ ਸੀ।

ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ‘ਐਕਸ’ ’ਤੇ ਪੋਸਟ ਕੀਤਾ, ‘‘ਭਾਜਪਾ ਚਾਹੇ ਜਿੰਨੇ ਵੀ ਝੂਠ ਅਤੇ ਧਿਆਨ ਭਟਕਾਉਣ ਦੀ ਸਾਜ਼ਿਸ਼ ਕਰੇ, ਅਸੀਂ ਅਤਿ ਪੱਛੜੇ, ਦਲਿਤ, ਆਦਿਵਾਸੀ, ਘੱਟਗਿਣਤੀ ਅਤੇ ਪੱਛੜੇ ਸਮਾਜ ਨੂੰ ਉਨ੍ਹਾਂ ਦਾ ਪੂਰਾ ਹੱਕ ਦਿਵਾਉਣ ਲਈ ਵਚਨਬੱਧ ਹਾਂ।’’

ਉਨ੍ਹਾਂ ਕਿਹਾ ਕਿ ਬਿਹਾਰ ’ਚ ਅਤਿ ਪੱਛੜੇ ਸਮਾਜ ਨੂੰ ਮਜ਼ਬੂਤ ਬਣਾਉਣ ਅਤੇ ਉਨ੍ਹਾਂ ਦੀ ਭਾਈਵਾਲੀ ਵਧਾਉਣ ਲਈ ‘ਅਤਿ ਪੱਛੜਿਆ ਨਿਆਂ ਸੰਕਲਪ ਪੱਤਰ’ ’ਚ ਠੋਸ ਵਾਅਦੇ ਕੀਤੇ ਗਏ ਹਨ। ਰਾਹੁਲ ਗਾਂਧੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਿੱਖਿਆ ਇਨ੍ਹਾਂ ਭਾਈਚਾਰਿਆਂ ਦੀ ਤਰੱਕੀ ਦਾ ਸਭ ਤੋਂ ਵੱਡਾ ਸਾਧਨ ਹੈ, ਇਸ ਲਈ ਇਸ ਖੇਤਰ ’ਚ ਉਨ੍ਹਾਂ ਦੀ ਪਹੁੰਚ ਵਧਾਉਣ ਲਈ ਵਿਸ਼ੇਸ਼ ਸੰਕਲਪ ਲਏ ਗਏ ਹਨ।

ਉਨ੍ਹਾਂ ਕਿਹਾ, ‘‘ਹੁਣ ਨਿੱਜੀ ਕਾਲਜ ਅਤੇ ਯੂਨੀਵਰਸਿਟੀਆਂ ’ਚ ਵੀ ਰਿਜ਼ਰਵੇਸ਼ਨ ਲਾਗੂ ਹੋਵੇਗੀ, ਨਿੱਜੀ ਸਕੂਲਾਂ ਦੀਆਂ ਰਾਖਵੀਆਂ ਅੱਧੀਆਂ ਸੀਟਾਂ ਐੱਸ. ਸੀ./ਐੱਸ. ਟੀ./ਓ. ਬੀ. ਸੀ./ਈ. ਬੀ. ਸੀ. ਬੱਚਿਆਂ ਨੂੰ ਮਿਲਣਗੀਆਂ ਅਤੇ ਨਿਯੁਕਤੀਆਂ ’ਚ ‘ਢੁੱਕਵਾਂ ਨਹੀਂ ਮਿਲਿਆ’ ਦੀ ਬੇਇਨਸਾਫੀ ਵਾਲੀ ਪ੍ਰਣਾਲੀ ਖਤਮ ਹੋ ਜਾਵੇਗੀ।’’

ਰਾਹੁਲ ਗਾਂਧੀ ਨੇ ਕਿਹਾ ਕਿ ਇਹ ਸਿਰਫ ਸਿੱਖਿਆ ਨਹੀਂ, ਸਗੋਂ ਅਤਿ ਪੱਛੜਿਆਂ ਦੀ ਬਰਾਬਰੀ ਅਤੇ ਸਨਮਾਨ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਇਹੀ ਸੱਚੇ ਸਮਾਜਿਕ ਨਿਆਂ ਅਤੇ ਸਮਾਨ ਵਿਕਾਸ ਦੀ ਗਾਰੰਟੀ ਹੈ।


author

Rakesh

Content Editor

Related News