ਪੁਲਵਾਮਾ ਹਮਲੇ ਲਈ ਆਨਲਾਈਨ ਖਰੀਦਿਆ ਗਿਆ ਸੀ ਕੈਮੀਕਲ
Saturday, Mar 07, 2020 - 11:28 AM (IST)
ਨਵੀਂ ਦਿੱਲੀ/ਸ਼੍ਰੀਨਗਰ— ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਪਿਛਲੇ ਸਾਲ ਇਸ ਅੱਤਵਾਦੀ ਹਮਲੇ 'ਚ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦੇ 40 ਜਵਾਨ ਸ਼ਹੀਦ ਹੋ ਗਏ ਸਨ। ਪੁਲਵਾਮਾ 'ਚ 14 ਫਰਵਰੀ 2019 ਨੂੰ ਇਕ ਆਤਮਘਾਤੀ ਬੰਬ ਹਮਲਾਵਰ ਨੇ ਵਿਸਫੋਟਕਾਂ ਨਾਲ ਭਰੀ ਇਕ ਕਾਰ ਦੇ ਸੀ.ਆਰ.ਪੀ.ਐੱਫ. ਦੇ ਕਾਫਲੇ 'ਚ ਉੱਡਾ ਦਿੱਤਾ ਸੀ। ਐੱਨ.ਆਈ.ਏ. ਨੇ ਸ਼੍ਰੀਨਗਰ ਦੇ ਬਾਗ-ਏ-ਮੇਹਤਾਬ ਇਲਾਕੇ ਦੇ ਵਜੀਰ-ਉਲ-ਇਸਲਾਮ (19) ਅਤੇ ਪੁਲਵਾਮਾ ਦੇ ਹਕਰੀਪੁਰਾ ਪਿੰਡ ਦੇ ਮੁਹੰਮਦ ਅੱਬਾਸ ਰਾਠੇਰ (32) ਨੂੰ ਗ੍ਰਿਫਤਾਰ ਕੀਤਾ। ਇਸ ਦੇ ਨਾਲ ਹੀ ਇਸ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਗਿਣਤੀ ਹੁਣ 5 ਹੋ ਗਈ ਹੈ।
ਆਨਲਾਈਨ ਸ਼ਾਪਿੰਗ ਅਕਾਊਂਟ ਦੀ ਕੀਤੀ ਗਈ ਵਰਤੋਂ
ਇਸ ਤੋਂ ਪਹਿਲਾਂ ਇਕ ਪਿਓ-ਧੀ ਅਤੇ ਆਤਮਘਾਤੀ ਬੰਬ ਹਮਲਾਵਰ ਦੇ ਕਰੀਬੀ ਨੂੰ 2 ਹੋਰ ਮੁਹਿੰਮਾਂ 'ਚ ਗ੍ਰਿਫਤਾਰ ਕੀਤਾ ਗਿਆ ਸੀ। ਇਕ ਅਧਿਕਾਰੀ ਨੇ ਕਿਹਾ,''ਸ਼ੁਰੂਆਤੀ ਪੁੱਛ-ਗਿੱਛ 'ਚ ਇਸਲਾਮ ਨੇ ਖੁਲਾਸਾ ਕੀਤਾ ਕਿ ਜੈਸ਼-ਏ-ਮੁਹੰਮਦ ਦੇ ਪਾਕਿਸਤਾਨੀ ਅੱਤਵਾਦੀਆਂ ਦੇ ਨਿਰਦੇਸ਼ 'ਤੇ ਉਸ ਨੇ ਆਈ.ਈ.ਡੀ. ਬਣਾਉਣ ਲਈ ਰਸਾਇਣ, ਬੈਟਰੀਆਂ ਅਤੇ ਹੋਰ ਸਮੱਗਰੀ ਖਰੀਦਣ ਲਈ ਆਪਣੇ ਆਨਲਾਈਨ ਸ਼ਾਪਿੰਗ ਅਕਾਊਂਟ ਦੀ ਵਰਤੋਂ ਕੀਤੀ।''
ਇਸ ਤਰ੍ਹਾਂ ਜੈਸ਼ ਅੱਤਵਾਦੀਆਂ ਤੱਕ ਪਹੁੰਚਾਇਆ ਗਿਆ ਰਸਾਇਣ
ਉਨ੍ਹਾਂ ਨੇ ਦੱਸਿਆ ਕਿ ਪੁਲਵਾਮਾ ਹਮਲੇ ਦੀ ਸਾਜਿਸ਼ ਦੇ ਅਧੀਨ ਇਸਲਾਮ ਨੇ ਇਹ ਚੀਜ਼ਾਂ ਆਨਲਾਈਨ ਮੰਗਵਾ ਕੇ ਉਨ੍ਹਾਂ ਨੂੰ ਖੁਦ ਜੈਸ਼ ਅੱਤਵਾਦੀਆਂ ਤੱਕ ਪਹੁੰਚਾਇਆ। ਅਧਿਕਾਰੀ ਨੇ ਕਿਹਾ,''ਰਾਠੇਰ ਵੀ ਜੈਸ਼ ਲਈ ਕੰਮ ਕਰਦਾ ਹੈ। ਉਸ ਨੇ ਖੁਲਾਸਾ ਕੀਤਾ ਹੈ ਕਿ ਜਦੋਂ ਜੈਸ਼ ਅੱਤਵਾਦੀ ਅਤੇ ਆਈ.ਈ.ਡੀ. ਮਾਹਰ ਮੁਹੰਮਦ ਉਮਰ ਅਪ੍ਰੈਲ-ਮਈ 2018 'ਚ ਕਸ਼ਮੀਰ ਪਹੁੰਚਿਆ, ਉਦੋਂ ਉਸ ਨੇ ਉਸ ਨੂੰ ਆਪਣੇ ਘਰ ਰੱਖਿਆ ਸੀ।'' ਉਨ੍ਹਾਂ ਨੇ ਦੱਸਿਆ ਕਿ ਇਸਲਾਮ ਅਤੇ ਰਾਠੇਰ ਨੂੰ ਸ਼ਨੀਵਾਰ ਨੂੰ ਜੰਮੂ 'ਚ ਵਿਸ਼ੇਸ਼ ਐੱਨ.ਆਈ.ਏ. ਕੋਰਟ 'ਚ ਪੇਸ਼ ਕੀਤਾ ਜਾਵੇਗਾ। ਮਾਮਲੇ ਦੀ ਜਾਂਚ ਜਾਰੀ ਹੈ। ਐੱਨ.ਆਈ.ਏ. ਨੇ ਪੁਲਵਾਮਾ ਹਮਲਾ ਮਾਮਲੇ ਦੀ ਜਾਂਚ ਆਪਣੇ ਹੱਥ 'ਚ ਲਈ।