ਗੁਰਦੁਆਰਾ ਸੀਸ ਗੰਜ ਸਾਹਿਬ ਅੱਗੇ ਨੌਵੇਂ ਪਾਤਸ਼ਾਹ ਜੀ ਦਾ ‘ਬੁੱਤ’ ਲਾਉਣ ਦੀ ਤਜਵੀਜ਼, ਭੜਕੇ ਸਿਰਸਾ
Monday, Apr 05, 2021 - 06:21 PM (IST)
ਨਵੀਂ ਦਿੱਲੀ— ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ’ਤੇ ਇਤਿਹਾਸਕ ਗੁਰਦੁਆਰਾ ਸੀਸ ਗੰਜ ਸਾਹਿਬ ਅੱਗੇ ਗੁਰੂ ਸਾਹਿਬ ਦਾ ਬੁੱਤ ਲਾਏ ਜਾਣ ਦੀਆਂ ਖ਼ਬਰਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕੇਂਦਰ ਸਰਕਾਰ ਵਲੋਂ ਗੁਰੂ ਸਾਹਿਬ ਦਾ ਬੁੱਤ ਲਾਉਣ ਦੀ ਤਜਵੀਜ਼ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੀ ਮੌਜੂਦਾ ਟੀਮ ਅਜਿਹਾ ਬੁੱਤ ਕਦੇ ਨਹੀਂ ਲੱਗਣ ਦੇਵੇਗੀ। ਸਿਰਸਾ ਨੇ ਆਪਣਾ ਗੁੱਸਾ ਜ਼ਾਹਰ ਕਰਦਿਆਂ ਸੋਸ਼ਲ ਮੀਡੀਆ ਫੇਸਬੁੱਕ ਅਤੇ ਟਵਿੱਟਰ ਹੈਂਡਲ ’ਤੇ ਲਿਖਿਆ ਕਿ ਅਸੀਂ ਗੁਰੂ ਸਾਹਿਬ ਦੇ ਤਖ਼ਤ ’ਤੇ ਸੀਸ ਝੁਕਾਉਣ ਵਾਲੇ ਸਿੱਖ ਹਾਂ। ਸਰਕਾਰਾਂ ਦੇ ਝੂਠੇ ਤਖ਼ਤਾਂ ਅੱਗੇ ਮੱਥਾ ਟੇਕਣ ਵਾਲੇ ਨਹੀਂ।
ਸਿਰਸਾ ਨੇ ਇਸ ਬਾਬਤ ਪ੍ਰਧਾਨ ਮੰਤਰੀ ਨੂੰ ਇਕ ਚਿੱਠੀ ਵੀ ਲਿਖੀ ਹੈ। ਇਸ ਚਿੱਠੀ ਵਿਚ ਉਨ੍ਹਾਂ ਨੇ ਕਿਹਾ ਕਿ ਅਜਿਹੀ ਤਜਵੀਜ਼ ਨਾਲ ਅੱਗੇ ਵਧਣ ਦੀ ਥਾਂ ਕੇਂਦਰ ਸਰਕਾਰ ਨੂੰ ਪਹਿਲਾਂ ਦਿੱਲੀ ਵਿਚ ਇਤਿਹਾਸਕ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸੰਭਾਲ ਰਹੀ ਦਿੱਲੀ ਕਮੇਟੀ ਤੋਂ ਪ੍ਰਵਾਨਗੀ ਲੈਣੀ ਚਾਹੀਦੀ ਸੀ। ਸਿਰਸਾ ਨੇ ਕਿਹਾ ਕਿ ਗੁਰੂ ਸਾਹਿਬਾਨ ਦੇ ਬੁੱਤ ਲਾਉਣ ਦੀ ਸਿੱਖ ਧਰਮ ਵਿਚ ਬਿਲਕੁਲ ਮਨਾਹੀ ਅਤੇ ਇਹ ਸਿੱਖੀ ਦੇ ਮੂਲ ਸਿਧਾਂਤਾ ਖ਼ਿਲਾਫ਼ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੇਂਦਰ ਸਰਕਾਰ ਦੀ ਇਹ ਬੁੱਤ ਸਥਾਪਤ ਕਰਨ ਦੀ ਯੋਜਨਾ ਹੈ ਤਾਂ ਅਸੀਂ ਇਸ ਦਾ ਡਟ ਕੇ ਵਿਰੋਧ ਕਰਦੇ ਹਾਂ। ਸਿੱਖ ਧਰਮ ’ਚ ਮੂਰਤੀ ਪੂਜਾ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਗੁਰੂ ਸਾਹਿਬ ਦੀ ਕੋਈ ਯਾਦਗਾਰ ਬਣਾਉਣਾ ਚਾਹੁੰਦੀ ਹੈ ਤਾਂ ਉਹ ਵਿਰਾਸਤ-ਏ-ਖ਼ਾਲਸਾ ਦੀ ਤਰਜ਼ ’ਤੇ ਬਣਾਈ ਜਾਵੇ, ਜਿਸ ਤੋਂ ਲੋਕ ਸਿੱਖਿਆ ਲੈ ਸਕਣ। ਸਿਰਸਾ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਇਹ ਤਜਵੀਜ਼ ਵਾਪਸ ਲੈਣ ਲਈ ਤੁਰੰਤ ਢੁਕਵੀਂਆਂ ਹਦਾਇਤਾਂ ਜਾਰੀ ਕੀਤੀਆਂ ਜਾਣ।