ਇਹ ਸੀ ਮੈਚ ਦਾ ਉਹ ਟਰਨਿੰਗ ਪੁਆਇੰਟ, ਜਿੱਥੋਂ ਭਾਰਤ ਨੇ ਦੱਖਣੀ ਅਫ਼ਰੀਕਾ ਦੇ ਜਬਾੜੇ ''ਚੋਂ ਖਿੱਚ ਲਈ ''ਟਰਾਫ਼ੀ''
Sunday, Jun 30, 2024 - 05:04 AM (IST)
ਸਪੋਰਟਸ ਡੈਸਕ- ਭਾਰਤ ਨੇ ਅਮਰੀਕਾ ਤੇ ਵੈਸਟਇੰਡੀਜ਼ 'ਚ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ 'ਚ ਦੱਖਣੀ ਅਫਰੀਕਾ ਨੂੰ ਹਰਾ ਕੇ ਖ਼ਿਤਾਬ 'ਤੇ ਕਬਜ਼ਾ ਕਰ ਲਿਆ ਹੈ। ਇਹ 13 ਸਾਲਾਂ ਬਾਅਦ ਹੋਇਆ ਹੈ, ਜਦੋਂ ਭਾਰਤ ਨੇ ਵਿਸ਼ਵ ਕੱਪ ਖ਼ਿਤਾਬ 'ਤੇ ਕਬਜ਼ਾ ਕੀਤਾ ਹੈ। ਭਾਰਤੀ ਕਪਤਾਨ ਦੀ ਸ਼ਾਨਦਾਰ ਅਗਵਾਈ 'ਚ ਭਾਰਤ ਨੇ ਬੇਹੱਦ ਰੋਮਾਂਚਕ ਮੁਕਾਬਲੇ 'ਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਦੂਜੀ ਵਾਰ ਟੀ-20 ਵਿਸ਼ਵ ਕੱਪ ਖ਼ਿਤਾਬ 'ਤੇ ਕਬਜ਼ਾ ਕੀਤਾ ਹੈ।
ਇਸ ਮੁਕਾਬਲੇ 'ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵਿਰਾਟ ਕੋਹਲੀ ਤੇ ਅਕਸ਼ਰ ਪਟੇਲ ਦੀਆਂ ਤਾਬੜਤੋੜ ਪਾਰੀਆਂ ਦੀ ਬਦੌਲਤ 176 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ 'ਚ ਅਫਰੀਕੀ ਟੀਮ ਭਾਰਤ ਦੀ ਸ਼ਾਨਦਾਰ ਗੇਂਦਬਾਜ਼ੀ ਦਾ ਸਾਹਮਣਾ ਕਰਦੇ ਹੋਏ 20 ਓਵਰਾਂ 'ਚ ਸਿਰਫ਼ 169 ਦੌੜਾਂ ਹੀ ਬਣਾ ਸਕੀ ਤੇ ਅੰਤ 'ਚ ਇਹ ਮੁਕਾਬਲਾ 7 ਦੌੜਾਂ ਨਾਲ ਹਾਰ ਗਈ। ਇਸ ਤਰ੍ਹਾਂ ਭਾਰਤ ਨੇ 2007 ਤੋਂ ਬਾਅਦ ਦੂਜੀ ਵਾਰ ਟੀ-20 ਵਿਸ਼ਵ ਕੱਪ ਖ਼ਿਤਾਬ 'ਤੇ ਕਬਜ਼ਾ ਕਰ ਲਿਆ ਹੈ।
ਪਰ ਇਹ ਜਿੱਤ ਭਾਰਤ ਲਈ ਬਿਲਕੁਲ ਵੀ ਆਸਾਨ ਨਹੀਂ ਸੀ। ਭਾਰਤ ਵਾਂਗ ਹੀ ਦੱਖਣੀ ਅਫਰੀਕਾ ਵੀ ਇਸ ਟੂਰਨਾਮੈਂਟ 'ਚ ਬਿਨਾਂ ਕੋਈ ਮੈਚ ਹਾਰੇ ਫਾਈਨਲ 'ਚ ਪਹੁੰਚੀ ਸੀ। ਇਸ ਕਾਰਨ ਦੋਵੇਂ ਹੀ ਟੀਮਾਂ ਆਤਮਵਿਸ਼ਵਾਸ ਨਾਲ ਭਰੀਆਂ ਹੋਈਆਂ ਸਨ। ਭਾਰਤ ਵੱਲੋਂ 177 ਦੌੜਾਂ ਦਾ ਟੀਚਾ ਕਰਨ ਉਤਰੇ ਅਫਰੀਕੀ ਬੱਲੇਬਾਜ਼ ਬਿਲਕੁਲ ਨਿਡਰ ਹੋ ਕੇ ਖੇਡ ਰਹੇ ਸਨ। ਓਪਨਰ ਕੁਇੰਟਨ ਡੀ-ਕੌਕ ਨੇ 31 ਗੇਂਦਾਂ 'ਚ 39 ਦੌੜਾਂ ਦੀ ਪਾਰੀ ਖੇਡੀ ਤੇ ਜਦੋਂ ਤੱਕ ਉਹ ਮੈਦਾਨ 'ਤੇ ਸੀ ਤਾਂ ਅਫਰੀਕਾ ਦੀ ਜਿੱਤ ਆਸਾਨ ਲੱਗ ਰਹੀ ਸੀ।
ਇਸ ਤੋਂ ਬਾਅਦ ਆਏ ਟ੍ਰਿਸਟਨ ਸਟੱਬਸ ਨੇ 21 ਗੇਂਦਾਂ 'ਚ 31 ਦੌੜਾਂ ਦੀ ਤਾਬੜਤੋੜ ਪਾਰੀ ਖੇਡ ਕੇ ਮੈਚ ਦਾ ਰੁਖ਼ ਆਪਣੇ ਵੱਲ ਮੋੜ ਲਿਆ। ਉਸ ਦੇ ਆਊਟ ਹੋਣ ਤੋਂ ਬਾਅਦ ਕ੍ਰੀਜ਼ 'ਤੇ ਆਏ ਹੈਨਰਿਕ ਕਲਾਸੇਨ ਨੇ ਤਾਂ ਆਉਂਦੇ ਹੀ ਮੈਦਾਨ 'ਤੇ ਚੌਕਿਆਂ-ਛੱਕਿਆਂ ਦਾ ਮੀਂਹ ਵਰ੍ਹਾ ਦਿੱਤਾ। ਉਸ ਨੇ ਅਕਸ਼ਰ ਪਟੇਲ ਦੇ 1 ਓਵਰ 'ਚ 23 ਦੌੜਾਂ ਬਣਾ ਕੇ ਮੈਚ ਦਾ ਪਾਸਾ ਹੀ ਪਲਟ ਦਿੱਤਾ। ਉਹ ਟੀਮ ਨੂੰ ਜਿੱਤ ਦੀ ਦਹਿਲੀਜ਼ 'ਤੇ ਪਹੁੰਚਾ ਕੇ ਹਾਰਦਿਕ ਪੰਡਯਾ ਦੀ ਗੇਂਦ 'ਤੇ ਕੀਪਰ ਹੱਥੋਂ ਕੈਚ ਆਊਟ ਹੋ ਗਿਆ। ਉਸ ਨੇ ਆਊਟ ਹੋਣ ਤੋਂ ਪਹਿਲਾਂ 27 ਗੇਂਦਾਂ 'ਚ 2 ਚੌਕਿਆਂ ਤੇ 5 ਛੱਕਿਆਂ ਦੀ ਬਦੌਲਤ 52 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ ਤੇ ਟੀਮ ਦੀ ਜਿੱਤ ਲਗਭਗ ਤੈਅ ਕਰ ਦਿੱਤੀ।
ਉਸ ਦੇ ਆਊਟ ਹੋਣ ਤੋਂ ਬਾਅਦ ਦੱਖਣੀ ਅਫਰੀਕਾ ਦੀਆਂ ਪੂਰੀਆਂ ਉਮੀਦਾਂ ਡੇਵਿਡ ਮਿਲਰ 'ਤੇ ਟਿਕੀਆਂ ਸਨ। ਅਫਰੀਕਾ ਲਈ ਜਿੱਤ ਆਸਾਨ ਸੀ ਕਿਉਂਕਿ ਟੀਮ ਨੂੰ ਹੁਣ ਆਖ਼ਰੀ ਓਵਰ 'ਚ 16 ਦੌੜਾਂ ਦੀ ਲੋੜ ਸੀ ਤੇ ਸਟ੍ਰਾਈਕ 'ਤੇ ਸ਼ਾਨਦਾਰ ਫਾਰਮ 'ਚ ਚੱਲ ਰਹੇ ਡੇਵਿਡ ਮਿਲਰ ਸੀ, ਜਿਸ ਦੇ ਬੱਲੇ 'ਤੇ ਗੇਂਦ ਚੰਗੀ ਤਰ੍ਹਾਂ ਆ ਰਹੀ ਸੀ।
ਪਰ ਆਖ਼ਰੀ ਓਵਰ ਦੀ ਪਹਿਲੀ ਹੀ ਗੇਂਦ 'ਤੇ ਕੁਝ ਅਜਿਹਾ ਹੋਇਆ, ਜਿਸ ਨੇ ਮੈਚ ਦਾ ਪਾਸਾ ਇਕਦਮ ਪਲਟ ਦਿੱਤਾ ਤੇ ਮੈਚ ਭਾਰਤ ਦੀ ਝੋਲੀ 'ਚ ਪਾ ਦਿੱਤਾ।
ਹਾਰਦਿਕ ਪੰਡਯਾ ਦੀ ਗੇਂਦ 'ਤੇ ਮਿਲਰ ਨੇ ਇਕ ਬਹੁਤ ਉੱਚਾ ਸ਼ਾਟ ਮਾਰਿਆ, ਜੋ ਕਿ ਲਗਭਗ ਬਾਊਂਡਰੀ ਲਾਈਨ ਤੋਂ ਪਾਰ ਹੀ ਜਾ ਰਿਹਾ ਸੀ, ਪਰ ਸੂਰਿਆਕੁਮਾਰ ਯਾਦਵ ਨੇ ਇਕਦਮ ਸਹੀ ਸਮੇਂ 'ਤੇ ਛਲਾਂਗ ਮਾਰ ਕੇ ਗੇਂਦ ਨੂੰ ਰੋਕ ਲਿਆ ਤੇ ਉਹ ਖ਼ੁਦ ਬਾਊਂਡਰੀ ਲਾਈਨ ਦੇ ਅੰਦਰ ਚਲਾ ਗਿਆ।
ਪਰ ਉਸ ਨੇ ਗੇਂਦ ਬਾਹਰ ਹਵਾ 'ਚ ਸੁੱਟ ਦਿੱਤੀ ਤੇ ਬਾਹਰ ਆ ਕੇ ਕੈਚ ਕਰ ਲਈ।
ਇਸ ਤਰ੍ਹਾਂ ਉਸ ਨੇ ਖ਼ਤਰਨਾਕ ਦਿਖ ਰਹੇ ਡੇਵਿਡ ਮਿਲਰ ਦਾ ਇਹ ਕੈਚ ਨਹੀਂ, ਸਗੋਂ ਮੈਚ ਫੜ ਲਿਆ ਸੀ, ਜਿਸ ਕਾਰਨ ਦੱਖਣੀ ਅਫਰੀਕਾ ਆਖ਼ਰੀ ਓਵਰ 'ਚ ਸਿਰਫ਼ 8 ਦੌੜਾਂ ਹੀ ਬਣਾ ਸਕੀ ਤੇ ਅੰਤ 'ਚ ਮੁਕਾਬਲਾ 7 ਦੌੜਾਂ ਨਾਲ ਹਾਰ ਗਈ।
ਇਸ ਤਰ੍ਹਾਂ ਭਾਰਤ ਨੇ ਲਗਭਗ ਹਾਰਿਆ ਹੋਇਆ ਮੈਚ ਦੱਖਣੀ ਅਫਰੀਕਾ ਦੀ ਝੋਲੀ 'ਚੋਂ ਮੋੜ ਲਿਆਂਦਾ ਤੇ ਭਾਰਤ 2007 ਤੋਂ ਬਾਅਦ ਦੂਜੀ ਵਾਰ ਟੀ-20 ਵਿਸ਼ਵ ਚੈਂਪੀਅਨ ਬਣ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e