ਅਕਾਲੀ ਦਲ ਦਾ ਅੰਦਰੂਨੀ ਕਲੇਸ਼ ਸਿਖ਼ਰਾਂ ’ਤੇ, ਸੋਸ਼ਲ ਮੀਡੀਆ ’ਤੇ ਖੁੱਲ੍ਹ ਕੇ ਇਕ-ਦੂਜੇ ਖ਼ਿਲਾਫ਼ ਬੋਲਣ ਲੱਗੇ ਆਗੂ

06/30/2024 12:23:54 PM

ਚੰਡੀਗੜ੍ਹ (ਅੰਕੁਰ ) - ਸ਼੍ਰੋਮਣੀ ਅਕਾਲੀ ਦਲ ’ਚ ਅੱਜਕੱਲ੍ਹ ਅੰਦਰੂਨੀ ਕਲੇਸ਼ ਛਿੜਿਆ ਹੋਇਆ ਹੈ। ਪਾਰਟੀ ਦਾ ਇਕ ਧੜਾ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਅਹੁਦੇ ਤੋਂ ਹਟਾਉਣ ਦੀ ਮੰਗ ਕਰ ਰਿਹਾ ਹੈ ਤੇ ਦੂਜਾ ਧੜਾ ਚੱਟਾਨ ਵਾਂਗ ਉਨ੍ਹਾਂ ਨਾਲ ਖੜ੍ਹਾ ਹੈ। ਇਹ ਕਲੇਸ਼ ਇੰਨਾ ਵਧ ਗਿਆ ਹੈ ਕਿ ਪਾਰਟੀ ਦੇ ਆਗੂ ਇਕ-ਦੂਜੇ ਖ਼ਿਲਾਫ਼ ਨਿੱਜੀ ਗੱਲਾਂ ਵੀ ਉਜਾਗਰ ਕਰਨ ਲੱਗ ਗਏ ਹਨ।

ਸੁਖਬੀਰ ਬਾਦਲ ਦੇ ਪੱਖ ਦੇ ਲੀਡਰਾਂ ਦਾ ਕਹਿਣਾ ਹੈ ਕਿ ਦੂਜੇ ਧੜੇ ਵਾਲੇ ਅਹੁਦਿਆਂ ਦੇ ਭੁੱਖੇ ਹਨ ਜਦਕਿ ਇਨ੍ਹਾਂ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਦੀ ਨਜ਼ਦੀਕੀ ਟੋਲੀ ਸਾਡੀ ਗੱਲ ਅੱਗੇ ਨਹੀਂ ਰੱਖਣ ਦਿੰਦੀ ਤੇ ਸਾਡੇ ਵਿਚਾਰ ਅਤੇ ਸੁਝਾਵਾਂ ’ਤੇ ਅਮਲ ਨਹੀਂ ਕਰਦੀ। ਇਸ ਸੰਕਟ ਲਈ ਬਾਦਲ ਪਰਿਵਾਰ ਭਾਜਪਾ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ।

ਇਕ ਬਾਗ਼ੀ ਆਗੂ ਨੇ ਕਿਹਾ ਕਿ ਥੋੜ੍ਹੇ ਦਿਨ ਰੁਕ ਜਾਓ, ਉਨ੍ਹਾਂ ਦੇ ਕੁਝ ਨੇਤਾ ਸਾਡੇ ਵੱਲ ਦੇਖਣ ਨੂੰ ਮਿਲਣਗੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਪਾਰਟੀ ਕੋਰ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਸਰਨਾ ਨੇ ਇਸ ਬਗ਼ਾਵਤ ਨੂੰ ‘ਆਪ੍ਰੇਸ਼ਨ ਲੋਟਸ’ ਕਰਾਰ ਦਿੱਤਾ ਹੈ। ਹਰਸਿਮਰਤ ਕੌਰ ਬਾਦਲ ਨੇ ਬਾਗ਼ੀਆਂ ਨੂੰ ਭਾਜਪਾ ਦੀਆਂ ਕਥਿਤ ‘ਕਠਪੁਤਲੀਆਂ’ ਕਰਾਰ ਦਿੱਤਾ ਹੈ। ਦੂਜੇ ਪਾਸੇ 1 ਜੁਲਾਈ ਨੂੰ ਪਾਰਟੀ ਦਾ ਬਾਗ਼ੀ ਧੜਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕ ਕੇ ਪੁਰਾਣੀਆਂ ਗ਼ਲਤੀਆਂ ਦੀ ਮੁਆਫ਼ੀ ਮੰਗੇਗਾ। ਇਸ ਤੋਂ ਬਾਅਦ ਬਾਗ਼ੀ ਧੜੇ ਵੱਲੋਂ ਨਵਾਂ ਅਕਾਲੀ ਦਲ ਬਣਾਉਣ ਦੀ ਪੂਰੀ ਸੰਭਾਵਨਾ ਹੈ। ਇਸ ਸਬੰਧੀ ਸਿੱਧੇ ਤੌਰ ’ਤੇ ਕੋਈ ਨੇਤਾ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ।

ਪਰਿਵਾਰਵਾਦ ਨੂੰ ਉਤਸ਼ਾਹਿਤ ਕਰ ਰਹੇ ਨੇ ਆਗੂ : ਚੀਮਾ

ਜਿੱਥੇ ਇਕ ਪਾਸੇ ਬਾਗ਼ੀ ਆਗੂਆਂ ਦੇ ਬਾਗ਼ੀ ਹੋਣ ਦਾ ਕਾਰਨ ਝੂੰਦਾਂ ਕਮੇਟੀ ਹੈ, ਉੱਥੇ ਹੀ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਹਨ। ਉਨ੍ਹਾਂ ਕਿਹਾ ਕਿ ਪਾਰਟੀ ਤੋਂ ਬਾਗ਼ੀ ਹੋਏ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਕੁਝ ਦਿੱਤਾ ਹੈ ਪਰ ਇਹ ਲੋਕ ਪਰਿਵਾਰਵਾਦ ਨੂੰ ਉਤਸ਼ਾਹਿਤ ਕਰ ਰਹੇ ਹਨ।

ਕਈ ਰੁੱਸੇ ਆਗੂਆਂ ਨੂੰ ਮਨਾਉਣ ’ਚ ਕਾਮਯਾਬ ਹੋਏ ਪ੍ਰਧਾਨ

ਇਸ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਦੇ ਪਰਿਵਾਰ ਤੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਅਕਾਲੀ ਦਲ ਤੋਂ ਵੱਖ ਹੋ ਕੇ ਆਪਣਾ ਵੱਖਰਾ ਧੜਾ ਬਣਾ ਲਿਆ ਸੀ। ਹਾਲਾਂਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ’ਤੇ ਆਪਣੀ ਪਕੜ ਬਣਾਈ ਰੱਖਣ ’ਚ ਕਾਮਯਾਬ ਰਹੇ ਤੇ ਦੋਵਾਂ ਨੂੰ ਵਾਪਸ ਲਿਆਉਣ ’ਚ ਸਫਲ ਰਹੇ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬ੍ਰਹਮਪੁਰਾ ਅਕਾਲੀ ਦਲ ’ਚ ਵਾਪਸ ਆ ਗਏ ਸਨ ਜਦਕਿ ਢੀਂਡਸਾ ਵੀ ਇਸ ਵਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ’ਚ ਸ਼ਾਮਲ ਹੋ ਗਏ ਸਨ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਤੇ ਸਾਬਕਾ ਵਿਧਾਇਕ ਜਗੀਰ ਕੌਰ ਨੂੰ ਵੀ ਮਨਾ ਲਿਆ ਸੀ।

ਸੁਖਬੀਰ ਬਾਦਲ ਵੱਲੋਂ ਮੁਆਫ਼ੀ ਮੰਗਣ ਦਾ ਤਰੀਕਾ ਸਹੀ ਨਹੀਂ ਸੀ : ਬੀਬੀ ਜਗੀਰ ਕੌਰ

ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੌਮ ਤੋਂ ਮੁਆਫ਼ੀ ਮੰਗਣ ਦਾ ਤਰੀਕਾ ਸਹੀ ਨਹੀਂ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਜਾ ਕੇ ਫ਼ਰਿਆਦ ਕਰਨ, ਮੁਆਫ਼ੀ ਮੰਗਣ ਲਈ ਇਕ ਸਿਧਾਂਤ ਤੇ ਵਿਧੀ-ਵਿਧਾਨ ਹੈ। ਪਹਿਲਾਂ ਚਿੱਠੀ ਲਿਖ ਕੇ ਭੇਜਣੀ ਹੁੰਦੀ ਹੈ ਕਿ ਅਸੀਂ ਤੁਹਾਡੇ ਕੋਲੋਂ ਮੁਆਫ਼ੀ ਮੰਗਣੀ ਹੈ। ਫਿਰ ਸਮਾਂ ਮੰਗਿਆ ਜਾਂਦਾ ਹੈ ਤੇ ਪੰਜ ਸਿੰਘ ਸਾਹਿਬਾਨ ਇਕੱਠੇ ਹੁੰਦੇ ਹਨ, ਚਿੱਠੀ ’ਤੇ ਵਿਚਾਰ ਚੱਲਦੀ ਹੈ, ਜਿਸ ਤੋਂ ਬਾਅਦ ਜਿੰਨਾ ਕੁ ਦੋਸ਼ ਪਾਇਆ ਜਾਂਦਾ ਹੈ, ਉਸ ਮੁਤਾਬਕ ਸੇਵਾ ਲਾਈ ਜਾਂਦੀ ਹੈ।

ਪਾਰਟੀ ਦੀਆਂ ਰਵਾਇਤਾਂ ਅਨੁਸਾਰ ਕੀਤੀ ਜਾਵੇ ਅਗਵਾਈ : ਚੰਦੂਮਾਜਰਾ

ਬਾਗ਼ੀ ਆਗੂਆਂ ਦੀ ਅਗਵਾਈ ਕਰ ਰਹੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ 1 ਜੁਲਾਈ ਨੂੰ ਅਸੀਂ ਸਾਰੇ ਅਕਾਲੀ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਾਂਗੇ। ਉੱਥੋਂ ਅਸੀਂ ‘ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ’ ਸ਼ੁਰੂ ਕਰਾਂਗੇ। ਇਸ ’ਚ ਅਕਾਲੀ ਦਲ ਦੇ ਸੀਨੀਅਰ ਆਗੂ ਵੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਧਾਰਮਿਕ ਤੇ ਰਾਜਨੀਤਕ ਸ਼ਖ਼ਸੀਅਤ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਰਵਾਇਤਾਂ ਅਨੁਸਾਰ ਅਗਵਾਈ ਕਰਨੀ ਚਾਹੀਦੀ ਹੈ। ਸੁਖਬੀਰ ਬਾਦਲ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ।

ਕੁਝ ਭਾਜਪਾ ਵਾਲੇ ਕਰ ਰਹੇ ਨੇ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ : ਹਰਸਿਮਰਤ

ਸ਼੍ਰੋਮਣੀ ਅਕਾਲੀ ਦਲ ਦੇ ਇਕਲੌਤੇ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਇਕਮੁੱਠ ਹੈ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਕੁਝ ਬੰਦੇ ਸ਼੍ਰੋਮਣੀ ਅਕਾਲੀ ਦਲ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਕੁਝ ਲੋਕ ਮਹਾਰਾਸ਼ਟਰ ਵਰਗੀ ਘਟਨਾ ਪੰਜਾਬ ’ਚ ਦੁਹਰਾਉਣਾ ਚਾਹੁੰਦੇ ਹਨ।

ਟਿਕਟ ਨਾ ਮਿਲਣ ’ਤੇ ਹੋ ਗਏ ਪਾਰਟੀ ਦੇ ਵਿਰੁੱਧ : ਕਲੇਰ

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਦਾ ਕਹਿਣਾ ਹੈ ਕਿ ਸਿਕੰਦਰ ਸਿੰਘ ਮਲੂਕਾ ਆਪਣੇ ਪਰਿਵਾਰ ਲਈ ਟਿਕਟ ਮੰਗਦੇ ਸਨ। ਜਦੋਂ ਉਨ੍ਹਾਂ ਨੂੰ ਟਿਕਟ ਨਾ ਦਿੱਤੀ ਗਈ ਤਾਂ ਉਨ੍ਹਾਂ ਦੀ ਨੂੰਹ ਪਰਮਪਾਲ ਕੌਰ ਨੇ ਭਾਜਪਾ ਤੋਂ ਚੋਣ ਲੜੀ ਤੇ ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਭਾਜਪਾ ’ਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਇੰਨਾ ਦੁੱਖ ਇਸ ਕਰਕੇ ਨਹੀਂ ਸੀ ਕਿ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ, ਉਨ੍ਹਾਂ ਨੂੰ ਦੁੱਖ ਇਹ ਸੀ ਕਿ ਚੰਦੂਮਾਜਰਾ ਪਰਿਵਾਰ ਨੂੰ ਟਿਕਟ ਮਿਲ ਗਈ। ਇਸ ਤੋਂ ਇਲਾਵਾ ਉਨ੍ਹਾਂ ਦਾ ਕਹਿਣਾ ਹੈ ਕਿ ਚਰਨਜੀਤ ਸਿੰਘ ਬਰਾੜ ਨੂੰ ਵੀ ਟਿਕਟ ਨਹੀਂ ਦਿੱਤੀ ਗਈ। ਉਨ੍ਹਾਂ ਨੂੰ ਵੀ ਦੁੱਖ ਇਸ ਗੱਲ ਦਾ ਸੀ ਕਿ ਜੂਨੀਅਰ ਨੇਤਾ ਨੂੰ ਟਿਕਟ ਮਿਲ ਗਈ, ਜੋ ਉਨ੍ਹਾਂ ਤੋਂ ਬਰਦਾਸ਼ਤ ਨਹੀਂ ਹੋ ਸਕਿਆ। ਇਸੇ ਤਰ੍ਹਾਂ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਨਹੀਂ ਦਿੱਤੀ ਗਈ ਤਾਂ ਢੀਂਡਸਾ ਪਰਿਵਾਰ ਬਾਦਲ ਪਰਿਵਾਰ ਦੇ ਵਿਰੁੱਧ ਹੋ ਗਿਆ।

ਇਨ੍ਹਾਂ ਨੂੰ ਪਾਰਟੀ ਦੀ ਨਹੀਂ ਸਗੋਂ ਆਪਣੀ ਫ਼ਿਕਰ : ਬੈਂਸ

ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਲਾਹਕਾਰ ਰਹੇ ਹਰਚਰਨ ਬੈਂਸ ਦਾ ਕਹਿਣਾ ਹੈ ਬਾਗ਼ੀ ਦੱਸਣ ਕਿ ਜਿਹੜੇ ਪਰਿਵਾਰਵਾਦ ਦਾ ਦੋਸ਼ ਉਹ ਬਾਦਲ ਪਰਿਵਾਰ ਉੱਪਰ ਲਾ ਰਹੇ ਹਨ, ਕੀ ਉਹ ਆਪਣਾ ਪਰਿਵਾਰਵਾਦ ਨਹੀਂ ਚਲਾ ਰਹੇ। ਇਹ ਸਭ ਭੰਡਣ ਲਈ ਆਪਣੇ ਵੱਲੋਂ ਪੈਦਾ ਕੀਤੇ ਹੋਏ ਫਿਕਰੇ ਹਨ, ਅਸਲ ਕਹਾਣੀ ਕੋਈ ਹੋਰ ਹੈ। ਇਨ੍ਹਾਂ ਨੂੰ ਪਾਰਟੀ ਦੀ ਨਹੀਂ ਸਗੋਂ ਆਪਣੀ ਫ਼ਿਕਰ ਹੈ ।

ਭਾਜਪਾ ਦੇ ਹੱਥਾਂ ’ਚ ਖੇਡ ਕੇ ਕਰ ਰਹੇ ਕਿਰਦਾਰਕੁਸ਼ੀ : ਢਾਂਡਾ

ਸੀਨੀਅਰ ਅਕਾਲੀ ਨੇਤਾ ਹਰੀਸ਼ ਰਾਏ ਢਾਂਡਾ ਦਾ ਕਹਿਣਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਹੁਤ ਵਾਰੀ ਕਿਹਾ ਹੈ ਕਿ ਉਹ ਅਸਤੀਫ਼ਾ ਦੇਣ ਨੂੰ ਤਿਆਰ ਹਨ, ਪਾਰਟੀ ਫ਼ੈਸਲਾ ਕਰ ਲਵੇ। ਇਹ ਜਿਹੜੇ ਬਾਗ਼ੀ ਹਨ , ਇਹ ਜਾਣ-ਬੁੱਝ ਕੇ ਪੂਰੀ ਸਾਜ਼ਿਸ਼ ਅਧੀਨ ਉਨ੍ਹਾਂ ਦੀ ਕਿਰਦਾਰਕੁਸ਼ੀ ਕਰ ਰਹੇ ਹਨ। ਇਹ ਸਾਰੇ ਭਾਜਪਾ ਦੇ ਹੱਥਾਂ ’ਚ ਖੇਡ ਰਹੇ ਹਨ। ਸਮਾਂ ਇਨ੍ਹਾਂ ਨੂੰ ਸ਼ੀਸ਼ਾ ਦਿਖਾ ਦੇਵੇਗਾ।

ਕੁਝ ਸਲਾਹਕਾਰ ਬਣ ਬੈਠੇ ਪਾਰਟੀ ਦੇ ਥਾਣੇਦਾਰ : ਬਰਾੜ

ਸੁਖਬੀਰ ਸਿੰਘ ਬਾਦਲ ਦੇ ਓ. ਐੱਸ. ਡੀ. ਰਹੇ ਚਰਨਜੀਤ ਸਿੰਘ ਬਰਾੜ ਦਾ ਕਹਿਣਾ ਹੈ ਕਿ ਮੇਰੇ ਵੱਲੋਂ ਸਮੇਂ-ਸਮੇਂ ’ਤੇ ਪਾਰਟੀ ਨੂੰ ਸੁਝਾਅ ਦਿੱਤੇ ਗਏ ਸਨ ਪਰ ਉਨ੍ਹਾਂ ’ਤੇ ਅਮਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਦੇ ਕੁਝ ਸਲਾਹਕਾਰ ਪਾਰਟੀ ਦੇ ਥਾਣੇਦਾਰ ਬਣੇ ਬੈਠੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਬਦਨਾਮ ਕਰਨ ਨਾਲ ਪਾਰਟੀ ਮਜ਼ਬੂਤ ਨਹੀਂ ਹੋਵੇਗੀ।


Harinder Kaur

Content Editor

Related News