ਪਾਕਿਸਤਾਨੀ PMLN ਨੇਤਾ ਨੇ ਸਿੱਖਾਂ ’ਤੇ ਦਿੱਤਾ ਵਿਵਾਦਤ ਬਿਆਨ, ਘਿਰਨ ਤੋਂ ਬਾਅਦ ਮੰਗੀ ਮੁਆਫ਼ੀ
Sunday, Jun 30, 2024 - 10:35 AM (IST)
ਗੁਰਦਾਸਪੁਰ (ਵਿਨੋਦ) : ਪਾਕਿਸਤਾਨ ਪੀ. ਐੱਮ. ਐੱਲ. ਐੱਨ. ਦੇ ਆਗੂ ਅਤੇ ਫੈਸਲਾਬਾਦ ਦੇ ਡਿਪਟੀ ਮੇਅਰ ਅਮੀਨ ਭੱਟ ਨੇ ਸਿੱਖ ਭਾਈਚਾਰੇ ਬਾਰੇ ਇਤਰਾਜ਼ਯੋਗ ਬਿਆਨ ਜਾਰੀ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਫੈਸਲਾਬਾਦ ਵਿਚ ਸਿੱਖਾਂ ਨੂੰ ਗੁਰਦੁਆਰਾ ਨਹੀਂ ਖੋਲ੍ਹਣ ਦਿੱਤਾ ਜਾਵੇਗਾ। ਇਥੋਂ ਤਕ ਕਿਹਾ ਗਿਆ ਸੀ ਕਿ ਸਿੱਖ ਕੌਮ ਮੁਸਲਮਾਨਾਂ ਦੀ ਦੁਸ਼ਮਣ ਹੈ, ਜਿਸ ਤੋਂ ਬਾਅਦ ਉਸ ਨੇ ਆਪਣੇ ਬਿਆਨ ਲਈ ਸਿੱਖ ਕੌਮ ਤੋਂ ਮੁਆਫੀ ਮੰਗੀ ਹੈ।
ਸਰਹੱਦ ਪਾਰਲੇ ਸੂਤਰਾਂ ਅਨੁਸਾਰ ਪਾਕਿਸਤਾਨ ਨੂੰ ਇਕ ਵਾਰ ਫਿਰ ਸਿੱਖ ਕੌਮ ਖ਼ਿਲਾਫ਼ ਬਿਆਨਬਾਜ਼ੀ ਕਰਨੀ ਔਖੀ ਲੱਗ ਗਈ ਹੈ, ਜਿਸ ਕਾਰਨ ਪਾਕਿਸਤਾਨ ਦੇ ਆਗੂ ਸਿੱਖ ਕੌਮ ਤੋਂ ਮੁਆਫੀ ਮੰਗਦੇ ਨਜ਼ਰ ਆਏ।
ਪਾਕਿਸਤਾਨ ਮੁਸਲਿਮ ਲੀਗ-ਐੱਨ. ਪਾਰਟੀ ਦੇ ਆਗੂ ਅਤੇ ਫੈਸਲਾਬਾਦ ਦੇ ਡਿਪਟੀ ਮੇਅਰ ਅਮੀਨ ਭੱਟ ਨੇ ਇਕ ਦਿਨ ਪਹਿਲਾਂ ਹੀ ਸਿੱਖ ਭਾਈਚਾਰੇ ਖ਼ਿਲਾਫ਼ ਬਿਆਨ ਦਿੱਤਾ ਸੀ, ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਅਤੇ ਇਹ ਬਿਆਨ ਉਸ ’ਤੇ ਭਾਰੀ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਬਿਆਨ ’ਤੇ ਸਪੱਸ਼ਟੀਕਰਨ ਦਿੰਦੇ ਹੋਏ ਸਿੱਖ ਕੌਮ ਤੋਂ ਮੁਆਫੀ ਮੰਗਣੀ ਪਈ।
ਅਮੀਨਾ ਭੱਟ ਨੇ ਕਿਹਾ ਸੀ ਕਿ ਅਸੀਂ ਸਿੱਖਾਂ ਨੂੰ ਗੁਰਦੁਆਰਾ ਨਹੀਂ ਖੋਲ੍ਹਣ ਦੇਵਾਂਗੇ। ਫੈਸਲਾਬਾਦ ਸਿੱਖਾਂ ਨੂੰ ਗੁਰਦੁਆਰਾ ਨਹੀਂ ਖੋਲ੍ਹਣ ਦੇਵੇਗਾ। ਸਿੱਖ ਬਲਾਤਕਾਰੀ ਅਤੇ ਮੁਸਲਮਾਨਾਂ ਦੇ ਕਾਤਲ ਹਨ। ਅਸੀਂ ਫੈਸਲਾਬਾਦ ਵਿਚ ਕਿਸੇ ਵੀ ਗੁਰਦੁਆਰੇ ਦੀ ਇਜਾਜ਼ਤ ਨਹੀਂ ਦੇਵਾਂਗੇ। ਜੇਕਰ ਸਿੱਖ ਇਸ ਨੂੰ ਬਣਾਉਣ ਦੀ ਕੋਸ਼ਿਸ਼ ਕਰਨਗੇ ਤਾਂ ਉਹ ਅੱਲ੍ਹਾ ਦੇ ਲੜਨ ਵਾਲਿਆਂ ਦਾ ਸਾਹਮਣਾ ਕਰਨਗੇ।