ਪੁਡੂਚੇਰੀ ਦੇ ਮੁੱਖ ਮੰਤਰੀ ਦਾ ਧਰਨਾ ਖਤਮ, ਬੇਦੀ ਨੇ ਜ਼ਾਹਰ ਕੀਤੀ ਖੁਸ਼ੀ

02/19/2019 2:32:52 PM

ਪੁਡੂਚੇਰੀ— ਪੁਡੂਚੇਰੀ ਦੇ ਮੁੱਖ ਮੰਤਰੀ ਵੀ. ਨਾਰਾਇਣਸਾਮੀ ਨੇ ਰਾਜ ਦੀ ਉੱਪ ਰਾਜਪਾਲ ਕਿਰਨ ਬੇਦੀ ਨਾਲ ਆਪਣੇ ਮੁੱਦਿਆਂ 'ਤੇ ਚਰਚਾ ਤੋਂ ਬਾਅਦ ਆਪਣਾ ਧਰਨਾ ਖਤਮ ਕਰ ਦਿੱਤਾ, ਜਿਸ 'ਤੇ ਉੱਪ ਰਾਜਪਾਲ ਨੇ ਮੰਗਲਵਾਰ ਨੂੰ ਖੁਸ਼ੀ ਜ਼ਾਹਰ ਕੀਤੀ। ਬਜ਼ੁਰਗ ਅਤੇ ਵਿਧਾਨ ਪੈਨਸ਼ਨ ਯੋਜਨਾਵਾਂ ਦੇ ਅਧੀਨ ਮਦਦ ਰਾਸ਼ੀ ਵਧਾਉਣ ਸਮੇਤ ਕਈ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਧਰਨੇ 'ਤੇ ਬੈਠੇ ਸਨ। ਸਾਬਕਾ ਆਈ.ਪੀ.ਐੱਸ. ਅਧਿਕਾਰੀ ਕਿਰਨ ਬੇਦੀ ਨੇ ਨਾਰਾਇਣਸਾਮੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਸਹਿਯੋਗੀਆਂ ਨਾਲ ਸੋਮਵਾਰ ਨੂੰ ਮੁਲਾਕਾਤ ਕੀਤੀ ਅਤੇ ਕਿਹਾ,''ਇਸ ਬੈਠਕ ਨੇ ਮੁੱਦਿਆਂ 'ਤੇ ਸਪੱਸ਼ਟੀਕਰਨ ਅਤੇ ਉਨ੍ਹਾਂ ਨੂੰ ਇਕਸਾਰ ਕਰਨ 'ਚ ਮਦਦ ਕੀਤੀ।'' ਉਨ੍ਹਾਂ ਨੇ ਮੀਡੀਆ ਨੂੰ ਭੇਜੇ ਵਟਸਐੱਪ ਸੰਦੇਸ਼ 'ਚ ਕਿਹਾ,''ਮੈਂ ਖੁਸ਼ ਹਾਂ ਕਿ ਪੁਡੂਚੇਰੀ ਸਰਕਾਰ ਕੰਮ 'ਤੇ ਵਾਪਸ ਆਈ ਹੈ ਅਤੇ ਹੁਣ ਉਨ੍ਹਾਂ ਦੇ ਦਫ਼ਤਰ ਆ ਕੇ ਮਿਲਣ ਵਾਲੇ ਯਾਤਰੀਆਂ ਲਈ ਰਾਜ ਨਿਵਾਸ ਵਲੋਂ ਆਉਣ ਵਾਲੀ ਸੜਕ ਖੁੱਲ੍ਹ ਜਾਵੇਗੀ।'' 

ਨਾਰਾਇਣਸਾਮੀ ਪਿਛਲੇ 6 ਦਿਨਾਂ ਤੋਂ ਰਾਜ ਨਿਵਾਸ ਦੇ ਬਾਹਰ ਧਰਨੇ 'ਤੇ ਬੈਠੇ ਸਨ। ਨਾਰਾਇਣਸਾਮੀ ਅਨੁਸਾਰ, ਉਨ੍ਹਾਂ ਦੀਆਂ ਯੋਜਨਾਵਾਂ ਅਤੇ ਪ੍ਰਸ਼ਾਸਨਿਕ ਆਦੇਸ਼ਾਂ ਨੂੰ ਬੇਦੀ ਤੋਂ ਮਨਜ਼ੂਰੀ ਨਾ ਮਿਲਣ ਦੇ ਵਿਰੋਧ 'ਚ ਉਹ ਧਰਨੇ 'ਤੇ ਬੈਠੇ ਸਨ। ਉਨ੍ਹਾਂ ਨੇ 7 ਫਰਵਰੀ ਨੂੰ ਬੇਦੀ ਨੂੰ ਪੱਤਰ ਲਿਖ ਕੇ ਆਪਣੀਆਂ ਮੰਗਾਂ ਅਤੇ ਮੁੱਦਿਆਂ ਦਾ ਜ਼ਿਕਰ ਕੀਤਾ ਸੀ। ਦੋਹਾਂ ਪੱਖਾਂ ਦਰਮਿਆਨ ਮੁੱਦਿਆਂ ਨੂੰ ਸੁਲਝਾਉਣ ਲਈ ਸੋਮਵਾਰ ਦੀ ਬੈਠਕ ਕਰੀਬ 4.30 ਘੰਟੇ ਚੱਲੀ। ਬੈਠਕ ਤੋਂ ਬਾਅਦ ਉੱਪ ਰਾਜਪਾਲ ਦੇ ਘਰ ਦੇ ਬਾਹਰ ਨਾਰਾਇਣਸਾਮੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਪ੍ਰਦਰਸ਼ਨ  ਹੁਣ ਖਤਮ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ ਹੀ 20 ਅਤੇ 21 ਫਰਵਰੀ ਨੂੰ ਪ੍ਰਸਤਾਵਿਤ ਜੇਲ ਭਰੋ ਅਤੇ ਭੁੱਖ-ਹੜਤਾਲ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਕਿਹਾ,''ਵੱਖ-ਵੱਖ ਮੁੱਦਿਆਂ 'ਤੇ ਕਿਰਨ ਬੇਦੀ ਨਾਲ ਆਪਣੀ ਨੁਮਾਇੰਦਗੀ 'ਚ ਸਾਨੂੰ ਸਫ਼ਲਤਾ ਮਿਲੀ ਹੈ। ਗੁਆਂਢੀ ਦੇਸ਼ ਤਾਮਿਲਨਾਡੂ ਤੋਂ ਦਰਮੁਕ ਨੇਤਾ ਐੱਮ.ਕੇ. ਸਟਾਲਿਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਕਈ ਨੇਤਾ ਨਾਰਾਇਣਸਾਮੀ ਦੇ ਪ੍ਰਦਰਸ਼ਨ ਸਥਾਨ 'ਤੇ ਉਨ੍ਹਾਂ ਨੂੰ ਮਿਲਣ ਪੁੱਜੇ ਸਨ। ਪ੍ਰਦਰਸ਼ਨ ਦੌਰਾਨ ਰਾਜ ਨਿਵਾਸ ਵੱਲ ਆਉਣ ਵਾਲੀ ਸੜਕ ਦੀ ਘੇਰਾਬੰਦੀ ਕਰ ਦਿੱਤੀ ਗਈ ਸੀ ਅਤੇ ਲੋਹੇ ਦੇ ਬੈਰੀਕੇਡ ਲਗਾਏ ਗਏ ਸਨ।


DIsha

Content Editor

Related News